Tuesday, November 24, 2026

ਮੱਕੀ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਲਈ ਬੀਜ਼, ਖ਼ਾਦ ਤੇ ਦਵਾਈਆਂ ’ਤੇ ਮਿਲੇਗੀ ਸਬਸਿਡੀ

ਨਵਾਂਸ਼ਹਿਰ, 10 ਜੂਨ (ਪੰਜਾਬ ਪੋਸਟ ਬਿਊਰੋ) – ਪੰਜਾਬ ਸਰਕਾਰ ਵੱਲੋਂ ਡਿੱਗਦੇ ਜ਼ਮੀਨੀ ਪਾਣੀ ਦੇ ਪੱਧਰ ਨੂੰ ਰੋਕਣ ਲਈ ਕਿਸਾਨਾਂ ਨੂੰ ਮੱਕੀ ਬੀਜ਼ ’ਤੇ ਸਬਸਿਡੀ ਦੇਣ ਸਬੰਧੀ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਵੱਲੋਂ ਤਿਆਰ ਕੀਤੀ ਨੀਤੀ ਨੂੰ ਪ੍ਰਵਾਨਗੀ ਦੇ ਦਿੱਤੀ ਗਈ ਹੈ।
                  ਮੁੱਖ ਖੇਤੀਬਾੜੀ ਅਫ਼ਸਰ ਡਾ. ਰਾਜ ਕੁਮਾਰ ਨੇ ਦੱਸਿਆ ਕਿ ਕਿਸਾਨਾਂ ਨੂੰ ਮੱਕੀ ਦੀ ਫ਼ਸਲ ਨੂੰ ਉਤਸ਼ਾਹਿਤ ਕਰਨ ਲਈ ਬੀਜ਼, ਖ਼ਾਦ ਅਤੇ ਦਵਾਈਆਂ ’ਤੇ ਸਬਸਿਡੀ ਦਿੱਤੀ ਜਾਵੇਗੀ।ਕਿਸਾਨ ਮੱਕੀ ਦਾ ਬੀਜ਼ ਬਲਾਕ ਦੇ ਰਜਿਸਟਰਡ ਡੀਲਰ ਰਾਹੀਂ ਖ਼ਰੀਦ ਕਰਕੇ ਸਬੰਧਤ ਬਲਾਕ ਦੇ ਖੇਤੀਬਾੜੀ ਦਫ਼ਤਰ ਵਿਖੇ ‘ਪਹਿਲਾਂ ਆਓ, ਪਹਿਲਾਂ ਪਾਓ’ ਦੀ ਨੀਤੀ ਅਨੁਸਾਰ ਆਪਣੇ ਬਿਨੇ ਪੱਤਰ ਦੇ ਨਾਲ ਅਸਲ ਬਿੱਲ ਜਮ੍ਹਾ ਕਰਵਾ ਸਕਦੇ ਹਨ।ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਲਏ ਫ਼ੈਸਲੇ ਅਨੁਸਾਰ ਇਕ ਕਿਲੋ ਬੀਜ਼ ’ਤੇ 145 ਰੁਪਏ ਜਾਂ ਬੀਜ਼ ਦੀ ਅਸਲ ਕੀਮਤ ਦਾ ਅੱਧਾ ਹਿੱਸਾ (ਦੋਵਾਂ ਵਿਚੋਂ ਜੋ ਵੀ ਘੱਟ ਹੋਵੇਗਾ) ਸਬਸਿਡੀ ਦਿੱਤੀ ਜਾਵੇਗੀ।
                   ਉਨ੍ਹਾਂ ਦੱਸਿਆ ਕਿ ਮੱਕੀ ਬੀਜ ’ਤੇ ਸਬਸਿਡੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵੱਲੋਂ ਮੱਕੀ ਦੀਆਂ ਸਿਫ਼ਾਰਸ਼ ਕਿਸਮਾਂ (ਐਸ 7750, ਐਸ 7720, ਪੀ. ਏ. ਸੀ 751, ਐਡਵਾਂਟਾ 9293, ਸੀ. ਪੀ 858, ਐਮ 9333, ਐਮ 9366, ਐਨ.ਐਮ.ਐਚ 8352, ਐਨ.ਐਮ.ਐਚ 4053, ਟੀ.ਐਕਸ 369, ਲਕਸ਼ਮੀ 333, ਪੀ 3396, ਪੀ 3401, ਡਿਕਾਲਬ 9164, ਐਲ.ਜੀ 3405, ਐਲ.ਜੀ 3402, ਯੁਵਰਾਜ ਗੋਲਡ, ਐਸ 7750, ਐਸ 7720, ਸੀਰੀ 4366 ਅਤੇ ਪੀ.ਐਮ.ਐਚ 13) ‘ਤੇ ਇਕ ਕਿਸਾਨ ਨੂੰ ਵੱਧ ਤੋਂ ਵੱਧ ਪੰਜ ਏਕੜ ਤੱਕ ਦਿੱਤੀ ਜਾਵੇਗੀ।ਇਸ ਤੋਂ ਇਲਾਵਾ ਨਦੀਨ ਨਾਸ਼ਕ, ਕੀਟ ਨਾਸ਼ਕ ਅਤੇ ਜ਼ਿੰਕ ਸਲਫੇਟ ’ਤੇ ਵੀ ਸਬਸਿਡੀ ਮਿਲੇਗੀ।ਨਦੀਨ ਨਾਸ਼ਕ, ਕੀਟ ਨਾਸ਼ਕ ਅਤੇ ਜ਼ਿੰਕ ਸਲਫੇਟ ਜ਼ਿਮੀਂਦਾਰ ਮਾਰਕੀਟ ਤੋਂ ਪੂਰੀ ਕੀਮਤ ਅਦਾ ਕਰਕੇ ਖ਼ਰੀਦ ਕਰਨ ਉਪਰੰਤ ਬਿੱਲ ਆਪਣੇ ਬਲਾਕ ਦੇ ਖੇਤੀਬਾੜੀ ਅਫ਼ਸਰ ਨੂੰ ਜਮ੍ਹਾ ਕਰਵਾਏਗਾ।ਇਨ੍ਹਾਂ ਇਨਪੁਟਸ ’ਤੇ ਸਬਸਿਡੀ ਕਿਸਾਨਾਂ ਦੇ ਬੈਂਕ ਖਾਤਿਆਂ ਵਿਚ ਜਮ੍ਹਾ ਕਰਵਾ ਦਿੱਤੀ ਜਾਵੇਗੀ।ਜਿਹੜੇ ਵੀ ਜ਼ਿਮੀਂਦਾਰ ਇਸ ਦਾ ਲਾਭ ਉਠਾਉਣਾ ਚਾਹੁੰਦੇ ਹਨ, ਉਹ ਆਪਣਾ ਬਿਨੇ ਪੱਤਰ ਪਿੰਡ ਦੇ ਸਰਪੰਚ ਤੋਂ ਤਸਦੀਕ ਕਰਵਾ ਅਤੇ ਖ਼ਰੀਦ ਕੀਤੇ ਬੀਜ਼, ਨਦੀਨ ਨਾਸ਼ਕ/ਕੀਟ ਨਾਸ਼ਕ ਦਾ ਬਿੱਲ, ਬੈਂਕ ਖਾਤੇ ਦੀ ਕਾਪੀ ਅਤੇ ਆਧਾਰ ਕਾਰਡ ਦੀ ਕਾਪੀ ਜ਼ਰੂਰ ਨੱਥੀ ਕਰਕੇ ਆਪਣੇ ਬਲਾਕ ਦੇ ਖੇਤੀਬਾੜੀ ਅਫ਼ਸਰ ਜਾਂ ਨੇੜ੍ਹਲੇ ਖੇਤੀਬਾੜੀ ਵਿਕਾਸ ਅਫ਼ਸਰ ਨੂੰ ਜਮ੍ਹਾ ਕਰਵਾਉਣ।ਉਨ੍ਹਾਂ ਕਿਹਾ ਕਿ ਆਧਾਰ ਨੰਬਰ ਤੋਂ ਬਗੈਰ ਕਿਸੇ ਵੀ ਕਿਸਾਨ ਨੂੰ ਸਬਸਿਡੀ ਨਹੀਂ ਦਿੱਤੀ ਜਾਵੇਗੀ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …