Thursday, November 21, 2024

ਸਰਬਤ ਦਾ ਭਲਾ ਟਰੱਸਟ ਮਾਝਾ, ਮਾਲਵਾ ਤੇ ਦੋਆਬਾ ’ਚ ਆਪਣੇ ਪੱਧਰ ‘ਤੇ ਲਾਵੇਗਾ ਪੰਜ ਆਕਸੀਜਨ ਪਲਾਂਟ

ਜੂਨ ਮਹੀਨੇ ’ਚ ਸਾਰੇ ਪਲਾਂਟ ਹੋ ਜਾਣਗੇ ਚਾਲੂ – ਡਾ. ਓਬਰਾਏ

ਅੰਮ੍ਰਿਤਸਰ, 22 ਮਈ (ਜਗਦੀਪ ਸਿੰਘ) – ਬਿਨਾਂ ਕਿਸੇ ਤੋਂ ਇਕ ਪੈਸਾ ਵੀ ਇਕੱਠਾ ਕੀਤੀਆਂ ਆਪਣੀ ਜੇਬ ’ਚੋਂ ਹੀ ਕਰੋੜਾਂ ਰੁਪਏ ਖਰਚ ਕਰ ਕੇ ਹਰ ਔਖੀ ਘੜੀ ਵੇਲੇ ਸਮਾਜ ਸੇਵਾ ਦੇ ਵੱਖ-ਵੱਖ ਖੇਤਰਾਂ ’ਚ ਸਭ ਤੋਂ ਅੱਗੇ ਹੋ ਕੇ ਮਿਸਾਲੀ ਸੇਵਾ ਨਿਭਾਉਣ ਵਾਲੇ ਦੁਬਈ ਦੇ ਉਘੇ ਸਿੱਖ ਕਾਰੋਬਾਰੀ ਅਤੇ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੁਖੀ ਡਾ. ਐਸ.ਪੀ ਸਿੰਘ ਓਬਰਾਏ ਵਲੋਂ ਹੁਣ ਜਿਥੇ ਆਪਣੇ ਪੱਧਰ ‘ਤੇ ਹੀ ਸੂਬੇ ’ਚ ਪੰਜ ਆਕਸੀਜਨ ਪਲਾਂਟ ਲਾਉਣ ਦੀ ਕਾਰਵਾਈ ਆਰੰਭ ਦਿੱਤੀ ਹੈ।ਉਥੇ ਹੀ ਹਰੇਕ ਜਿਲ੍ਹੇ ‘ਚ ਪ੍ਰਸ਼ਾਸ਼ਨ ਨੂੰ ਲੋੜੀਂਦੇ ਆਕਸੀਜਨ ਕੰਸਟ੍ਰੇਟਰ, ਵੈਂਟੀਲੇਟਰ, ਐਂਬੂਲੈਂਸਾਂ, ਅੰਤਿਮ ਯਾਤਰਾ ਵੈਨਾਂ, ਮ੍ਰਿਤਕ ਸਰੀਰ ਸਾਂਭਣ ਲਈ ਫਰੀਜ਼ਰ ਤੇ ਵੱਡੀ ਮਾਤਰਾ ’ਚ ਦਵਾਈਆਂ ਸਮੇਤ ਹੋਰ ਲੋੜੀਂਦੇ ਸਮਾਨ ਦੀ ਸਪਲਾਈ ਦੇਣੀ ਵੀ ਸ਼ੁਰੂ ਕਰ ਦਿੱਤੀ ਗਈ ਹੈ।
                 ਇਸ ਸਬੰਧੀ ਜਾਣਕਾਰੀ ਸਾਂਝੀ ਕਰਦਿਆਂ ਡਾ. ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਦੂਜੇ ਪੜਾਅ ਦੌਰਾਨ ਪੈਦਾ ਹੋਏ ਹਾਲਾਤਾਂ ਨੂੰ ਮੱਦੇਨਜ਼ਰ ਰੱਖਦਿਆਂ ਹੋਇਆਂ।ਹੁਣ ਸਰਬਤ ਦਾ ਭਲਾ ਟਰੱਸਟ ਵੱਲੋਂ ਆਪਣੇ ਪੱਧਰ ਤੇ ਹੀ ਸੂਬੇ ਅੰਦਰ ਸਿਹਤ ਪ੍ਰਸ਼ਾਸ਼ਨ ਵਲੋਂ ਨਿਰਧਾਰਤ ਕੀਤੀਆਂ ਗਈਆਂ ਥਾਵਾਂ ਤੇ 5 ਨਵੇਂ ਆਕਸੀਜਨ ਪਲਾਂਟ ਸਥਾਪਤ ਕੀਤੇ ਜਾਣਗੇ।ਉਨ੍ਹਾਂ ਦੱਸਿਆ ਕਿ ਇਨ੍ਹਾਂ ’ਚੋਂ ਇੱਕ ਪਲਾਂਟ ਮਾਝਾ ਖੇਤਰ ਦੇ ਗੁਰੂ ਨਾਨਕ ਮੈਡੀਕਲ ਕਾਲਜ ਅੰਮ੍ਰਿਤਸਰ ’ਚ ਜਦ ਕਿ ਮਾਲਵਾ ਖੇਤਰ ਅੰਦਰ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫ਼ਰੀਦਕੋਟ, ਮੈਡੀਕਲ ਕਾਲਜ ਬਠਿੰਡਾ ਅਤੇ ਮੈਡੀਕਲ ਕਾਲਜ ਪਟਿਆਲਾ ’ਚ ਇੱਕ-ਇੱਕ ਪਲਾਂਟ ਸਥਾਪਿਤ ਕਰਨ ਤੋਂ ਇਲਾਵਾ ਇੱਕ ਪਲਾਂਟ ਦੋਆਬਾ ਖੇਤਰ ’ਚ ਲਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਟਰੱਸਟ ਵਲੋਂ ਇਸ ਪ੍ਰਾਜੈਕਟ ਨੂੰ ਜਲਦ ਨੇਪਰੇ ਚੜ੍ਹਾਉਣ ਲਈ ਵੱਡੇ ਪੱਧਰ ‘ਤੇ ਯਤਨ ਆਰੰਭੇ ਜਾ ਚੁੱਕੇ ਹਨ ਅਤੇ ਉਨ੍ਹਾਂ ਨੂੰ ਪੂਰਨ ਆਸ ਹੈ ਕਿ ਇਹ ਸਾਰੇ ਪਲਾਂਟ ਜੂਨ ਮਹੀਨੇ ਅੰਦਰ ਕੰਮ ਕਰਨਾ ਸ਼ੁਰੂ ਕਰ ਦੇਣਗੇ।
                      ਓਬਰਾਏ ਨੇ ਇਹ ਵੀ ਦੱਸਿਆ ਕਿ ਵੱਖ-ਵੱਖ ਜਿਲ੍ਹਿਆਂ ਦੇ ਸਿਵਲ, ਸਿਹਤ ਤੇ ਪੁਲਿਸ ਪ੍ਰਸ਼ਾਸਨ ਤੋਂ ਇਲਾਵਾ ਟਰੱਸਟ ਦੀਆਂ ਜ਼ਿਲ੍ਹਾ ਇਕਾਈਆਂ ਵਲੋਂ ਲੋੜੀਂਦੇ ਸਮਾਨ ਦੀਆਂ ਆ ਰਹੀ ਮੰਗ ਨੂੰ ਵੇਖਦਿਆਂ ਹੋਇਆਂ ਉਨ੍ਹਾਂ ਨੇ ਹਰੇਕ ਜਿਲ੍ਹੇ ਨੂੰ ਲੋੜੀਂਦੇ ਆਕਸੀਜਨ ਕੰਸਟ੍ਰੇਟਰ, ਵੈਂਟੀਲੇਟਰ, ਐਂਬੂਲੈਂਸ ਗੱਡੀਆਂ, ਮ੍ਰਿਤਕ ਸਰੀਰ ਲੈ ਕੇ ਜਾਣ ਲਈ ਅੰਤਿਮ ਯਾਤਰਾ ਵੈਨਾਂ, ਮ੍ਰਿਤਕ ਸਰੀਰ ਸਾਂਭਣ ਲਈ ਫਰੀਜ਼ਰ, ਪਲਸ ਆਕਸੀਮੀਟਰ, ਇਨਫਰਾਰੈਡ ਥਰਮਾਮੀਟਰ, ਡਿਜ਼ੀਟਲ ਥਰਮਾਮੀਟਰ, ਪੀ.ਪੀ.ਈ ਕਿੱਟਾਂ, ਸੈਨੀਟਾਈਜ਼ਰ, ਫੇਸ ਮਾਸਕ ਅਤੇ ਸਰਜੀਕਲ ਟਿ੍ਰਪਲ ਲੇਅਰ ਮਾਸਕ ਦੇਣ ਤੋਂ ਇਲਾਵਾ ਵੱਡੀ ਮਾਤਰਾ ’ਚ ਦਵਾਈਆਂ ਆਦਿ ਦੀ ਸਪਲਾਈ ਸ਼ੁਰੂ ਕਰ ਦਿੱਤੀ ਹੈ।ਉਨ੍ਹਾਂ ਇਹ ਵੀ ਦੱਸਿਆ ਕਿ ਟਰੱਸਟ ਵਲੋਂ ਇਸ ਵਾਰ ਲੋੜਵੰਦ ਲੋਕਾਂ ਨੂੰ ਵੰਡਣ ਲਈ ਦਵਾਈਆਂ ਦੀ 1 ਲੱਖ ਕਿੱਟ ਵੀ ਤਿਆਰ ਕਰਵਾ ਕੇ ਜ਼ਿਲ੍ਹਿਆਂ ਨੂੰ ਭੇਜੀ ਜਾ ਰਹੀ ਹੈ।ਜਿਸ ਵਿਚ ਪੈਰਾਸੀਟਾਮੋਲ, ਵਿਟਾਮਿਨ ਸੀ, ਵਿਟਾਮਿਨ ਡੀ, ਮਲਟੀ ਵਿਟਾਮਿਨ ਅਤੇ ਜਿੰਕ ਆਦਿ ਪੰਜ ਦਵਾਈਆਂ ਸ਼ਾਮਿਲ ਕੀਤੀਆਂ ਗਈਆਂ ਹਨ।ਉਨ੍ਹਾਂ ਦੱਸਿਆ ਕਿ ਕਰੋਨਾ ਦੇ ਇਲਾਜ਼ ਲਈ ਦਿੱਲੀ ਤੋਂ ਪੰਜਾਬ ਆਉਣ ਜਾਂ ਇਥੋਂ ਦਿੱਲੀ ਜਾਣ ਵਾਲੇ ਮਰੀਜ਼ਾਂ ਨੂੰ ਲੁੱਟ-ਖਸੁੱਟ ਤੋਂ ਬਚਾਉਣ ਲਈ ਟਰੱਸਟ ਵੱਲੋਂ ਕੇਵਲ ਤੇਲ ਖ਼ਰਚ ‘ਤੇ ਐਂਬੂਲੈਂਸ ਦੀ ਸੇਵਾ ਵੀ ਜਾਰੀ ਹੈ।
                    ਡਾ. ਓਬਰਾਏ ਨੇ ਦੱਸਿਆ ਕਿ ਉਨ੍ਹਾਂ ਦੀ ਪੂਰੀ ਕੋਸ਼ਿਸ਼ ਹੁੰਦੀ ਹੈ ਕਿ ਜਦ ਵੀ ਕਿਸੇ ਥਾਂ ਤੋਂ ਮੈਡੀਕਲ ਨਾਲ ਸਬੰਧਤ ਕਿਸੇ ਸਾਮਾਨ ਦੀ ਡਿਮਾਂਡ ਟਰੱਸਟ ਕੋਲ ਪਹੁੰਚਦੀ ਹੈ ਤਾਂ ਉਸ ਨੂੰ ਤੁਰੰਤ ਪੂਰਿਆਂ ਕੀਤਾ ਜਾਵੇ।ਉਨ੍ਹਾਂ ਦੱਸਿਆ ਕਿ ਕੋਰੋਨਾ ਮਹਾਂਮਾਰੀ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ ਸਰਬਤ ਦਾ ਭਲਾ ਟਰੱਸਟ ਵਲੋਂ ਜਿਥੇ ਵੱਖ-ਵੱਖ ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਆਦਿ ਨੂੰ ਲੋੜੀਂਦਾ ਸਾਮਾਨ ਅਤੇ ਲੋੜਵੰਦਾਂ ਨੂੰ ਰਾਸ਼ਨ ਆਦਿ ਲਗਾਤਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਉਥੇ ਹੀ ਦਿੱਲੀ ਵਿਖੇ ਆਪਣੇ ਹੱਕਾਂ ਲਈ ਲੜ ਰਹੇ ਕਿਸਾਨਾਂ ਲਈ ਹੋਰਨਾਂ ਵੱਡੀਆਂ ਸਹੂਲਤਾਂ ਤੋਂ ਇਲਾਵਾ ਵੱਡੀ ਮਾਤਰਾ ’ਚ ਦਵਾਈ ਦੀਆਂ ਕਿੱਟਾਂ ਅਤੇ ਅਫ਼ਗ਼ਾਨਿਸਤਾਨ ਤੋਂ ਉਜੜ ਕੇ 20 ਹਜ਼ਾਰ ਸ਼ਰਨਾਰਥੀਆਂ ਲਈ ਵੀ ਮੈਡੀਕਲ ਦਾ ਸਾਮਾਨ ਅਤੇ ਰਾਸ਼ਨ ਦਿੱਤਾ ਜਾ ਰਿਹਾ ਹੈ।

Check Also

ਹਾਫ ਮੈਰਾਥਨ ਸਮੇਂ 24 ਨਵੰਬਰ ਨੂੰ ਸਵੇਰ ਤੋਂ ਦੁਪਹਿਰ ਤੱਕ ਬੰਦ ਰਹੇਗੀ ਅਟਾਰੀ-ਅੰਮ੍ਰਿਤਸਰ ਸੜਕ – ਸਹਾਇਕ ਕਮਿਸ਼ਨਰ

ਅੰਮ੍ਰਿਤਸਰ, 21 ਨਵੰਬਰ (ਸੁਖਬੀਰ ਸਿੰਘ) – ਭਾਰਤੀ ਫੌਜ ਜਿਲ੍ਹਾ ਪ੍ਰਸਾਸ਼ਨ ਅੰਮ੍ਰਿਤਸਰ ਦੇ ਸਹਿਯੋਗ ਨਾਲ 24 …