ਅੰਮ੍ਰਿਤ ਕੌਰ ਗਿੱਲ ਆਈ.ਏ.ਐਸ ਨੇ ਸੰਭਾਲਿਆ ਪਹਿਲੇ ਡਿਪਟੀ ਕਮਿਸ਼ਨਰ ਦਾ ਅਹੁੱਦਾ
ਮਲੇਰਕੋਟਲਾ, 3 ਜੂਨ (ਜਗਸੀਰ ਲੌਂਗੋਵਾਲ) – ਪੰਜਾਬ ਦੇ ਨਵੇਂ ਬਣੇ 23ਵੇਂ ਜ਼ਿਲੇ ਮਲੇਰਕੋਟਲਾ ਦੇ ਨਵੇਂ ਡਿਪਟੀ ਕਮਿਸ਼ਨਰ ਸ਼੍ਰੀਮਤੀ ਅੰਮ੍ਰਿਤ ਕੌਰ ਗਿੱਲ
ਆਈ.ਏ.ਐਸ ਨੇ ਅੱਜ ਆਪਣਾ ਅਹੁੱਦਾ ਸੰਭਾਲ ਲਿਆ ਹੈ।ਸ੍ਰੀਮਤੀ ਗਿੱਲ ਨੇ ਅਹੁੱਦਾ ਸੰਭਾਲਣ ਮੌਕੇ ਕਿਹਾ ਕਿ ਪੰਜਾਬ ਸਰਕਾਰ ਵਲੋਂ ਸੌਂਪੀ ਜਿੰਮੇਵਾਰੀ ਨੂੰ ਉਹ ਤਨਦੇਹੀ ਨਾਲ ਨਿਭਾਉਣਗੇ।
ਉਨਾਂ ਦੱਸਿਆ ਕਿ ਮਲੇਰਕੋਟਲਾ ਨੂੰ ਜ਼ਿਲਾ ਬਣਾਉਣ ਦੇ ਕੀਤੇ ਐਲਾਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ 5 ਜੂਨ ਨੂੰ ਮਲੇਰਕੋਟਲਾ ਦਾ ਜ਼ਿਲੇ ਵਜੋਂ ਰਸਮੀ ਉਦਘਾਟਨੀ ਸਮਾਰੋਹ ਹੁਣ 7 ਜੂਨ 2021 ਨੂੰ ਹੋਵੇਗਾ।ਉਨਾਂ ਕਿਹਾ ਕਿ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ ਸਮੇਤ ਮਲੇਰੋਕਟਲੇ ਦਾ ਸਮੁੱਚਾ ਜ਼ਿਲਾ ਪ੍ਰਸ਼ਾਸਨ ਨਵੇਂ ਸਿਰੇ ਤੋਂ ਤਾਇਨਾਤ ਕੀਤਾ ਜਾ ਰਿਹਾ ਹੈ, ਜਿਸ ਕਰਕੇ ਪੁਖਤਾ ਪ੍ਰਬੰਧ ਯਕੀਨੀ ਬਣਾਉਣ ਲਈ ਇਹ ਪ੍ਰੋਗਰਾਮ ਅੱਗੇ ਪਾਇਆ ਜਾ ਰਿਹਾ ਹੈ।
ਸ੍ਰੀਮਤੀ ਗਿਲ ਨੇ ਕਿਹਾ ਕਿ ਉਹ ਖੁਦ ਨੂੰ ਖਸ਼ਕਿਸਮਤ ਸਮਝਦੇ ਹਨ ਕਿ ਮਲੇਰਕੋਟਲਾ ਦੀ ਇਤਿਹਾਸਕ ਧਰਤੀ ’ਤੇ ਨਵੇਂ ਬਣੇ ਜ਼ਿਲੇ ’ਚ ਬਤੌਰ ਪਹਿਲੇ ਡਿਪਟੀ ਕਮਿਸ਼ਨਰ ਵਜੋਂ ਸੇਵਾਵਾਂ ਨਿਭਾਉਣ ਦਾ ਮੌਕਾ ਮਿਲਿਆ ਹੈ। ਉਨਾਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਸਮਾਂਬੱਧ ਅਤੇ ਪਾਰਦਰਸ਼ੀ ਢੰਗ ਨਾਲ ਯੋਗ ਲਾਭਪਤਾਰੀਆਂ ਨੂੰ ਲਾਭ ਮੁਹੱਈਆ ਕਰਵਾਇਆ ਜਾਵੇਗਾ ਤੇ ਜ਼ਿਲਾ ਵਾਸੀਆਂ ਦੀ ਮੁਸ਼ਕਲਾਂ ਦਾ ਪਹਿਲ ਦੇ ਆਧਾਰ ‘ਤੇ ਹੱਲ ਕੀਤਾ ਜਾਵੇਗਾ।
ਜ਼ਿਕਰਯੋਗ ਹੈ ਕਿ ਸ੍ਰੀਮਤੀ ਅੰਮ੍ਰਿਤ ਕੌਰ ਗਿੱਲ 2010 ਬੈਚ ਦੇ ਆਈ.ਏ.ਐਸ ਅਧਿਕਾਰੀ ਹਨ।ਸ੍ਰੀਮਤੀ ਗਿੱਲ ਇਸ ਤੋਂ ਪਹਿਲਾ ਜ਼ਿਲਾ ਫਤਿਹਗੜ ਸਾਹਿਬ ਵਿਖੇ ਬਤੌਰ ਡਿਪਟੀ ਕਮਿਸ਼ਨਰ ਆਪਣੀਆਂ ਸੇਵਾਵਾਂ ਨਿਭਾਅ ਰਹੇ ਸਨ।ਡਿਪਟੀ ਕਮਿਸ਼ਨਰ ਸ੍ਰੀਮਤੀ ਗਿੱਲ ਅਹੁੱਦਾ ਸੰਭਾਲਣ ਤੋਂ ਪਹਿਲਾਂ ਇਤਿਹਾਸਕ ਗੁਰਦੁਆਰਾ ਹਾਅ ਦਾ ਨਾਅਰਾ ਵਿਖੇ ਨਤਮਸਤਕ ਹੋਏ।ਉਨਾਂ ਨਾਲ ਮਲੇਰਕੋਟਲਾ ਜ਼ਿਲੇ ਦੇ ਨਵੇਂ ਐਸ.ਐਸ.ਪੀ ਕੰਵਰਦੀਪ ਕੌਰ ਵੀ ਹਾਜ਼ਰ ਸਨ।ਇਸ ਤੋਂ ਬਾਅਦ ਐਸ.ਐਸ.ਪੀ ਕੰਵਰਦੀਪ ਕੌਰ ਨੇ ਵੀ ਮਲੇਰਕੋਟਲਾ ਵਿਖੇ ਆਪਣੇ ਦਫਤਰ ਵਿਖੇ ਅਹੱਦਾ ਸੰਭਾਲਿਆ।
ਇਸ ਮੌਕੇ ਐਸ.ਐਸ.ਪੀ ਸੰਗਰੂਰ ਵਿਵੇਕ ਸ਼ੀਲ ਸੋਨੀ, ਐਸ.ਡੀ.ਐਮ ਮਲੇਰਕੋਟਲਾ ਟੀ.ਬੈਨਿਥ, ਤਹਿਸੀਲਦਾਰ ਮਲੇਰਕੋਟਲਾ ਬਾਦਲਦੀਨ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media