ਕੈਬਨਿਟ ਮੰਤਰੀ ਨੇ ਮੁੱਖ ਮੰਤਰੀ ਦਾ ਕੀਤਾ ਧੰਨਵਾਦ
ਮਾਲੇਰਕੋਟਲਾ, 7 ਜੂਨ (ਜਗਸੀਰ ਲੌਂਗੋਵਾਲ) – ਅੱਜ ਸੋਮਵਾਰ ਦਾ ਦਿਨ ਇਲਾਕਾ ਨਿਵਾਸੀਆਂ ਲਈ ਉਸ ਵੇਲੇ ਇਤਿਹਾਸਕ ਹੋ ਨਿਬੜਿਆ ਜਦੋਂ ਮੁੱਖ ਮੰਤਰੀ
ਕੈਪਟਨ ਅਮਰਿੰਦਰ ਸਿੰਘ ਨੇ ਮਾਲਰੇਕੋਟਲਾ ਨੂੰ ਜ਼ਿਲ੍ਹਾ ਬਣਾਉਣ ਦੇ ਸੁਪਨਿਆਂ ਨੂੰ ਹਕੀਕਤ ’ਚ ਬਦਲਦਿਆਂ ਮੈਡੀਕਲ ਕਾਲਜ ਤੇ ਲੜਕੀਆਂ ਦੇ ਕਾਲਜ ਸਮੇਤ ਹੋਰਨਾਂ ਪ੍ਰੋਜੈਕਟਾਂ ਦੇ ਵਰਚੂਅਲ ਤਰੀਕੇ ਨਾਲ ਨੀਂਹ ਪੱਥਰ ਵੀ ਰੱਖ ਦਿੱਤੇ।
ਵਰਚੂਅਲ ਪ੍ਰੋਗਰਾਮ ਦੌਰਾਨ ਸਮੂਹ ਮਾਲੇਰਕੋਟਲਾ ਨਿਵਾਸੀਆਂ ਵਲੋਂ ਮੁੱਖ ਮੰਤਰੀ ਦਾ ਧੰਨਵਾਦ ਕਰਦਿਆਂ ਕੈਬਨਿਟ ਮੰਤਰੀ ਮੈਡਮ ਰਜ਼ੀਆ ਸੁਲਤਾਨਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਲੋਕਾਂ ਨਾਲ ਕੀਤਾ ਹਰ ਵਾਅਦਾ ਵਫ਼ਾ ਕਰਕੇ ਨਿਭਾਇਆ ਹੈ।ਜਿਸ ਦਾ ਮਾਲੇਰਕੋਟਲਾ ਜ਼ਿਲ੍ਹਾ ਪ੍ਰਤੱਖ ਪ੍ਰਮਾਣ ਹੈ।ਉਨ੍ਹਾਂ ਕਿਹਾ ਕਿ ਮਾਲੇਰਕੋਟਲਾ ਦੇ ਜ਼ਿਲ੍ਹਾ ਬਣਨ ਨਾਲ ਹੁਣ ਇਲਾਕੇ ਵਿੱਚ ਤਰੱਕੀ ਦੀ ਰਫ਼ਤਾਰ ਨੂੰ ਹੋਰ ਤੇਜ਼ੀ ਨਾਲ ਅੱਗੇ ਵਧਾਇਆ ਜਾਵੇਗਾ।ਜਿਸ ਦੀ ਸ਼ੁਰੂਆਤ ਅੱਜ ਕਈ ਪ੍ਰੋਜੈਕਟਾਂ ਦੇ ਨੀਂਹ ਪੱਥਰ ਅਤੇ ਇੱਕ ਮਹਿਲਾ ਥਾਣੇ ਦੇ ਉਦਘਾਟਨ ਨਾਲ ਹੋ ਗਈ ਹੈ।ਇਨ੍ਹਾਂ ਪ੍ਰੋਜੈਕਟਾਂ ਦੇ ਅਮਲੀ ਤੌਰ ’ਤੇ ਨੀਂਹ ਪੱਥਰ ਤੇ ਉਦਘਾਟਨ ਵਰਚੂਅਲ ਪ੍ਰੋਗਰਾਮ ਤੋਂ ਬਾਅਦ ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਡਿਪਟੀ ਕਮਿਸ਼ਨਰ ਅੰਮ੍ਰਿਤ ਕੌਰ ਗਿੱਲ ਅਤੇ ਐਸ.ਐਸ.ਪੀ ਕੰਵਰਦੀਪ ਕੌਰ ਨਾਲ ਜਾ ਕੇ ਕੀਤੇ।
ਕੈਬਨਿਟ ਮੰਤਰੀ ਰਜ਼ੀਆ ਸੁਲਤਾਨਾ ਨੇ ਦੱਸਿਆ ਕਿ ਅੱਜ ਜ਼ਿਲ੍ਹੇ ਦੇ ਨਾਲ-ਨਾਲ ਮਾਲੇਰਕੋਟਲਾ ਨਿਵਾਸੀਆਂ ਨੂੰ 500 ਕਰੋੜ ਦੀ ਲਾਗਤ ਨਾਲ ਤਿਆਰ ਕੀਤਾ ਜਾਣ ਵਾਲਾ ਨਵਾਬ ਸ਼ੇਰ ਮੁਹੰਮਦ ਖਾਂ ਸਰਕਾਰੀ ਮੈਡੀਕਲ ਕਾਲਜ, 12 ਕਰੋੜ ਰੁਪਏ ਦੀ ਲਾਗਤ ਨਾਲ ਹੋਂਦ ’ਚ ਆਉਣ ਵਾਲਾ ਸਰਕਾਰੀ ਮਹਿਲਾ ਕਾਲਜ, 10 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਣ ਵਾਲਾ ਨਵਾਂ ਬੱਸ ਅੱਡਾ ਅਤੇ ਸਿਰਫ਼ ਮਹਿਲਾ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਵਲੋਂ ਚਲਾਇਆ ਜਾਣ ਵਾਲਾ ਮਹਿਲਾ ਪੁਲਿਸ ਥਾਣਾ ਸ਼ਾਮਲ ਹਨ।ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਜੀ ਵਲੋਂ ਸ਼ਹਿਰੀ ਵਾਤਾਵਰਨ ਸੁਧਾਰ ਪ੍ਰੋਗਰਾਮ ਤਹਿਤ 6 ਕਰੋੜ ਰੁਪਏ ਦੇ ਵਿਕਾਸ ਕਾਰਜ਼ ਕਰਵਾਉਣ ਦੀ ਸ਼ੁਰੂਆਤ ਅਤੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਸਬ-ਡਵੀਜ਼ਨਲ ਕੰਪਲੈਕਸ ਦੀ ਉਸਾਰੀ ਲਈ 20 ਕਰੋੜ ਰੁਪਏ ਰਾਖਵੇਂ ਰੱਖੇ ਗਏ ਹਨ।ਉਨ੍ਹਾਂ ਕਿਹਾ ਕਿ ਇਸ ਦੇ ਨਾਲ ਹੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਸ਼ਹਿਰ ਦੀ ਇਤਿਹਾਸਕ ਮੁਬਾਰਕ ਮੰਜ਼ਿਲ ਮਹਿਲ ਦੀ ਸੰਭਾਲ ਅਤੇ ਨਵੀਨੀਕਰਨ ਦੇ ਕੰਮ ਲਈ ਆਗਾ ਖ਼ਾਨ ਫ਼ਾਊਂਡੇਸ਼ਨ (ਯੂ.ਕੇ) ਰਾਹੀਂ ਕਰਵਾਉਣ ਲਈ ਲਗਾਤਾਰ ਰਾਬਤਾ ਕੀਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਮਾਲੇਰਕੋਟਲਾ ਦੇ ਪੁਰਾਣੇ ਸੱਭਿਆਚਾਰ ਤੇ ਇਤਿਹਾਸ ਸੰਭਾਲਣ ਵਿੱਚ ਵੱਡੀ ਮੱਦਦ ਮਿਲੇਗੀ, ਜੋ ਆਉਣ ਵਾਲੀਆਂ ਪੀੜ੍ਹੀਆਂ ਲਈ ਰਾਹ ਦਸੇਰਾ ਬਣੇਗੀ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਸਾਬਕਾ ਡੀ.ਜੀ.ਪੀ ਮੁਹੰਮਦ ਮੁਸਤਫ਼ਾ, ਮੈਂਬਰ ਪੰਜਾਬ ਵਕਫ਼ ਬੋਰਡ ਜੈਨਬ ਅਖ਼ਤਰ, ਡਿਪਟੀ ਕਮਿਸ਼ਨਰ ਸੰਗਰੂਰ ਰਾਮਵੀਰ, ਵਧੀਕ ਡਿਪਟੀ ਕਮਿਸ਼ਨਰ ਅਨਮੋਲ ਸਿੰਘ ਧਾਲੀਵਾਲ, ਐਸ.ਡੀ.ਐਮ ਮਾਲੇਰਕੋਟਲਾ ਟੀ.ਬੈਨਿਥ, ਐਸ.ਡੀ.ਐਮ ਲਤੀਫ਼ ਅਹਿਮਦ, ਪ੍ਰਧਾਨ ਨਗਰ ਕੌਂਸਲ ਨਸਰੀਨ ਅਸ਼ਰਫ਼ ਅਬਦੁੱਲਾ, ਪ੍ਰੋਫ਼ੈਸਰ ਜੈਜਮਾਲ, ਜਸਪਾਲ ਦਾਸ ਹਥਨ, ਮਨੋਜ ਕੁਮਾਰ ਉਪਲ, ਕੈਬਨਿਟ ਮੰਤਰੀ ਦੇ ਨਿੱਜੀ ਸਹਾਇਕ ਦਰਬਾਰਾ ਸਿੰਘ, ਸੀਨੀਅਰ ਵਾਇਸ ਚੇਅਰਮੈਨ ਡਾ. ਮੁਹੰਮਦ ਰਫ਼ੀ, ਮੈਂਬਰ ਪੰਜਾਬ ਵਕਫ਼ ਬੋਰਡ ਸ਼ੇਖ ਸੱਜ਼ਾਦ ਹੁਸੈਨ, ਤਹਿਸੀਲਦਾਰ ਬਾਦਲਦੀਨ ਸਮੇਤ ਪ੍ਰਸ਼ਾਸਨਿਕ ਤੇ ਪੁਲਿਸ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media