ਸਫ਼ਾਈ ਸੇਵਕਾਂ ਦੀ ਹੜਤਾਲ ਕਾਰਨ ਕਸਬੇ ‘ਚ ਲੱਗ ਸਨ ਗੰਦਗੀ ਦੇ ਵੱਡੇ ਢੇਰ
ਸੰਗਰੂਰ, 31 ਮਈ (ਜਗਸੀਰ ਲੌਂਗੋਵਾਲ) – ਸਥਾਨਕ ਵਾਰਡ ਨੰਬਰ 8 ਤੋਂ ਨੌਜਵਾਨ ਕੌਂਸਲਰ ਰਣਜੀਤ ਸਿੰਘ ਕੂਕਾ ਅਤੇ ਵਾਰਡ ਨੰਬਰ 9 ਤੋਂ ਕੌਂਸਲਰ ਸ੍ਰੀਮਤੀ
ਸੁਸ਼ਮਾ ਰਾਣੀ ਦੇ ਪਤੀ, ਇਲਾਕੇ ਦੇ ਉੱਘੇ ਸਮਾਜ ਸੇਵਕ ਸਿਸ਼ਨਪਾਲ ਗਰਗ ਨੇ ਸਫ਼ਾਈ ਸੇਵਕਾਂ ਦੀ ਕਾਫੀ ਲੰਮੇ ਸਮੇਂ ਤੋਂ ਚੱਲ ਰਹੀ ਹੜਤਾਲ ਕਾਰਨ ਵਾਰਡਾਂ ਵਿੱਚ ਕੂੜੇ ਅਤੇ ਗੰਦਗੀ ਦੇ ਵੱਡੇ-ਵੱਡੇ ਢੇਰ ਲੱਗ ਜਾਣ ‘ਤੇ ਆਪਣੇ ਸਾਥੀਆਂ ਨੂੰ ਨਾਲ ਲੈ ਕੇ ਖੁਦ ਹੀ ਸਫ਼ਾਈ ਮੁਹਿੰਮ ਸ਼ੁਰੂ ਕਰ ਦਿੱਤੀ ਹੈ।
ਇਸ ਸੰਬੰਧੀ ਗਲਬਾਤ ਕਰਦੇ ਹੋਏ ਕੌਂਸਲਰ ਰਣਜੀਤ ਕੂਕਾ ਅਤੇ ਸਿਸ਼ਨਪਾਲ ਗਰਗ ਨੇ ਦੱਸਿਆ ਕਿ ਸਵੀਪਰਾਂ ਦੀ ਸੂਬਾ ਪੱਧਰੀ ਹੜਤਾਲ ਕਾਰਨ ਪੂਰੇ ਕਸਬੇ ਦੇ ਸਮੇਤ ਉਨਾਂ ਦੀਆਂ ਵਾਰਡਾਂ ‘ਚ ਵੀ ਕੂੜੇ ਕਰਕਟ ਅਤੇ ਗੰਦਗੀ ਦੇ ਵੱਡੇ ਢੇਰ ਲੱਗ ਗਏ ਸਨ।ਜਿਸ ਕਾਰਨ ਇਲਾਕੇ ‘ਚ ਬਿਮਾਰੀਆਂ ਫੈਲਣ ਦਾ ਭਾਰੀ ਡਰ ਬਣਿਆ ਹੋਇਆ ਸੀ।ਇਸ ਨੂੰ ਦੇਖਦੇ ਹੋਏ ਉਨਾਂ ਨੇ ਆਪਣੇ ਪੱਧਰ ‘ਤੇ ਹੀ ਇਹ ਸਾਰੀ ਸਫ਼ਾਈ ਕਰਵਾਉਣ ਦਾ ਫ਼ੈਸਲਾ ਕੀਤਾ ਹੈ।ਉਨ੍ਹਾਂ ਕਿਹਾ ਕਿ ਇਹ ਸਫਾਈ ਮੁਹਿੰਮ ਲਗਾਤਾਰ ਜਾਰੀ ਰਹੇਗੀ।ਇਸ ਦੇ ਨਾਲ ਹੀ ਉਨ੍ਹਾਂ ਪੰਜਾਬ ਸਰਕਾਰ ਨੂੰ ਬੇਨਤੀ ਵੀ ਕੀਤੀ ਕਿ ਸਫ਼ਾਈ ਸੇਵਕਾਂ ਦੀਆਂ ਸਾਰੀਆਂ ਮੰਗਾਂ ਜਲਦ ਪੂਰੀਆਂ ਕਰਕੇ ਉਨ੍ਹਾਂ ਦੀ ਹੜਤਾਲ ਸਮਾਪਤ ਕਰਵਾਈ ਜਾਵੇ।
ਇਸ ਮੌਕੇ ਨੌਜਵਾਨ ਆਗੂ ਸੁਮਿਤ ਮੰਗਲਾ, ਲਾਡੀ ਬਾਵਾ, ਅਜੈ ਸ਼ਰਮਾ, ਸਤਨਾਮ ਸਿੰਘ, ਸੋਨਾ ਸਿੱਧੂ ਅਤੇ ਕਾਲਾ ਸਿੰਘ ਨੇ ਵੀ ਆਪਣਾ ਪੂਰਨ ਸਹਿਯੋਗ ਦਿੱਤਾ।
Punjab Post Daily Online Newspaper & Print Media