Tuesday, September 22, 2026

ਪਿੰਡਾਂ ਨੂੰ ਕੋਵਿਡ ਮੁਕਤ ਬਣਾ ਕੇ ਮਿਸ਼ਨ ਫਤਿਹ ਦੇ ਟੀਚੇ ਨੂੰ ਪ੍ਰਾਪਤ ਕੀਤਾ ਜਾਵੇਗਾ – ਡਾ. ਕਪੂਰ

ਕਿਹਾ ਹੁਣ ਤੱਕ 34 ਵਿਅਕਤੀਆਂ ਪਾਏ ਗਏ ਕੋਰੋਨਾ ਪਾਜ਼ਟਿਵ
ਨਵਾਂਸ਼ਹਿਰ, 27 ਮਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਜੀ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਜੀ ਦੀ ਯੋਗ ਅਗਵਾਈ ਹੇਠ ਸਿਹਤ ਵਿਭਾਗ ਨੇ ਦਿਹਾਤੀ ਇਲਾਕਿਆਂ ਵਿੱਚ ਵੱਡੇ ਪੱਧਰ ‘ਤੇ ਸੈਪਲਿੰਗ ਕਰਨ ਦੇ ਮੰਤਵ ਨਾਲ ਮਿਸ਼ਨ ਫ਼ਤਿਹ-2 ਤਹਿਤ ਕੋਰੋਨਾ ਮੁਕਤ ਪਿੰਡ ਮੁਹਿੰਮ ਵਿੱਢੀ ਹੋਈ ਹੈ, ਜਿਸ ਤਹਿਤ ਆਸ਼ਾ ਵਰਕਰਾਂ ਵੱਲੋਂ ਸਹਿ ਰੋਗ ਪੀੜਤਾਂ ਅਤੇ ਰੋਗ ਸੂਚਕ ਵਿਅਕਤੀਆਂ ਦੀ ਸੈਂਪਲਿੰਗ ਯਕੀਨੀ ਬਣਾਉਣ ਲਈ ਘਰ-ਘਰ ਸਰਵੇਖਣ ਕੀਤਾ ਜਾ ਰਿਹਾ ਹੈ।
                 ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਅੱਜ ਇੱਥੇ ਸਾਰੇ ਪ੍ਰੋਗਰਾਮ ਅਫਸਰਾਂ ਅਤੇ ਸੀਨੀਅਰ ਮੈਡੀਕਲ ਅਫਸਰਾਂ ਨਾਲ ਵਰਚੁਅਲ ਯੂਮ ਮੀਟਿੰਗ ਰਾਹੀਂ ਮਿਸ਼ਨ ਫਤਹਿ-2 ਤਹਿਤ ਕੀਤੇ ਜਾ ਰਹੇ ਘਰ-ਘਰ ਸਰਵੇਖਣ ਦੀ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ।ਉਨ੍ਹਾਂ ਹਦਾਇਤ ਕੀਤੀ ਕਿ ਸਰਵੇਖਣ ਦੌਰਾਨ ਕੁੱਲ ਆਬਾਦੀ ਦੇ ਇਕ ਫੀਸਦੀ ਦੇ ਬਰਾਬਰ ਰੋਗ ਸੂਚਕ ਵਿਅਕਤੀ ਨਿਕਲਣੇ ਚਾਹੀਦੇ ਹਨ, ਜਿਨ੍ਹਾਂ ਦਾ ਹਰ ਹਾਲ ਵਿਚ ਆਰ.ਏ.ਟੀ ਟੈਸਟ ਕੀਤਾ ਜਾਣਾ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ।ਜੇਕਰ ਕਿਸੇ ਰੋਗ ਸੂਚਕ ਵਿਅਕਤੀ ਦਾ ਆਰ.ਏ.ਟੀ. ਟੈਸਟ ਨੈਗਟਿਵ ਆਉਂਦਾ ਹੈ ਤਾਂ ਨਤੀਜੇ ਦੀ ਪੁਸ਼ਟੀ ਲਈ ਉਸ ਦਾ ਆਰ.ਟੀ.ਪੀ.ਸੀ.ਆਰ ਟੈਸਟ ਕਰ ਲਿਆ ਜਾਵੇ ਤਾਂ ਜੋ ਕੋਰੋਨਾ ਵਾਇਰਸ ਦੇ ਪ੍ਰਸਾਰ ਨੂੰ ਰੋਕਿਆ ਜਾ ਸਕੇ।
                    ਸਿਵਲ ਸਰਜਨ ਡਾ ਗੁਰਦੀਪ ਸਿੰਘ ਕਪੂਰ ਨੇ ਦੱਸਿਆ ਕਿ ਪਿੰਡਾਂ ਵਿੱਚ ਰਹਿਣ ਵਾਲੇ ਸਹਿ ਰੋਗ ਪੀੜਤ ਵਿਅਕਤੀਆਂ ਅਤੇ ਰੋਗ ਸੂਚਕ ਵਿਅਕਤੀਆਂ ਦੀ ਜਾਂਚ ਕਰਨ ਦੇ ਉਦੇਸ਼ ਨਾਲ ਮਿਸ਼ਨ ਫ਼ਤਿਹ 2.0 ਦੇ ਪਹਿਲੇ ਇਕ ਹਫਤੇ ਦੌਰਾਨ, ਆਸ਼ਾ ਵਰਕਰਾਂ ਵਲੋਂ ਜ਼ਿਲ੍ਹੇ ਵਿਚ 3.21 ਲੱਖ ਆਬਾਦੀ ਨੂੰ ਕਵਰ ਕਰਦੇ ਹੋਏ ਕੁੱਲ 86,626 ਘਰਾਂ ਦਾ ਸਰਵੇਖਣ ਕੀਤਾ ਗਿਆ ਹੈ।ਉਨ੍ਹਾਂ ਦੱਸਿਆ ਕਿ ਹੁਣ ਤੱਕ 1930 ਰੋਗ ਸੂਚਕ ਵਿਅਕਤੀਆਂ ਦੀ ਪਛਾਣ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿਚੋਂ 1078 ਵਿਅਕਤੀਆਂ ਦੀ ਟੈਸਟਿੰਗ ਕੀਤੀ ਗਈ ਅਤੇ 34 ਵਿਅਕਤੀ ਕੋਰੋਨਾ ਪਾਜੇਟਿਵ ਪਾਏ ਗਏ। ਉਨ੍ਹਾਂ ਦੱਸਿਆ ਕਿ ਕੋਰੋਨਾ ਪਾਜੇਟਿਵ ਵਿਅਕਤੀਆਂ ਨੂੰ ਹੋਮ ਆਈਸੋਲੇਟ ਕਰਕੇ ਮਿਸ਼ਨ ਫਤਹਿ ਕਿੱਟਾਂ ਮੁਹੱਈਆ ਕਰਵਾ ਦਿੱਤੀਆਂ ਗਈਆਂ ਹਨ।
                   ਡਾ. ਕਪੂਰ ਨੇ ਦੱਸਿਆ ਕਿ ਇਹ ਦੇਖਿਆ ਗਿਆ ਹੈ ਕਿ ਸਾਰੇ ਪੇਂਡੂ ਖੇਤਰਾਂ ਵਿੱਚ ਪਾਜ਼ੇਟਿਵੀ ਰੇਟ ਪਿਛਲੇ ਕੁਝ ਹਫ਼ਤਿਆਂ ਤੋਂ ਤੇਜ਼ ਰਫ਼ਤਾਰ ਨਾਲ ਵਧ ਰਿਹਾ ਹੈ, ਜੋ ਕਿ ਬਹੁਤ ਚਿੰਤਾਜਨਕ ਹੈ।ਜ਼ਿਲ੍ਹਾ ਸਿਹਤ ਅਫਸਰ ਅਤੇ ਪ੍ਰੋਗਰਾਮ ਦੇ ਨੋਡਲ ਅਫਸਰ ਡਾ. ਕੁਲਦੀਪ ਰਾਏ ਨੇ ਦੱਸਿਆ ਕਿ ਕੋਰੋਨਾ ਵਾਇਰਸ ਦੀ ਲੜੀ ਨੂੰ ਤੋੜਨ ਲਈ ਆਸ਼ਾ ਵਰਕਰਾਂ ਵੱਲੋਂ ਘਰ-ਘਰ ਸਰਵੇਖਣ ਕੀਤਾ ਜਾ ਰਿਹਾ ਹੈ ਅਤੇ ਇਹ ਸਰਵੇਖਣ ਅਗਲੇ ਕੁੱਝ ਦਿਨ ਤੱਕ ਜਾਰੀ ਰਹੇਗਾ।ਇਸ ਸਰਵੇਖਣ ਲਈ ਸਾਰੀਆਂ ਆਸ਼ਾ ਵਰਕਰਾਂ ਨੂੰ ਪਲਸ ਆਕਸੀਮੀਟਰ ਮੁਹੱਈਆ ਕਰਵਾਏ ਗਏ ਹਨ ਤਾਂ ਜੋ ਸ਼ੱਕੀ ਵਿਅਕਤੀਆਂ ਦੇ ਆਕਸੀਜਨ ਦੇ ਪੱਧਰ ਨੂੰ ਵੀ ਨਾਪਿਆ ਜਾ ਸਕੇ।
                  ਡਾ. ਰਾਏ ਨੇ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਜਿੱਥੇ ਪਿੰਡਾਂ ਦੇ ਸਰਪੰਚਾਂ ਅਤੇ ਵਸਨੀਕਾਂ ਨੂੰ ਮਿਲ ਕੇ ਉਨ੍ਹਾਂ ਨੂੰ ਸੈਂਪਲਿੰਗ ਲਈ ਪ੍ਰੇਰਿਤ ਕਰ ਰਹੀਆਂ ਹਨ।ਜੇ ਕੋਰੋਨਾ ਲੱਛਣ ਮਿਲਦੇ ਹਨ ਤਾਂ ਉਨ੍ਹਾਂ ਦਾ ਟੈਸਟ ਕੀਤਾ ਜਾ ਰਿਹਾ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …