Saturday, August 29, 2026

ਵੱਧ ਫੀਸ ਵਸੂਲਣ ਦੇ ਵਿਰੋਧ ’ਚ ਪ੍ਰਾਈਵੇਟ ਸਕੂਲ ਵਿਰੁੱਧ ਮਾਪੇ ਆਏ ਸੜਕਾਂ ‘ਤੇ

ਪ੍ਰਾਈਵੇਟ ਸਕੂਲ ਸਰਕਾਰੀ ਹੁਕਮਾਂ ਦੀ ਪਾਲਣਾ ਕਰਨ – ਐਡਵੋਕੇਟ ਗਗਨਦੀਪ ਸ਼ਰਮਾ

ਸਮਰਾਲਾ, 28 ਮਈ (ਇੰਦਰਜੀਤ ਸਿੰਘ ਕੰਗ) – ਸੰਸਾਰ ਭਰ ਵਿੱਚ ਚੱਲ ਰਹੀ ਕੋਰੋਨਾ ਮਹਾਂਮਾਰੀ ਕਾਰਨ ਸਾਰੇ ਆਰਥਿਕ ਮੰਦੀ ਦਾ ਸਾਹਮਣਾ ਕਰ ਰਹੇ ਹਨ।ਬੱਚਿਆਂ ਦੀ ਸਿਹਤ ਦਾ ਖਿਆਲ ਰੱਖਦੇ ਹੋਏ ਸਰਕਾਰ ਨੇ ਸਕੂਲ ਬੰਦ ਕੀਤੇ ਹੋਏ ਹਨ।ਪ੍ਰਾਈਵੇਟ ਸਕੂਲਾਂ ਵਲੋਂ ਵਸੂਲੀਆਂ ਜਾਂਦੀਆਂ ਫੀਸਾਂ ਸਬੰਧੀ ਪੰਜਾਬ ਦੇ ਸਿੱਖਿਆ ਮੰਤਰੀ ਅਤੇ ਸਰਕਾਰ ਰਜ਼ ਬਿਆਨ ਦੇ ਰਹੀਆਂ ਹਨ, ਪ੍ਰੰਤੂ ਕਈ ਪ੍ਰਾਈਵੇਟ ਸਕੂਲ ਆਪਣੀ ਮਨਮਰਜ਼ੀ ਤੋਂ ਬਾਜ਼ ਨਹੀਂ ਆ ਰਹੇ ਅਤੇ ਨਾ ਹੀ ਸਰਕਾਰੀ ਹੁਕਮਾਂ ਦੀ ਕੋਈ ਪ੍ਰਵਾਹ ਕਰ ਰਹੇ ਹਨ। ਸਮਰਾਲਾ ਹਲਕੇ ਵਿੱਚ ਐਮ.ਏ.ਐਮ ਅਜਿਹਾ ਪ੍ਰਾਈਵੇਟ ਸਕੂਲ ਹੈ, ਜੋ ਨਾ ਸਰਕਾਰ ਦੇ ਹੁਕਮਾਂ ਦੀ ਪ੍ਰਵਾਹ ਕਰ ਰਿਹਾ ਹੈ ਅਤੇ ਨਾ ਹੀ ਮਾਪਿਆਂ ਦੀ ਗੁਹਾਰ ਸੁਣ ਰਿਹਾ ਹੈ।ਉਹ ਪੂਰੀ ਤਰ੍ਹਾਂ ਸਰਕਾਰੀ ਹੁਕਮਾਂ ਦੀਆਂ ਧੱਜੀਆਂ ਉਡਾ ਕੇ ਬੱਚਿਆਂ ਨੂੰ ਪੂਰੀ ਫੀਸ ਜਮ੍ਹਾਂ ਕਰਵਾਉਣ ਲਈ ਦਬਾਅ ਪਾ ਰਿਹਾ ਹੈ।
ਇਸ ਸਬੰਧੀ ਜਦੋਂ ਮਾਪਿਆਂ ਨੇ ਸਕੂਲ ਦੀ ਮੈਨੇਜਮੈਂਟ ਕਮੇਟੀ ਨਾਲ ਮੀਟਿੰਗ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਕੂਲ ਦੇ ਮੁਖੀ ਬਾਹਰਲੇ ਦੇਸ਼ ਵਿੱਚ ਰਹਿੰਦੇ ਹਨ, ਇਸ ਸਬੰਧੀ ਉਨ੍ਹਾਂ ਦੇ ਨਿਰਦੇਸ਼ ਹਨ ਕਿ ਪੂਰੀ ਫੀਸ ਲਈ ਜਾਵੇ।ਅੱਜ ਸਕੂਲ ਦੀ ਮੈਨੇਜਮੈਂਟ ਦੇ ਰਵੱਈਏ ਖਿਲਾਫ ਮਾਪੇ ਅਤੇ ਸਮਾਜਸੇਵੀ ਸੰਸਥਾਵਾਂ ਦੇ ਨੁਮਾਇੰਦੇ ਸਕੂਲ ਪੁੱਜੇ ਤਾਂ ਸਕੂਲ ਦੇ ਮੇਨ ਗੇਟ ‘ਤੇ ਤਾਲਾ ਲੱਗਿਆ ਹੋਇਆ ਸੀ ਅਤੇ ਬੀਤੀ ਰਾਤ ਬੱਚਿਆਂ ਨੂੰ ਵੀ ਸਕੂਲ ਵਿੱਚ ਛੁੱਟੀਆਂ ਹੋਣ ਦਾ ਮੈਸੇਜ਼ ਪਾ ਦਿੱਤਾ ਗਿਆ ਸੀ।ਸਕੂਲ ਦੀ ਮਨਮਰਜ਼ੀ ਖਿਲਾਫ ਰੋਹ ਵਿੱਚ ਆਏ ਮਾਪਿਆਂ ਨੇ ਸਕੂਲ ਵਿਰੁੱਧ ਜ਼ੋਰਦਾਰ ਨਾਅਰੇਬਾਜੀ ਕੀਤੀ ਅਤੇ ਸਕੂਲ ਵਲੋਂ ਕੀਤੀਆਂ ਜਾ ਰਹੀਆਂ ਮਨਮਰਜ਼ੀਆਂ ਖਿਲਾਫ ਦਫਤਰ ਪਹੁੰਚ ਕੇ ਤਹਿਸੀਲਦਾਰ ਨਵਦੀਪ ਸਿੰਘ ਭੋਗਲ ਨੂੰ ਮੰਗ ਪੱਤਰ ਦਿੱਤਾ ਗਿਆ।
                            ਇਸ ਮੌਕੇ ਸਮਾਜਸੇਵੀ ਐਡਵੋਕੇਟ ਗਗਨਦੀਪ ਸ਼ਰਮਾ ਨੇ ਕਿਹਾ ਕਿ ਪ੍ਰਾਈਵੇਟ ਸਕੂਲਾਂ ਵਾਲਿਆਂ ਨੂੰ ਆਪਣੀ ਮਨਮਰਜੀ ਬੰਦ ਕਰਨੀ ਚਾਹੀਦੀ ਹੈ ਅਤੇ ਸਰਕਾਰ ਦੀਆਂ ਹਦਾਇਤਾਂ ਦੀ ਪਾਲਣਾ ਕਰਦੇ ਹੋਏ ਕੇਵਲ ਟਿਊਸ਼ਨ ਫੀਸ ਲੈਣੀ ਚਾਹੀਦੀ ਹੈ।ਮੰਗ ਪੱਤਰ ਪ੍ਰਾਪਤ ਕਰਦੇ ਹੋਏ ਤਹਿਸੀਲਦਾਰ ਨਵਦੀਪ ਸਿੰਘ ਭੋਗਲ ਨੇ ਕਿਹਾ ਕਿ ਉਹ ਮਾਪਿਆਂ ਦੀ ਪਰੇਸ਼ਾਨੀ ਸਮਝਦੇ ਹਨ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਉਚ ਅਧਿਕਾਰੀਆਂ ਤੱਕ ਪਹੁੰਚਾਉਣਗੇ।
                           ਮੰਗ ਪੱਤਰ ਦੇਣ ਮੌਕੇ ਹੋਰਨਾਂ ਤੋਂ ਇਲਾਵਾ ਜਸਵਿੰਦਰ ਸਿੰਘ, ਰਾਮ ਚੰਦਰ (ਸੋਨੂੰ), ਗੁਰਪ੍ਰੀਤ ਸਿੰਘ, ਗੁਰਦੀਪ ਕੌਰ, ਕੁਲਵਿੰਦਰ ਕੌਰ, ਅਮਨਦੀਪ ਕੌਰ, ਰਮਨਦੀਪ ਕੌਰ, ਜਵਾਲਾ ਸਿੰਘ ਦਿਆਲਪੁਰਾ, ਹਰਭਜਨ ਸਿੰਘ, ਰਿੰਕੂ ਆਦਿ ਬੱਚਿਆਂ ਦੇ ਮਾਪੇ ਹਾਜ਼ਰ ਸਨ।

Check Also

ਡਾ. ਨਿੱਜਰ ਦੀ ਅਗਵਾਈ ਹੇਠ ਬਿਲਾਸ ਫਾਊਂਡੇਸ਼ਨ ਵੱਲੋਂ 30  ਅਗਸਤ ਨੂੰ ਲਗਾਇਆ ਜਾਵੇਗਾ ਮੁਫ਼ਤ ਮੈਗਾ ਮੈਡੀਕਲ ਕੈਂਪ

  ਅੰਮ੍ਰਿਤਸਰ, 28 ਅਗਸਤ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਦੱਖਣੀ ਦੇ ਵਿਧਾਇਕ ਡਾ. …