ਅਪ੍ਰੈਲ ਅਤੇ ਮਈ ਦੇ ਸਿਲੇਬਸ ‘ਤੇ ਅਧਾਰਿਤ ਹੋਵੇਗੀ ਜੁਲਾਈ ਪ੍ਰੀਖਿਆ
ਪਠਾਨਕੋਟ, 29 ਜੂਨ (ਪੰਜਾਬ ਪੋਸਟ ਬਿਊਰੋ) – ਸੂਬੇ ਦੇ ਸਕੂਲ ਸਿੱਖਿਆ ਵਿਭਾਗ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀ ਮੌਜ਼ੂਦਾ ਵਿੱਦਿਅਕ ਸੈਸ਼ਨ ਦੀ
ਆਨਲਾਈਨ ਪੜ੍ਹਾਈ ਨੂੰ ਹੋਰ ਪ੍ਰਭਾਵੀ ਬਣਾਉਣ ਲਈ ਜੁਲਾਈ ਮਹੀਨੇ ਆਨਲਾਈਨ ਪ੍ਰੀਖਿਆਵਾਂ ਕਰਵਾਉਣ ਦਾ ਫੈਸਲਾ ਕੀਤਾ ਗਿਆ ਹੈ।
ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ, ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ, ਉਪ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਰਾਜੇਸ਼ਵਰ ਸਲਾਰੀਆ ਅਤੇ ਉਪ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਰਮੇਸ਼ ਲਾਲ ਠਾਕੁਰ ਨੇ ਦੱਸਿਆ ਕਿ ਵਿਭਾਗੀ ਹਦਾਇਤਾਂ ਅਨੁਸਾਰ ਛੇਵੀਂ ਤੋਂ ਦਸਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਜੁਲਾਈ ਮਹੀਨੇ ਆਨਲਾਈਨ ਪ੍ਰੀਖਿਆ ਕਰਵਾਈ ਜਾ ਰਹੀ ਹੈ।5 ਜੁਲਾਈ ਤੋਂ ਸ਼ੁਰੂ ਹੋਣ ਵਾਲੀਆਂ ਇਹਨਾਂ ਪ੍ਰੀਖਿਆਵਾਂ ਲਈ ਬਕਾਇਦਾ ਡੇਟਸ਼ੀਟ ਜਾਰੀ ਕੀਤੀ ਜਾ ਚੁੱਕੀ ਹੈ।ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਕੋਰੋਨਾ ਮਹਾਂਮਾਰੀ ਪਾਬੰਦੀਆਂ ਦੇ ਚੱਲਦਿਆਂ ਵਿਦਿਆਰਥੀਆਂ ਲਈ ਸਕੂਲ ਬੰਦ ਹੋਣ ਦੇ ਬਾਵਜ਼ੂਦ ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਲੋਂ ਸੋਸ਼ਲ ਮੀਡੀਆ ਦੇ ਵੱਖ-ਵੱਖ ਸਾਧਨਾਂ ਅਤੇ ਟੈਲੀਵਿਜ਼ਨ ਜ਼ਰੀਏ ਵਿਦਿਆਰਥੀਆਂ ਨੂੰ ਆਨਲਾਈਨ ਪੜ੍ਹਾਈ ਕਰਵਾਈ ਜਾ ਰਹੀ ਹੈ।ਸਾਰੇ ਵਿਸ਼ਿਆਂ ਦਾ ਕੰਮ ਕਾਪੀਆਂ ਉਪਰ ਕਰਨ ਲਈ ਪ੍ਰੇਰਿਤ ਕੀਤਾ ਜਾ ਰਿਹਾ ਹੈ।ਸਰਕਾਰੀ ਸਕੂਲਾਂ ਦੇ ਅਧਿਆਪਕਾਂ ਵਲੋਂ ਤਿਆਰ ਲੈਕਚਰ ਦੂਰਦਰਸ਼ਨ ਦੇ ਖੇਤਰੀ ਚੈਨਲ ਡੀ.ਡੀ ਪੰਜਾਬੀ ਤੋਂ ਪ੍ਰਸਾਰਿਤ ਕਰਵਾ ਕੇ ਵਿਭਾਗ ਵਲੋਂ ਰੋਜ਼ਾਨਾ ਸਲਾਈਡਾਂ ਦੇ ਰੂਪ ਵਿੱਚ ਵੀ ਵਿਦਿਆਰਥੀਆਂ ਲਈ ਸਿੱਖਣ ਸਮੱਗਰੀ ਭੇਜੀ ਜਾ ਰਹੀ ਹੈ।
ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਜੂਨ ਮਹੀਨੇ ਦੀਆਂ ਛੁੱਟੀਆਂ ਤੋਂ ਪਹਿਲਾਂ ਅਧਿਆਪਕਾਂ ਵਲੋਂ ਆਪੋ ਆਪਣੇ ਵਿਸ਼ਿਆਂ ਦਾ ਅਪ੍ਰੈਲ ਅਤੇ ਮਈ ਮਹੀਨਿਆਂ ਦਾ ਪਾਠਕ੍ਰਮ ਵਿਦਿਆਰਥੀਆਂ ਨੂੰ ਕਰਵਾ ਦਿੱਤਾ ਗਿਆ ਸੀ। ਵਿਦਿਆਰਥੀਆਂ ਨੂੰ ਛੁੱਟੀਆਂ ਦੌਰਾਨ ਵੀ ਪੜ੍ਹਾਈ ਨਾਲ ਜੋੜੀ ਰੱਖਣ ਲਈ ਜੂਨ ਮਹੀਨੇ ਦੌਰਾਨ ਵੀ ਦੂਰਦਰਸ਼ਨ ਤੋਂ ਦੁਹਰਾਈ ਲੈਕਚਰਾਂ ਦਾ ਪ੍ਰਸਾਰਣ ਜਾਰੀ ਰੱਖਿਆ ਗਿਆ।ਅਪ੍ਰੈਲ ਅਤੇ ਮਈ ਮਹੀਨਿਆਂ ਦੇ ਪਾਠਕ੍ਰਮ ‘ਤੇ ਆਧਾਰਿਤ ਜੁਲਾਈ ਮਹੀਨੇ ਆਨਲਾਈਨ ਪ੍ਰੀਖਿਆ ਕਰਵਾਈ ਜਾ ਰਹੀ ਹੈ ਤਾਂ ਕਿ ਵਿਦਿਆਰਥੀਆਂ ਨੂੰ ਉਹਨਾਂ ਵਲੋਂ ਕੀਤੀ ਹੁਣ ਤੱਕ ਦੀ ਪੜ੍ਹਾਈ ਦੇ ਆਪਣੇ ਪੱਧਰ ਬਾਰੇ ਪਤਾ ਲੱਗ ਸਕੇ।ਇਸ ਪ੍ਰੀਖਿਆ ਦੌਰਾਨ ਵਿਦਿਆਰਥੀਆਂ ਵਲੋਂ ਕੀਤੀਆਂ ਪ੍ਰਾਪਤੀਆਂ ਨੂੰ ਸਾਲਾਨਾ ਪ੍ਰੀਖਿਆਵਾਂ ਦੌਰਾਨ ਲਗਾਏ ਜਾਣ ਵਾਲੇ ਸੀ.ਸੀ.ਈ ਅੰਕਾਂ ਵਿੱਚ ਸ਼ਾਮਿਲ ਕੀਤਾ ਜਾਵੇਗਾ।ਸਾਰੇ ਵਿਸ਼ਿਆਂ ਦੀਆਂ ਪ੍ਰੀਖਿਆਵਾਂ ਦੇਣ ਲਈ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਦਿਆਂ ਸਿੱਖਿਆ ਅਧਿਕਾਰੀਆਂ ਨੇ ਮਾਪਿਆਂ ਨੂੰ ਵੀ ਆਨਲਾਈਨ ਪ੍ਰੀਖਿਆਵਾਂ ਵਿੱਚ ਆਪੋ ਆਪਣੇ ਬੱਚਿਆਂ ਦੀ ਸੌ ਫੀਸਦੀ ਹਾਜ਼ਰੀ ਯਕੀਨੀ ਬਣਾਉਣ ਦੀ ਅਪੀਲ ਕੀਤੀ।
ਜਿਲ੍ਹਾ ਮੈਂਟਰ ਵਿਗਿਆਨ ਸੰਜੀਵ ਸ਼ਰਮਾ, ਜਿਲ੍ਹਾ ਮੈਂਟਰ ਅੰਗਰੇਜ਼ੀ/ਸਮਾਜਿਕ ਸਿੱਖਿਆ ਸਮੀਰ ਸ਼ਰਮਾ ਅਤੇ ਜਿਲ੍ਹਾ ਮੈਂਟਰ ਗਣਿਤ ਅਮਿਤ ਵਸ਼ਿਸ਼ਟ ਨੇ ਕਿਹਾ ਕਿ ਇਸ ਪ੍ਰੀਖਿਆ ਨਾਲ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਪੱਧਰ ਅਨੁਸਾਰ ਆਨਲਾਈਨ ਪੜ੍ਹਾਈ ਦੀ ਅਗਲੀ ਰੂਪਰੇਖਾ ਬਣਾਉਣੀ ਸੌਖੀ ਹੋ ਜਾਵੇਗੀ।
ਇਸ ਮੌਕੇ ਤੇ ਜਿਲ੍ਹਾ ਕੋਆਰਡੀਨੇਟਰ ਮੀਡੀਆ ਸੈਲ ਬਲਕਾਰ ਅੱਤਰੀ, ਡੀ.ਐਸ.ਐਮ ਬਲਵਿੰਦਰ ਸੈਣੀ, ਬੀ.ਪੀ.ਈ.ਓ ਰਾਕੇਸ਼ ਕੁਮਾਰ, ਬੀ.ਪੀ.ਈ.ਓ ਕੁਲਦੀਪ ਸਿੰਘ, ਬੀ.ਪੀ.ਈ.ਓ ਰਿਸ਼ਮਾਂ ਦੇਵੀ, ਜਿਲ੍ਹਾ ਕੋਆਰਡੀਨੇਟਰ ‘ਪੜ੍ਹੋ ਪੰਜਾਬ, ਪੜਾਓ ਪੰਜਾਬ’ ਵਨੀਤ ਮਹਾਜਨ, ਸਮਾਰਟ ਸਕੂਲ ਕੋਆਰਡੀਨੇਟਰ ਸੰਜੀਵ ਮਨੀ, ਬ੍ਰਿਜ਼ ਰਾਜ ਆਦਿ ਹਾਜ਼ਰ ਸਨ।
Punjab Post Daily Online Newspaper & Print Media