ਕਾਂਜਲੀ ਵੈਟਲੈਂਡ ਵਿਖੇ ਚੱਲ ਰਹੇ ਕੰਮ ਦਾ ਕੀਤਾ ਨਿਰੀਖਣ
ਕਪੂਰਥਲਾ, 28 ਜੂਨ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਕਪੂਰਥਲਾ ਸ੍ਰੀਮਤੀ ਦੀਪਤੀ ਉੱਪਲ ਨੇ ਡਰੇਨਜ਼ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ
ਹਨ ਕਿ ਉਹ ਹੜ੍ਹਾਂ ਦੀ ਰੋਕਥਾਮ ਲਈ ਡਰੇਨਾਂ ਦੀ ਸਫਾਈ ਦੇ ਚੱਲ ਰਹੇ ਕੰਮ ਨੂੰ ਤੇਜ਼ੀ ਨਾਲ ਮੁਕੰਮਲ ਕਰਨ ।
ਡਿਪਟੀ ਕਮਿਸ਼ਨਰ ਵਲੋਂ ਅੱਜ ਜਿਲ੍ਹੇ ਦੇ ਉਚ ਅਧਿਕਾਰੀਆਂ ਸਮੇਤ ਵਡਾਲਾ ਡਰੇਨ ਅਤੇ ਵੈਸਟ ਬੇਈਂ ਵਿਖੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ ਗਿਆ।
ਉਨਾਂ ਕਿਹਾ ਕਿ ਆਗਾਮੀ ਮੌਨਸੂਨ ਸੀਜ਼ਨ ਤੋਂ ਪਹਿਲਾ ਡਰੇਨਾਂ ਦੀ ਸਫਾਈ ਯਕੀਨੀ ਬਣਾਈ ਜਾਵੇ ਅਤੇ ਵਿਸ਼ੇਸ਼ ਕਰਕੇ ਪੁਲਾਂ ਹੇਠ ਕਿਸੇ ਵੀ ਕਿਸਮ ਦੀ ਬੂਟੀ ਆਦਿ ਨੂੰ ਸਾਫ ਕੀਤਾ ਜਾਵੇ।ਡਰੇਨੇਜ ਵਿਭਾਗ ਵਲੋਂ ਵਡਾਲਾ ਡਰੇਨ ਨੂੰ 31 ਹਜ਼ਾਰ ਫੁੱਟ ਦੀ ਲੰਬਾਈ ਤੱਕ ਜਦਕਿ ਵੈਸਟ ਬੇਈਂ ਨੂੰ 29500 ਫੁੱਟ ਲੰਬਾਈ ਤੱਕ ਸਾਫ ਕੀਤਾ ਜਾਵੇਗਾ।
ਡਿਪਟੀ ਕਮਿਸ਼ਨਰ ਵਲੋਂ ਕਾਂਜਲੀ ਵੈਟਲੈਂਡ ਵਿਖੇ ਚੱਲ ਰਹੇ ਕੰਮ ਦਾ ਵੀ ਜਾਇਜ਼ਾ ਲਿਆ ਗਿਆ।ਇਸ ਤੋਂ ਇਲਾਵਾ ਉਨਾਂ ਕਾਂਜਲੀ ਵਿਖੇ ਹੀ ਬਣੇ ਘਰਾਟਾਂ ਦਾ ਵੀ ਦੌਰਾ ਕੀਤਾ।ਉਨਾਂ ਕਿਹਾ ਕਿ ਕਾਂਜਲੀ ਵੈਟਲੈਂਡ ਵਿਖੇ ਬੂਟੀ ਦੀ ਸਮੱਸਿਆ ਦੇ ਪੱਕੇ ਹੱਲ ਲਈ ਫਾਈਬਰ ਬਲਾਕ ਲਾਉਣ ਬਾਰੇ ਪ੍ਰਸਤਾਵ ਇੱਕ ਹਫਤੇ ਦੇ ਅੰਦਰ ਸੌਂਪਿਆ ਜਾਵੇ।
ਉਨਾਂ ਐਸ.ਡੀ.ਐਮ ਕਪੂਰਥਲਾ ਵਰਿੰਦਰ ਪਾਲ ਸਿੰਘ ਬਾਜਵਾ ਨੂੰ ਕਿਹਾ ਕਿ ਉਹ ਕੰਮ ਨੂੰ ਸਮੇਂ ਸਿਰ ਮੁਕੰਮਲ ਕਰਨ ਲਈ ਨਿੱਜੀ ਤੌਰ ’ਤੇ ਕੰਮ ਦੀ ਨਿਗਰਾਨੀ ਕਰਨ।ਇਸ ਤੋਂ ਇਲਾਵਾ ਐਸ.ਡੀ.ਐਮ ਕਪੂਰਥਲਾ ਵਰਿੰਦਰਪਾਲ ਸਿੰਘ ਬਾਜਵਾ ਵਲੋਂ ਵੀ ਡਿਪਟੀ ਕਮਿਸ਼ਨਰ ਦੇ ਹੁਕਮਾਂ ’ਤੇ ਬਾਘੂਵਾਲਾ ਪੱਤਣ ਵਿਖੇ ਚੱਲ ਰਹੇ ਕੰਮ ਦਾ ਨਿਰੀਖਣ ਕੀਤਾ ਗਿਆ।
ਇਸ ਮੌਕੇ ਜਿਲ੍ਹਾ ਮਾਲ ਅਫਸਰ ਪਰਮਜੀਤ ਸਿੰਘ ਸਹੋਤਾ, ਐਸ.ਡੀ.ਓ ਗੁਰਚਰਨ ਸਿੰਘ ਪੰਨੂ, ਸੁਪਰਡੈਂਟ ਸਤਬੀਰ ਸਿੰਘ ਹਾਜ਼ਰ ਸਨ।
Punjab Post Daily Online Newspaper & Print Media