Monday, December 23, 2024

ਡਾ. ਓਬਰਾਏ ਦੇ ਯਤਨਾਂ ਸਦਕਾ ਸਾਊਦੀ ਅਰਬ ਤੋਂ ਵਤਨ ਪੁੱਜੀ 27 ਸਾਲਾ ਜੋਬਨਦੀਪ ਦਾ ਮ੍ਰਿਤਕ ਦੇਹ

ਸਰਬੱਤ ਦਾ ਭਲਾ ਟਰੱਸਟ ਨੇ ਪੀੜਤ ਪਰਿਵਾਰ ਨੂੰ ਮਹੀਨਾਵਾਰ ਪੈਨਸ਼ਨ ਦੇਣ ਦਾ ਕੀਤਾ ਐਲਾਨ

ਅੰਮ੍ਰਿਤਸਰ, 11 ਜੂਨ (ਜਗਦੀਪ ਸਿੰਘ) – ਦੁਬਈ ਦੇ ਉਘੇ ਸਿੱਖ ਕਾਰੋਬਾਰੀ ਅਤੇ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਸਰਪ੍ਰਸਤ ਡਾ.ਐਸ.ਪੀ ਸਿੰਘ ਓਬਰਾਏ ਦੇ ਯਤਨਾਂ ਸਦਕਾ 27 ਸਾਲਾ ਜੋਬਨਦੀਪ ਸਿੰਘ ਪੁੱਤਰ ਤਜਿੰਦਰ ਸਿੰਘ ਦੀ ਮ੍ਰਿਤਕ ਦੇਹ ਅੱਜ ਆਬੂਧਾਬੀ ਤੋਂ ਉਸ ਦੇ ਜੱਦੀ ਪਿੰਡ ਮੱਤੇਵਾਲ ਜਿਲ੍ਹਾ ਅੰਮ੍ਰਿਤਸਰ ਵਿਖੇ ਪਹੁੰਚੀ, ਜਿਥੇ ਉਸ ਦਾ ਅੰਤਿਮ ਸਸਕਾਰ ਕੀਤਾ ਗਿਆ।
                     ਟਰੱਸਟ ਦੇ ਬਾਨੀ ਡਾ.ਐਸ.ਪੀ ਸਿੰਘ ਓਬਰਾਏ ਨੇ ਦੱਸਿਆ ਕਿ ਜੋਬਨਦੀਪ ਸਿੰਘ ਆਪਣੇ ਪਰਿਵਾਰ ਦੇ ਆਰਥਿਕ ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ `ਚ ਕਰੀਬ 3 ਸਾਲ ਪਹਿਲਾਂ ਦੁਬਈ ਮਿਹਨਤ ਮਜ਼ਦੂਰੀ ਕਰਨ ਲਈ ਗਿਆ ਸੀ।ਉਹ ਦੁਬਈ ਦੀ ਇੱਕ ਕੰਪਨੀ `ਚ ਬਤੌਰ ਡਰਾਈਵਰ ਕੰਮ ਕਰਦਾ ਹੋਣ ਕਾਰਨ ਉਹ ਦੁਬਈ ਤੋਂ ਸਾਊਦੀ ਅਰਬ ਟਰਾਲਾ ਲੈ ਕੇ ਗਿਆ ਸੀ ਕਿ ਬੀਤੀ 20 ਮਈ ਦੀ ਰਾਤ ਨੂੰ ਅਚਾਨਕ ਉਸ ਦੇ ਟਰਾਲੇ ਦਾ ਅਗਲਾ ਟਾਇਰ ਫਟਣ ਕਰਕੇ ਹੋਏ ਹਾਦਸੇ ਦੌਰਾਨ ਸਿਰ `ਚ ਗੰਭੀਰ ਸੱਟਾਂ ਲੱਗਣ ਨਾਲ ਜੋਬਨਦੀਪ ਦੀ ਮੌਤ ਹੋ ਗਈ ਸੀ।
                          ਇਸ ਘਟਨਾ ਸਬੰਧੀ ਉਨ੍ਹਾਂ ਨਾਲ ਜੋਬਨਦੀਪ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਹਲਕਾ ਮਜੀਠਾ ਤੋਂ ਵਿਧਾਇਕ ਤੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਫੋਨ `ਤੇ ਪੀੜਤ ਪਰਿਵਾਰ ਦੀ ਮਾੜੀ ਆਰਥਿਕ ਹਾਲਤ ਦਾ ਹਵਾਲਾ ਦਿੰਦਿਆਂ ਮ੍ਰਿਤਕ ਦੇਹ ਭਾਰਤ ਪਹੁੰਚਾਉਣ `ਚ ਸਹਿਯੋਗ ਕਰਨ ਲਈ ਕਿਹਾ ਸੀ।ਡਾ. ਓਬਰਾਏ ਨੇ ਦੱਸਿਆ ਕਿ ਉਨ੍ਹਾਂ ਵਲੋਂ ਸਾਊਦੀ ਅਰਬ ਵਿਚਲੇ ਭਾਰਤੀ ਦੂਤਾਵਾਸ ਨਾਲ ਸੰਪਰਕ ਕਰਨ ਤੇ ਭਾਰਤੀ ਦੂਤਾਵਾਸ ਨੇ ਜੋਬਨ ਦੇ ਮ੍ਰਿਤਕ ਸਰੀਰ ਨੂੰ ਸਾਊਦੀ ਅਰਬ ਤੋਂ ਬਰਾਸਤਾ ਦੁਬਈ ਅੱਜ ਤੜਕਸਾਰ ਦਿੱਲੀ ਭੇਜ ਦਿੱਤਾ ਸੀ।ਜਿਸ ਉਪਰੰਤ ਦਿੱਲੀ ਏਅਰਪੋਰਟ `ਤੇ ਟਰੱਸਟ ਦੀ ਪਾਣੀਪਤ ਇਕਾਈ ਦੇ ਪ੍ਰਧਾਨ ਹਰਵਿੰਦਰ ਸਿੰਘ ਲਾਡੀ ਨੇ ਸਾਰੀ ਲੋੜੀਂਦੀ ਕਾਗਜ਼ੀ ਕਾਰਵਾਈ ਮੁਕੰਮਲ ਕਰਵਾ ਕੇ ਟਰੱਸਟ ਵੱਲੋਂ ਪਟਿਆਲੇ ਤੋਂ ਦਿੱਲੀ ਭੇਜੀ ਗਈ ਵੱਡੀ ਅੰਤਿਮ ਯਾਤਰਾ ਵੈਨ ਰਾਹੀਂ ਮ੍ਰਿਤਕ ਸਰੀਰ ਨੂੰ ਜੋਬਨ ਦੇ ਜੱਦੀ ਪਿੰਡ ਮੱਤੇਵਾਲ ਵਿਖੇ ਭੇਜ ਦਿੱਤਾ ਗਿਆ।ਉਨ੍ਹਾਂ ਇਹ ਵੀ ਦੱਸਿਆ ਕਿ ਜੋਬਨਦੀਪ ਦੀ ਮ੍ਰਿਤਕ ਦੇਹ ਭੇਜਣ `ਚ ਉਸ ਦੀ ਕੰਪਨੀ ਨੇ ਵੀ ਜਿੱਥੇ ਉਨ੍ਹਾਂ ਨੂੰ ਪੂਰਨ ਸਹਿਯੋਗ ਦਿੱਤਾ, ਉਥੇ ਭਰੋਸਾ ਵੀ ਦਿੱਤਾ ਹੈ ਕਿ ਉਹ ਇੰਸ਼ੋਰੈਂਸ ਆਦਿ ਦੀ ਰਕਮ ਉਸਦੇ ਮਾਪਿਆਂ ਨੂੰ ਦਿਵਾਉਣ ਲਈ ਹਰ ਸੰਭਵ ਯਤਨ ਕਰਨਗੇ।
                         ਪੀਡ਼ਤ ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਟਰੱਸਟ ਦੇ ਸਲਾਹਕਾਰ ਸੁਖਦੀਪ ਸਿੱਧੂ, ਮਾਝਾ ਜ਼ੋਨ ਪ੍ਰਧਾਨ ਸੁਖਜਿੰਦਰ ਸਿੰਘ ਹੇਰ, ਜਨਰਲ ਸਕੱਤਰ ਮਨਪ੍ਰੀਤ ਸੰਧੂ, ਨਵਜੀਤ ਸਿੰਘ ਘਈ, ਸਿਸ਼ਪਾਲ ਲਾਡੀ ਨੇ ਦੱਸਿਆ ਕਿ ਪਰਿਵਾਰ ਦੀ ਆਰਥਿਕ ਹਾਲਤ ਵੇਖਣ ਉਪਰੰਤ ਉਨ੍ਹਾਂ ਟਰੱਸਟ ਮੁਖੀ ਡਾ. ਓਬਰਾਏ ਨਾਲ ਸਲਾਹ ਮਸ਼ਵਰਾ ਕਰਕੇ ਟਰੱਸਟ ਵਲੋਂ ਪੀੜਤ ਪਰਿਵਾਰ ਨੂੰ ਮਹੀਨਾਵਾਰ ਪੈਨਸ਼ਨ ਦੇਣ ਦਾ ਫੈਸਲਾ ਵੀ ਲਿਆ ਹੈ।

Check Also

ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ

ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …