ਪੰਥਕ ਰਵਾਇਤਾਂ ਤੇ ਸੰਗਤਾਂ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰੇਗੀ ਦਿੱਲੀ ਕਮੇਟੀ

ਨਵੀਂ ਦਿੱਲੀ, 6 ਨਵੰਬਰ (ਅੰਮ੍ਰਿਤ ਲਾਲ ਮੰਨਣ) -ਉਹ ਕਮੇਟੀਆਂ ਗਈਆਂ ਜਿਹੜੀਆਂ ਸਰਕਾਰਾਂ ਦੀਆਂ ਝੋਲੀਆਂ ਚੁੱਕਦੀਆਂ ਸਨ, ਇਹ ਕਮੇਟੀ ਪੰਥਕ ਰਵਾਇਤਾਂ ਅਤੇ ਸੰਗਤਾਂ ਦੀਆਂ ਜ਼ਰੂਰਤਾਂ ਤੇ ਭਾਵਨਾਵਾਂ ਦੀ ਤਰਜ਼ਮਾਨੀ ਕਰਨ ਵਾਲੀ ਕਮੇਟੀ ਹੈ। ਜਿਹੜੀ ਕਦੇ ਵੀ ਆਪਣੇ ਲਈ ਕੁੱਝ ਭਾਲਣ ਤੋਂ ਪਹਿਲਾਂ ਕੌਮ ਦੀ ਚੜ੍ਹਦੀ ਕਲਾ ਲਈ ਆਪਣੀ ਹੋਂਦ ਨੂੰ ਦਾਅ ਉਤੇ ਲਾਉਣ ਤੋਂ ਵੀ ਪਿਛੇ ਨਹੀਂ ਹਟੇਗੀ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੇ ਆਪਣੇ ਮਨ ਦੇ ਵਲਵੱਲਿਆ ਨੂੰ ਗੁਰਦੁਆਰਾ ਰਕਾਬ ਗੰਜ ਸਾਹਿਬ ਦੇ ਭਾਈ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਹੋਈ ਪੰਥਕ ਤਕਰੀਰ ਦੌਰਾਨ ਸੰਗਤਾਂ ਨੂੰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦੇ ਹੋਏ ਕੀਤਾ। ਪੰਥ ਪ੍ਰਸਿੱਧ ਰਾਗੀ ਜੱਥਿਆਂ ਵੱਲੋਂ ਕੀਤੇ ਗਏ ਗੁਰਬਾਣੀ ਦੇ ਕੀਰਤਨ ਦੌਰਾਨ ਹਜ਼ਾਰਾਂ ਦੀ ਤਾਦਾਦ ਵਿੱਚ ਮੌਜੂਦ ਸੰਗਤਾਂ ਦੇ ਇਕੱਠ ਨੂੰ ਸੰਬੋਧਨ ਕਰਦੇ ਹੋਏ ਜਿਥੇ ਜੀ.ਕੇ. ਨੇ ਕਮੇਟੀ ਵੱਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਸੰਗਤਾਂ ਨੂੰ ਜਾਣੂੰ ਕਰਾਇਆ ਉਥੇ ਹੀ ਗੁਰੂ ਨਾਨਕ ਸਾਹਿਬ ਜੀ ਦੀਆਂ ਸਿੱਖਿਆਵਾਂ ਅਤੇ ਕਮੇਟੀ ਵੱਲੋਂ ਆਰੰਭੇ ਗਏ ਕਾਰਜਾਂ ਦੇ ਨਤੀਜਿਆਂ ਦੀ ਵੀ ਸੰਗਤਾਂ ਦੀ ਸੰਗਤਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿੱਤੀ।
ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਨੇ ਪ੍ਰਕਾਸ਼ ਪੁਰਬ ਦੀ ਵਧਾਈ ਸੰਗਤਾਂ ਨਾਲ ਸਾਂਝੇ ਕਰਦਾ ਹੋਏ ਕਮੇਟੀ ਵੱਲੋਂ ਸੰਗਤਾਂ ਦੀ ਸਹੂਲੀਅਤ ਵਾਸਤੇ ਕੀਤੇ ਜਾ ਰਹੇ ਕਾਰਜਾਂ ਦਾ ਵੇਰਵਾ ਦੱਸਣ ਦੌਰਾਨ ਸੰਗਤਾਂ ਪਾਸੋਂ ਚਲ ਰਹੇ ਕਾਰਜਾਂ ਵਿੱਚ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਵੀ ਅਪੀਲ ਕੀਤੀ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਬੀਤੇ ਦਿਨੀਂ ਉਦਘਾਟਨ ਕੀਤੇ ਗਏ ਸ੍ਰੀ ਗੁਰੂ ਗ੍ਰੰਥ ਸਾਹਿਬ ਰਿਸਰਚ ਸੈਂਟਰ ਨੂੰ ਜਿਥੇ ਪਿਛਲੀ ਕਮੇਟੀ ਨੇ ਆਪਣੇ ਦਫਤਰ ਕਾਇਮ ਕੀਤੇ ਸੀ ਦੀ ਬਿਲਡਿੰਗ ਵਿੱਚ ਮੁੜ ਤੋਂ ਰਿਸਰਚ ਸੈਂਟਰ ਅਤੇ ਮਲਟੀਮੀਡੀਆ ਰਿਸੋਰਸ ਸੈਂਟਰ ਅਤੇ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲਾਂ ਵਿੱਚ ਅਗਲੇ ਸੈਸ਼ਨ ਤੋਂ ਦੁਪਹਿਰ ਦੀ ਸਿਫਟ ਵਿੱਚ ਲੋੜਵੰਦ ਵਿਦਿਆਰਥੀਆਂ ਨੂੰ ਮਿਆਰੀ ਸਿੱਖਿਆ ਦੇਣ ਦੀ ਆਰੰਭਤਾ ਕਰਨ ਲਈ ਈਵਨਿੰਗ ਸਕੂਲ ਖੋਲਣ ਦੀ ਵੀ ਸਿਰਸਾ ਨੇ ਜਾਣਕਾਰੀ ਦਿੱਤੀ। ਸਿਰਸਾ ਨੇ ਅਫਸੋਸ ਜਿਤਾਇਆ ਕਿ 1984 ਵਿੱਚ ਸਾਡੇ ਉਤੇ ਸਰਕਾਰੀ ਮਸ਼ੀਨਰੀ ਦੀ ਦੁਰਵਰਤੋਂ ਕਰਕੇ ਜੋ ਅਤਿਆਚਾਰ ਕੀਤਾ ਗਿਆ ਪਰ ਅਸੀਂ ਸ਼ੇਰ ਦੇ ਬੱਚੇ ਹਾਂ ਤੇ ਉਸਦੇ ਜਵਾਬ ਵਿੱਚ ਕੌਮ ਵੱਲੋਂ ਸਦਾ ਹੀ ਗਰੀਬ ਗੁਰਬੇ ਦੀ ਮਦਦ ਕਰਦੇ ਹੋਏ ਆਪਣੇ ਵਿਲੱਖਣ ਸਰੂਪ ਅਤੇ ਵਿਚਾਰਧਾਰਾ ਨੂੰ ਪੇਸ਼ ਕਰਨ ਵਿੱਚ ਕੋਈ ਗੁਰੇਜ ਨਹੀਂ ਕੀਤਾ ਗਿਆ। ਉਨ੍ਹਾਂ ਨੇ ਕਿਹਾ ਕਿ ਮੇਰਾ ਸਿਰ ਸਿਰਫ ਗੁਰੂ ਮਹਾਰਾਜ ਦੇ ਚਰਨਾਂ ਅਤੇ ਸੰਗਤ ਦੀ ਸੇਵਾ ਵਿੱਚ ਝੁਕੇ ਕਿਉਂਕਿ ਜਿਸ ਮੁਕਾਮ ਉਤੇ ਸੰਗਤ ਦੀ ਸੇਵਾ ਗੁਰੂ ਮਹਾਰਾਜ ਨੇ ਬਖਸ਼ੀ ਹੈ ਉਸ ਦੀ ਮਹਿਮਾਂ ਦਾ ਵਰਨਣ ਨਹੀਂ ਕੀਤਾ ਜਾ ਸਕਦਾ।

ਰਵਿੰਦਰ ਨਾਥ ਟੈਗੋਰ ਵੱਲੋਂ ਗੁਰੂ ਨਾਨਕ ਸਾਹਿਬ ਵੱਲੋਂ ਉਚਾਰੀ ਗਈ ਆਰਤੀ ਨੂੰ ਰਾਸ਼ਟਰ ਗਾਣ ਦੇ ਬਰਾਬਰ ਦੱਸਣ ਦਾ ਹਵਾਲਾ ਦਿੰਦੇ ਹੋਏ ਜੀ.ਕੇ. ਨੇ ਕਿਹਾ ਗੁਰੂ ਨਾਨਕ ਸਾਹਿਬ ਮੱਕੇ ਤੇ ਹਰਿਦੁਆਰ ਗਏ ਪਰ ਗੁਰਮਤਿ ਦੀ ਰੋਸ਼ਨੀ ਫੈਲਾਉਂਦੇ ਹੋਏ ਉਨ੍ਹਾਂ ਨੇ ਕਿਸੇ ਵੀ ਧਰਮ ਨੂੰ ਨੀਵਾਂ ਨਹੀਂ ਦਿਖਾਇਆ। ਗੁਰੂ ਸਾਹਿਬ ਵੱਲੋਂ 20 ਰੁਪਏ ਦੇ ਨਾਲ ਸ਼ੁਰੂ ਕੀਤੇ ਗਏ ਲੰਗਰ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਉਤਰਾਖੰਡ ਅਤੇ ਕਸ਼ਮੀਰ ਹੜ੍ਹਾਂ ਦੌਰਾਨ ਕਮੇਟੀ ਵੱਲੋਂ ਕੀਤੇ ਗਏ ਕਾਰਜਾਂ ਦਾ ਜਿਕਰ ਕੀਤਾ। ਲੰਗਰ, ਵਿਧਵਾ ਵਿਆਹ ਅਤੇ ਰੈਡ ਕਰਾਸ ਵਰਗੀਆਂ ਸਮਾਜਿਕ ਭਲਾਈ ਦੀਆਂ ਚੀਜ਼ਾਂ ਨੁੰ ਸ਼ੁਰੂ ਕਰਨ ਵਾਸਤੇ ਗੁਰੂ ਸਾਹਿਬ ਵੱਲੋਂ ਦਿੱਤੇ ਯੋਗਦਾਨ ਦਾ ਵੀ ਉਨ੍ਹਾਂ ਜ਼ਿਕਰ ਕੀਤਾ। ਕਮੇਟੀ ਵੱਲੋਂ ਛੇਤੀ ਹੀ ਸ਼ੁਰੂ ਕੀਤੇ ਜਾ ਰਹੇ ਰਿਸਰਚ ਸੈਂਟਰ ਨੁੰ ਵੀ ਕੌਮ ਦਾ ਇਤਿਹਾਸਕ ਅਦਾਰਾ ਐਲਾਨਿਆ। ਸਰਕਾਰੀ ਯੋਜਨਾਵਾਂ ਤਹਿਤ ਘੱਟ ਗਿਣਤੀ ਬੱਚਿਆਂ ਨੂੰ ਫੀਸ ਮਾਫੀ ਦਿਵਾਉਣ ਲਈ ਕਮੇਟੀ ਦੀ ਮਾਇਨੋਰਟੀ ਅਵੇਰਨੈਸ ਸੈਲ ਵੱਲੋਂ ਪਿਛਲੇ ਸਾਲ ਦੇ 13 ਕਰੋੜ 47 ਲੱਖ ਦੇ ਮੁਕਾਬਲੇ ਇਸ ਵਾਰ 39 ਕਰੋੜ 50 ਲੱਖ ਦੀ ਰਕਮ ਲੋੜਵੰਦ ਬੱਚਿਆਂ ਤੱਕ ਕਮੇਟੀ ਦੇ ਕਾਰਜਾਂ ਕਰਕੇ ਪੁੱਜਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਕਮੇਟੀ ਦੇ ਉਚ ਵਿਦਿਅਕ ਅਦਾਰਿਆਂ ਦੇ ਬੱਚਿਆਂ ਨੁੰ ਪਿਛਲੇ ਸਾਲ 500 ਤੋਂ 600 ਬੱਚਿਆਂ ਨੂੰ ਵੱਡੀ ਕੰਪਨੀ ਇਨਫੋਸਿਸ ਤੇ ਰਿਲਾਇੰਸ ਆਦਿਕ ਵਿੱਚ ਨੌਕਰੀਆਂ ਮਿਲਣ ਦਾ ਹਵਾਲਾ ਦਿੰਦੇ ਹੋਏ ਰਿਲਾਇੰਸ 4ਜੀ ਦੇ ਮੀਤ ਪ੍ਰਧਾਨ ਆਰ ਸੁਬਰਮਨੀਅਮ ਅਈਅਰ ਦੀ ਮੌਜ਼ੂਦਗੀ ਵਿੱਚ ਆਪਣੇ ਅਦਾਰਿਆਂ ਦੇ ਇਸ ਸਾਲ ਲੱਗਭੱਗ 2200 ਬੱਚਿਆਂ ਨੂੰ ਨੌਕਰੀ ਮਿਲਣ ਦੀ ਜਾਣਕਾਰੀ ਦੇਣ ਦੇ ਨਾਲ ਹੀ ਅਗਲੇ ਸਾਲ ਦਾ ਟੀਚਾ ਕਮੇਟੀ ਵੱਲੋਂ 6000 ਬੱਚਿਆਂ ਨੂੰ ਵੱਡੀਆਂ ਕੰਪਨੀਆਂ ਵਿੱਚ ਨੌਕਰੀ ਦਿਵਾਉਣ ਦਾ ਵੀ ਦੱਸਿਆ।
ਕੱਲ ਨਿਕਲੇ ਨਗਰ ਕੀਰਤਨ ਦੌਰਾਨ 50 ਸਾਲ ਦੇ ਵਿੱਚ ਪਹਿਲੀ ਵਾਰ ਸਫਾਈ ਜੱਥਿਆਂ ਵੱਲੋਂ ਕੀਤੀ ਗਈ ਨਗਰ ਕੀਰਤਨ ਰੂਟ ਦੀ ਸਫਾਈ ਦਾ ਮੀਡੀਆ ਵੱਲੋਂ ਵਿਸ਼ੇਸ਼ ਸ਼ਲਾਘਾ ਕੀਤੇ ਜਾਣ ਦੀ ਗੱਲ ਕਰਦੇ ਹੋਏ ਜੀ.ਕੇ. ਨੇ ਕਮੇਟੀ ਵੱਲੋਂ ਸਫਾਈ ਦੇ ਮਸਲੇ ਉਤੇ ਕਮੇਟੀ ਦੇ ਪ੍ਰੋਗਰਾਮਾਂ ਦੌਰਾਨ ਹੋਰ ਧਿਆਨ ਰੱਖਣ ਦਾ ਵੀ ਸੰਗਤਾਂ ਨੂੰ ਭਰੋਸਾ ਦਿੱਤਾ। ਗੁਰੂ ਗੋਬਿੰਦ ਸਿੰਘ ਜੀ ਦੇ ਪਿਛਲੇ ਪ੍ਰਕਾਸ਼ ਪੁਰਬ ਤੋਂ ਨਗਰ ਕੀਰਤਨ ਵਿੱਚ ਪਾਲਕੀ ਸਾਹਿਬ ਨੂੰ ਅੱਗੇ ਚਲਾਉਣ ਦੇ ਬੇਹਤਰ ਨਤੀਜੇ ਸਾਹਮਣੇ ਆਉਣ ਦਾ ਵੀ ਜੀ.ਕੇ. ਨੇ ਦਾਅਵਾ ਕੀਤਾ। ਟੋਫੀਆਂ ਆਦਿਕ ਵੰਡਣ ਵਾਸਤੇ ਆਪਣੀਆਂ ਕਾਰਾਂ ਸਕੂਲੀ ਬੱਚਿਆਂ ਤੋਂ ਪਹਿਲਾਂ ਨਗਰ ਕੀਰਤਨ ਰੂਟ ਵਿੱਚ ਵਾੜਨ ਵਾਲੀ ਸੰਗਤ ਨੂੰ ਸਖਤ ਅਨੁਸਾਸਨ ਵਿੱਚ ਰਹਿਣ ਦਾ ਤਰਲਾ ਮਾਰਦੇ ਹੋਏ ਜੀ.ਕੇ. ਨੇ ਨਗਰ ਕੀਰਤਨਾਂ ਦੌਰਾਨ ਕਮੇਟੀ ਦੇ ਸੇਵਾਦਾਰਾਂ ਅਤੇ ਵਲੰਟਰੀਅਰਸ ਦਾ ਸਹਿਯੋਗ ਸੰਗਤਾਂ ਨੂੰ ਕਰਨ ਦੀ ਵੀ ਬੇਨਤੀ ਕੀਤੀ।
ਇਸ ਮੌਕੇ ਕਮੇਟੀ ਵੱਲੋਂ ਸ਼੍ਰੋਮਣੀ ਰਾਗੀ ਭਾਈ ਬਲਬੀਰ ਸਿੰਘ, ਪੰਜਾਬ ਐਂਡ ਸਿੰਧ ਬੈਂਕ ਦੇ ਚੇਅਰਮੈਨ ਜਤਿੰਦਰਬੀਰ ਸਿੰਘ (ਆਈ.ਏ.ਐਸ.), ਸਰਦਾਰਨੀ ਗੁਰਸ਼ਰਨ ਕੌਰ (ਕੈਨੇਡਾ ਵਿਖੇ ਗੁਰਮਤਿ ਪ੍ਰਚਾਰ ਲਈ ਚਲਾ ਰਹੇ ਹਨ ਐਨ.ਜੀ.ਓ.), ਭਾਜਪਾ ਆਗੂ ਜਗਦੀਸ਼ ਮੁਖੀ, ਡਾ. ਹਰਬੰਸ ਸਿੰਘ ਚਾਵਲਾ ਸਿੱਖ ਇਤਿਹਾਸਕਾਰ, ਰਿਲਾਇੰਸ ਇੰਡਸਟਰੀ ਦੇ ਆਰ. ਸੁਬਰਮਨੀਅਮ ਅਈਅਰ, ਇੰਡੋ ਕੈਨੇਡੀਅਨ ਐਜੂਕੇਸ਼ਨ ਕੌਂਸਲ ਦੇ ਸੁਰਿੰਦਰ ਸਿੰਘ, ਬਾਬਾ ਬਚਨ ਸਿੰਘ ਜੀ ਕਾਰ ਸੇਵਾ ਵਾਲੇ ਅਤੇ ਸਿੱਖ ਯੂਥ ਜਥੇਬੰਦੀ ਦੇ ਨੌਜਵਾਨਾਂ ਦਾ ਕਮੇਟੀ ਵੱਲੋਂ ਸਨਮਾਨ ਕੀਤਾ ਗਿਆ।
ਦਿੱਲੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਣਾ, ਤਨਵੰਤ ਸਿੰਘ, ਸੀਨੀਅਰ ਅਕਾਲੀ ਆਗੂ ਬਲਵੰਤ ਸਿੰਘ ਰਾਮੂਵਾਲੀਆ, ਉਂਕਾਰ ਸਿੰਘ ਥਾਪਰ, ਮੈਂਬਰ ਕੁਲਮੋਹਨ ਸਿੰਘ, ਸਮਰਦੀਪ ਸਿੰਘ ਸੰਨੀ, ਅਮਰਜੀਤ ਸਿੰਘ ਪਿੰਕੀ, ਗੁਰਵਿੰਦਰਪਾਲ ਸਿੰਘ, ਹਰਦੇਵ ਸਿੰਘ ਧਨੋਆ, ਜਥੇਦਾਰ ਸੁਰਜੀਤ ਸਿੰਘ ਚਾਂਦਨੀ ਚੌਂਕ, ਇੰਦਰਜੀਤ ਸਿੰਘ ਮੌਂਟੀ, ਮਨਮੋਹਨ ਸਿੰਘ, ਸ਼੍ਰੋਮਣੀ ਕਮੇਟੀ ਮੈਂਬਰ ਹਰਮਨਜੀਤ ਸਿੰਘ ਤੇ ਅਕਾਲੀ ਆਗੂ ਵਿਕਰਮ ਸਿੰਘ ਤੇ ਸੁਰਿੰਦਰਪਾਲ ਸਿੰਘ ਓਬਰਾਏ ਨੇ ਸੰਗਤਾਂ ਦੇ ਦਰਸ਼ਨ ਕਰਦੇ ਹੋਏ ਗੁਰਪੁਰਬ ਦੀ ਵਧਾਈ ਦਿੱਤੀ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਪਰਮਜੀਤ ਸਿੰਘ ਰਾਣਾ, ਦਿੱਲੀ ਕਮੇਟੀ ਮੈਂਬਰ ਅਮਰਜੀਤ ਸਿੰਘ ਪੱਪੂ ਅਤੇ ਚਮਨ ਸਿੰਘ ਵੱਲੋਂ ਸਟੇਜ ਦੀ ਸੇਵਾ ਬਾਖੂਬੀ ਨਿਭਾਈ ਗਈ।
Punjab Post Daily Online Newspaper & Print Media