ਲੁਧਿਆਣਾ ਜ਼ਿਲ੍ਹੇ ਦੇ ਬਲਾਕਾਂ ‘ਚ ਕੰਮ ਕਰਦੇ ਕਰਮਚਾਰੀਆਂ ਨੂੰ ਦਿੱਤੇ ਨੌਕਰੀ ਤੋਂ ਕੱਢਣ ਦੇ ਚਿਤਾਵਨੀ ਪੱਤਰ
ਸਮਰਾਲਾ, 11 ਜੂਨ (ਇੰਦਰਜੀਤ ਸਿੰਘ ਕੰਗ) – ਬੀ.ਡੀ.ਪੀ.ਓ ਦਫਤਰਾਂ ਵਿਖੇ ਇੱਕ ਜੂਨ ਤੋਂ ਮਗਨਰੇਗਾ ਕਰਮਚਾਰੀਆਂ ਦੀ ਚੱਲ ਰਹੀ ਹੜਤਾਲ ਅੱਜ 10ਵੇਂ ਦਿਨ
ਵਿੱਚ ਦਾਖਲ ਹੋ ਗਈ।ਬਲਾਕ ਪ੍ਰਧਾਨ ਨਰਿੰਦਰ ਕੁਮਾਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਨੋਟੀਫਿਕੇਸ਼ਨ ਅਨੁਸਾਰ ਮਗਨਰੇਗਾ ਕਰਮਚਾਰੀਆਂ ਨੂੰ ਪ੍ਰਤੀ ਸਾਲ 10 ਪ੍ਰਤੀਸ਼ਤ ਵਾਧਾ ਦੇਣਾ ਹੁੰਦਾ ਹੈ।ਪ੍ਰੰਤੂ ਜ਼ਿਲ੍ਹਾ ਲੁਧਿਆਣਾ ਦੇ ਮਗਨਰੇਗਾ ਕਰਮਚਾਰੀਆਂ ਦੀ ਤਨਖਾਹ ਵਿੱਚ ਪਿਛਲੇ ਦੋ ਸਾਲਾਂ ਤੋਂ ਇਹ ਵਾਧਾ ਨਹੀਂ ਲਗਾਇਆ ਗਿਆ।ਜ਼ਿਲ੍ਹਾ ਲੁਧਿਆਣਾ ਵਿਖੇ ਪੰਜਾਬ ਸਰਕਾਰ ਦੀਆਂ ਹਦਾਇਤਾਂ ਦੇ ਉਲਟ ਜਾ ਕੇ ਕੇਵਲ ਜ਼ਿਲ੍ਹਾ ਪੱਧਰ ‘ਤੇ ਕੰਮ ਕਰਦੇ ਕਰਮਚਾਰੀਆਂ ਦਾ ਵਾਧਾ ਲਗਾ ਦਿੱਤਾ ਗਿਆ ਸੀ।ਇਸ ਸਬੰਧੀ ਜ਼ਿਲ੍ਹੇ ਦੇ ਉਚ ਅਧਿਕਾਰੀਆਂ ਨੂੰ ਮੰਗ ਪੱਤਰਾਂ ਰਾਹੀਂ ਜਾਣੂ ਵੀ ਕਰਵਾਇਆ ਗਿਆ ਸੀ ਕਿ ਜੇਕਰ ਬਲਾਕਾਂ ਵਿੱਚ ਕੰਮ ਕਰਦੇ ਮਗਨਰੇਗਾ ਕਰਮਚਾਰੀਆਂ ਦਾ ਦੋ ਸਾਲਾਂ ਦਾ ਬਕਾਇਆ 10 ਪ੍ਰਤੀਸ਼ਤ ਤਨਖਾਹ ਦੇ ਵਾਧੇ ਦੀ ਮੁੱਖ ਮੰਗ ਨੂੰ ਪੂਰਾ ਨਾ ਕੀਤਾ ਗਿਆ ਤਾਂ ਕਰਮਚਾਰੀ ਇੱਕ ਜੂਨ ਤੋਂ ਅਣਮਿੱਥੇ ਸਮੇਂ ਲਈ ਕਲਮ ਛੋੜ ਹੜਤਾਲ ‘ਤੇ ਚਲੇ ਜਾਣਗੇ।
ਇਸੇ ਦੌਰਾਨ ਅੱਜ 10 ਦਿਨ ਬੀਤ ਜਾਣ ਉਪਰੰਤ ਜ਼ਿਲ੍ਹੇ ਦੇ ਸਾਰੇ ਬਲਾਕਾਂ ਦੇ ਕਰਮਚਾਰੀਆਂ ਨੂੰ ਬਣਦਾ ਇੰਨਕਰੀਮੈਂਟ ਲਗਾਉਣ ਦੀ ਥਾਂ ਨੌਕਰੀ ਤੋਂ ਕੱਢਣ ਦੇ ਚੇਤਾਵਨੀ ਪੱਤਰ ਜਾਰੀ ਕਰ ਦਿੱਤੇ ਗਏ ਹਨ, ਜਿਸ ਕਾਰਨ ਬਲਾਕਾਂ ਵਿੱਚ ਕੰਮ ਕਰਦੇ ਕਰਮਚਾਰੀਆਂ ਵਿੱਚ ਭਾਰੀ ਰੋਸ ਪਾਇਆ ਜਾ ਰਿਹਾ ਹੈ।ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇਕਰ ਉਨ੍ਹਾਂ ਦੇ ਮਸਲੇ ਦਾ ਹੱਲ ਜਲਦੀ ਤੋਂ ਜਲਦੀ ਨਾ ਕੱਢਿਆ ਗਿਆ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਅਤੇ ਜ਼ਿਲ੍ਹਾ ਪੱਧਰੀ ਰੋਸ ਮੁਜਾਹਰੇ ਕੀਤੇ ਜਾਣਗੇ।
ਇਸ ਮੌਕੇ ਲਖਵਿੰਦਰ ਸਿੰਘ ਏ.ਪੀ.ਓ, ਨਰਿੰਦਰ ਕੁਮਾਰ ਟੀ.ਏ, ਇੰਦਰਪ੍ਰੀਤ ਕੌਰ ਅਕਾਂਊਂਟੈਂਟ, ਹਰਜਿੰਦਰ ਸੀ.ਏ, ਦਲਵੀਰ ਸਿੰਘ, ਤੇਜਿੰਦਰ ਸਿੰਘ, ਪ੍ਰਗਟ ਸਿੰਘ ਅਤੇ ਪ੍ਰਭਜੋਤ ਸਿੰਘ ਆਦਿ ਹਾਜ਼ਰ ਸਨ।
Punjab Post Daily Online Newspaper & Print Media