5 ਕਰੋੜ ਦੀ ਲਾਗਤ ਨਾਲ ਬਣੇਗਾ 4 ਮੰਜ਼ਿਲਾ ਬਹੁਮੰਤਵੀ ਸਾਇੰਸ ਬਲਾਕ
ਨਵਾਂਸ਼ਹਿਰ, 7 ਜੂਨ (ਪੰਜਾਬ ਪੋਸਟ ਬਿਊਰੋ) – ਨਵਾਂਸ਼ਹਿਰ ਦੇ ਸਕੂਲੀ ਬੁਨਿਆਦੀ ਢਾਂਚੇ ਵਿਚ ਅੱਜ ਉਸ ਸਮੇਂ ਇਕ ਸੁਨਹਿਰੀ ਅਧਿਆਏ ਜੁੜ ਗਿਆ, ਜਦੋਂ
ਵਿਧਾਇਕ ਅੰਗਦ ਸਿੰਘ ਅਤੇ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਵੱਲੋਂ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਨਵਾਂਸ਼ਹਿਰ ਵਿਖੇ 5 ਕਰੋੜ ਦੀ ਲਾਗਤ ਨਾਲ ਬਣਨ ਵਾਲੇ ਨਵੇਂ ਬਲਾਕ ਦੀ ਉਸਾਰੀ ਦੇ ਕੰਮ ਦਾ ਸ਼ੁੱਭਆਰੰਭ ਕੀਤਾ ਗਿਆ।ਇਹ ਚਾਰ ਮੰਜ਼ਿਲਾ ਬਹੁਮੰਤਵੀ ਸਾਇੰਸ ਬਲਾਕ ਅਤਿ-ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਵੇਗਾ।
ਵਿਧਾਇਕ ਅੰਗਦ ਸਿੰਘ ਨੇ ਕਿਹਾ ਕਿ ਸੂਬੇ ਦੀ ਇਸ ਵੱਕਾਰੀ ਵਿੱਦਿਅਕ ਸੰਸਥਾ ਨੂੰ ਚੋਟੀ ’ਤੇ ਪਹੁੰਚਾਉਣਾ ਉਨ੍ਹਾਂ ਦਾ ਸ਼ੁਰੂ ਤੋਂ ਹੀ ਸੁਪਨਾ ਰਿਹਾ ਹੈ ਅਤੇ ਇਸ ਆਲੀਸ਼ਾਨ ਬਲਾਕ ਦੇ ਬਣਨ ਨਾਲ ਜਲਦ ਹੀ ਇਹ ਸੁਪਨਾ ਸਾਕਾਰ ਹੋਣ ਜਾ ਰਿਹਾ ਹੈ।ਇਹ ਸਕੂਲ ਪੰਜਾਬ ਦਾ ਅਜਿਹਾ ਇਕਲੌਤਾ ਸਕੂਲ ਹੈ, ਜਿਸ ਨੂੰ ਪੰਜਾਬ ਵਿਧਾਨ ਸਭਾ ਦੇ ਬਜ਼ਟ ਵਿੱਚ ਗਰਾਂਟ ਐਲਾਨੀ ਗਈ ਹੈ।ਇਹ ਸੰਸਥਾ ਸੂਬੇ ਦੇ ਚੋਟੀ ਦੇ 10 ਸਰਕਾਰੀ ਸਕੂਲਾਂ ਵਿੱਚ ਸ਼ੁਮਾਰ ਕਰਦੀ ਹੈ ਅਤੇ ਹੁਣ ਇਸ ਨੂੰ ਪੰਜਾਬ ਦਾ ਨੰਬਰ ਇਕ ਸਕੂਲ ਬਣਾਇਆ ਜਾਵੇਗਾ।ਨਵੇਂ ਬਲਾਕ ਦੀ ਉਸਾਰੀ ਦਾ ਕੰਮ 6 ਮਹੀਨਿਆਂ ਵਿਚ ਮੁਕੰਮਲ ਕਰ ਲਿਆ ਜਾਵੇਗਾ।ਇਸ ਚਾਰ ਮੰਜ਼ਿਲਾ ਬਲਾਕ ਵਿਚ 9 ਸਮਾਰਟ ਕਲਾਸ ਰੂਮਾਂ ਤੋਂ ਇਲਾਵਾ ਅਤਿ-ਆਧੁਨਿਕ ਸਾਇੰਸ ਲੈਬਾਂ, ਰੈਂਪ ਅਤੇ 1500 ਦੀ ਸਮਰੱਥਾ ਵਾਲਾ ਸਟੇਟ ਆਫ ਆਰਟ ਆਡੀਟੋਰੀਅਮ ਬਣਾਇਆ ਜਾਵੇਗਾ।ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲਾਂ ਵਿਚ ਇਹ ਪਹਿਲਾ ਸਕੂਲ ਹੋਵੇਗਾ, ਜਿਥੇ ਲਿਫਟ ਦੀ ਵਿਵਸਥਾ ਵੀ ਹੋਵੇਗੀ।ਇਸ ਤੋਂ ਪਹਿਲਾਂ 90 ਲੱਖ ਰੁਪਏ ਦੀ ਲਾਗਤ ਨਾਲ ਸਕੂਲ ਵਿਚ ਇਕ ਬਲਾਕ ਤਿਆਰ ਕੀਤਾ ਗਿਆ ਹੈ।ਸਕੂਲ ਦੀ ਗਰਾਊਂਡ ਵਿਚ ਟੈਨਿਸ ਅਤੇ ਬੈਡਮਿੰਟਨ ਕੋਰਟ ਵੀ ਤਿਆਰ ਕੀਤੇ ਜਾਣਗੇ।ਉਨ੍ਹਾਂ ਸਕੂਲ ਨੂੰ ਦਿੱਤੀ ਇਸ ਗਰਾਂਟ ਲਈ ਮੁੱਖ ਮੰਤਰੀ, ਵਿੱਤ ਮੰਤਰੀ ਅਤੇ ਸਿੱਖਿਆ ਸਕੱਤਰ ਦਾ ਧੰਨਵਾਦ ਕੀਤਾ।
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਕਿਹਾ ਕਿ ਪੰਜਾਬ ਇਸ ਵੇਲੇ ਸਿੱਖਿਆ ਦੇ ਖੇਤਰ ਵਿੱਚ ਮੋਹਰੀ ਭੂਮਿਕਾ ਅਦਾ ਕਰ ਰਿਹਾ ਹੈ, ਜਿਸ ਦਾ ਪ੍ਰਮਾਣ ਭਾਰਤ ਸਰਕਾਰ ਵੱਲੋਂ ਇਸ ਨੂੰ ਏ ਪਲੱਸ ਪਲੱਸ ਰੈਕਿੰਗ ਪ੍ਰਦਾਨ ਕਰਨਾ ਹੈ।ਹੁਣ ਸੂਬੇ ਦੇ ਸਰਕਾਰੀ ਸਕੂਲ ਪ੍ਰਾਈਵੇਟ ਸਕੂਲਾਂ ਨੂੰ ਮਾਤ ਦੇ ਰਹੇ ਹਨ ਅਤੇ ਇਨ੍ਹਾਂ ਵਿਚ ਦਾਖ਼ਲੇ ਵਿਚ ਭਾਰੀ ਵਾਧਾ ਹੋਇਆ ਹੈ।ਇਸ ਸਕੂਲ ਵਿਚ ਹੀ ਜਿਥੇ ਪਹਿਲਾਂ 1400 ਵਿਦਿਆਰਥੀ ਸਨ, ਹੁਣ ਵੱਧ ਕੇ 2248 ਹੋ ਗਏ ਹਨ।
ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ ਨੇ ਦੱਸਿਆ ਕਿ ਨਵਾਂ ਬਲਾਕ ਬਣਨ ਨਾਲ ਸਕੂਲ ਵਿਚ ਵਿਦਿਆਰਥੀਆਂ ਦੀ ਗਿਣਤੀ ਵਿਚ ਹੋਰ ਵਾਧਾ ਹੋਵੇਗਾ।ਸਕੂਲ ਵਿਚ ਪ੍ਰੀ-ਪ੍ਰਾਇਮਰੀ ਜਮਾਤਾਂ ਵੀ ਸ਼ੁਰੂ ਕੀਤੀਆਂ ਗਈਆਂ ਹਨ।ਸਕੂਲ ਦੇ ਪ੍ਰਿੰਸੀਪਲ ਸਰਬਜੀਤ ਸਿੰਘ ਨੇ ਆਏ ਮਹਿਮਾਨਾਂ ਦਾ ਧੰਨਵਾਦ ਕਰਦਿਆਂ ਸਕੂਲ ਦੀਆਂ ਪ੍ਰਾਪਤੀਆਂ ’ਤੇ ਚਾਨਣਾ ਪਾਇਆ।
ਇਸ ਮੌਕੇ ਮਾਰਕੀਟ ਕਮੇਟੀ ਨਵਾਂਸ਼ਹਿਰ ਦੇ ਚੇਅਰਮੈਨ ਚਮਨ ਸਿੰਘ ਭਾਨਮਜਾਰਾ, ਨਗਰ ਕੌਂਸਲ ਦੇ ਪ੍ਰਧਾਨ ਸਚਿਨ ਦੀਵਾਨ, ਜ਼ਿਲ੍ਹਾ ਸਿੱਖਿਆ ਅਫ਼ਸਰ ਜਗਜੀਤ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਰੀਕ ਸਿੰਘ ਤੇ ਛੋਟੂ ਰਾਮ, ਕੌਂਸਲਰ ਪ੍ਰਿਥਵੀ ਚੰਦ, ਡਾ. ਕਮਲਜੀਤ, ਕੁਲਵੰਤ ਕੌਰ, ਜਸਵੀਰ ਕੌਰ, ਪ੍ਰਵੀਨ ਭਾਟੀਆ, ਗੁਰਦੇਵ ਕੌਰ ਤੇ ਚੇਤ ਰਾਮ ਰਤਨ, ਮਾਸਟਰ ਲਲਿਤ ਸ਼ਰਮਾ, ਜੈਦੀਪ ਜਾਂਗੜਾ, ਰਚਨਾ ਛਾਬੜਾ, ਅਰੁਣ ਦੀਵਾਨ, ਜਤਿੰਦਰ ਬਾਲੀ, ਰਾਜੇਸ਼ ਗਾਬਾ, ਮਿੰਟੂ ਚਾਂਦਲਾ, ਗੁਰਮਿੰਦਰ ਬਡਵਾਲ, ਲੈਕਚਰਾਰ ਸੁਰਜੀਤ ਸਿੰਘ, ਜੇ. ਐਸ ਗਿੱਧਾ, ਨਵਪ੍ਰੀਤ ਸਿੰਘ ਤੋਂ ਇਲਾਵਾ ਸਮੁੱਚਾ ਸਕੂਲ ਸਟਾਫ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
Punjab Post Daily Online Newspaper & Print Media