ਡਾ. ਹਿਮਾਸ਼ੂੰ ਅਗਰਵਾਲ ਨੇ ਪਲਾਂਟ ਲਗਾਉਣ ਲਈ ਕੀਤਾ ਹਸਪਤਾਲ ਦਾ ਦੌਰਾ
ਅੰਮ੍ਰਿਤਸਰ, 29 ਮਈ (ਸੁਖਬੀਰ ਸਿੰਘ) – ਕੋਰੋਨਾ ਸੰਕਟ ਕਾਰਨ ਪੈਦਾ ਹੋਏ ਆਕਸੀਜਨ ਸੰਕਟ ਦਾ ਸਥਾਈ ਹੱਲ ਕਰਨ ਦੇ ਯਤਨਾਂ ਵਜੋਂ ਪੰਜਾਬ ਸਰਕਾਰ ਛੇਤੀ ਹੀ
ਡੀ.ਆਰ.ਡੀ.ਓ (ਡਿਫੈਂਸ ਰੀਸਰਚ ਐਂਡ ਡਿਵਲਪਮੈਂਟ ਆਰਗੇਨਾਇਜੇਸ਼ਨ) ਨਾਲ ਮਿਲ ਕੇ ਸਥਾਨਕ ਸਰਕਾਰੀ ਮੈਡੀਕਲ ਕਾਲਜ ਵਿਖੇ ਆਕਸੀਜਨ ਪਲਾਂਟ ਲਗਾਏਗੀ।
ਵਧੀਕ ਡਿਪਟੀ ਕਮਿਸ਼ਨਰ ਕਮ ਸਹਾਇਕ ਸੈਕਟਰੀ ਮੈਡੀਕਲ ਐਜੂਕੇਸ਼ਨ ਡਾ. ਹਿਮਾਸ਼ੂੰ ਅਗਰਵਾਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਦੇ ਲੱਗਣ ਨਾਲ 1000 ਲਿਟਰ ਪ੍ਰਤੀ ਮਿੰਟ ਆਕਸੀਜਨ ਸਮਰੱਥਾ ਹਸਪਤਾਲ ਨੂੰ ਮਿਲ ਸਕੇਗੀ। ਉਨਾਂ ਦੱਸਿਆ ਕਿ ਡੀ.ਆਰ.ਡੀ.ਓ ਨੇ ਇਸ ਬਾਬਤ ਹਰੀ ਝੰਡੀ ਦੇ ਦਿੱਤੀ ਹੈ ਅਤੇ ਪੰਜਾਬ ਸਰਕਾਰ ਵੱਲੋਂ ਪਲਾਂਟ ਲਗਾਉਣ ਲਈ ਮੁੱਢਲੀ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ।ਉਨਾਂ ਕਿਹਾ ਕਿ ਕੁੱਝ ਦਿਨਾਂ ਵਿਚ ਇਹ ਪਲਾਂਟ ਅੰਮ੍ਰਿਤਸਰ ਪਹੁੰਚ ਜਾਵੇਗਾ। ਡਾ. ਅਗਰਵਾਲ ਨੇ ਦੱਸਿਆ ਕਿ ਕੋਰੋਨਾ ਮਰੀਜ਼ਾਂ ਦਾ ਜ਼ਿਆਦਾ ਲੋਡ ਵੀ ਇਸੇ ਹਸਪਤਾਲ ‘ਤੇ ਪੈਂਦਾ ਹੈ, ਸੋ ਇਹ ਪਲਾਂਟ ਚਾਲੂ ਹੋਣ ਨਾਲ ਆਕਸੀਜਨ ਲੋੜਾਂ ਦੀ ਪੂਰਤੀ ਅਸਾਨ ਹੋ ਜਾਵੇਗੀ।ਉਨਾਂ ਨੇ ਦੱਸਿਆ ਕਿ ਇਹ ਪਲਾਂਟ ਹਵਾ ਵਿਚੋਂ ਆਕਸੀਜਨ ਪੈਦਾ ਕਰਨ ਦੇ ਸਮਰੱਥ ਹੋਵੇਗਾ, ਜਿਸ ਨਾਲ ਸਪਲਾਈ ਅਤੇ ਢੋਆ-ਢੁਆਈ ਤੋਂ ਮੁਕਤੀ ਮਿਲੇਗੀ।
ਦੱਸਣਯੋਗ ਹੈ ਕਿ ਬੀਤੇ ਦਿਨੀਂ ਕਰੋਨਾ ਸੰਕਟ ਕਾਰਨ ਹਸਪਤਾਲਾਂ ਵਿਚ ਪੈਦਾ ਹੋਈ ਆਕਸੀਜਨ ਦੀ ਮੰਗ ਨੂੰ ਪੂਰਾ ਕਰਨ ਲਈ ਡੀ.ਆਰ.ਡੀ.ਓ ਨੇ ਪੰਜਾਬ ਵਿੱਚ ਦੋ ਆਕਸੀਜਨ ਪਲਾਂਟ ਲਗਾਉਣ ਦੀ ਹਾਮੀ ਭਰੀ ਸੀ, ਜਿਸ ਵਿਚੋਂ ਇਕ ਪਲਾਂਟ ਗੁਰੂ ਨਾਨਕ ਹਸਪਤਾਲ ਅੰਮ੍ਰਿਤਸਰ ਅਤੇ ਦੂਸਰਾ ਰਜਿੰਦਰਾ ਮੈਡੀਕਲ ਕਾਲਜ ਤੇ ਹਸਪਤਾਲ ਪਟਿਆਲਾ ਵਿਚ ਵੀ ਲਗਾਉਣ ਦਾ ਫੈਸਲਾ ਪੰਜਾਬ ਸਰਕਾਰ ਨੇ ਕੀਤਾ ਸੀ।
ਇਸ ਮੌਕੇ ਪ੍ਰਿੰਸੀਪਲ ਮੈਡੀਕਲ ਕਾਲਜ ਰਾਜੀਵ ਦੇਵਗਨ, ਸਹਾਇਕ ਕਮਿਸ਼ਨਰ ਡਾ. ਹਰਨੂਰ ਢਿੱਲੋਂ, ਐਸ.ਡੀ.ਓ ਰਾਜੀਵ ਸ਼ਰਮਾ ਤੇ ਹੋਰ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media