Sunday, July 19, 2026

ਸਿਵਲ ਸਰਜਨ ਦੇ ਦਫਤਰ ‘ਚ ਰੁਲ ਰਹੇ ਹਨ ਬਿਜਲੀ ਕਾਮਿਆਂ ਦੇ ਲੱਖਾਂ ਦੇ ਮੈਡੀਕਲ ਬਿੱਲ – ਸਿਕੰਦਰ ਸਿੰਘ

ਸਮਰਾਲਾ, 4 ਜੁਲਾਈ (ਇੰਦਰਜੀਤ ਸਿੰਘ ਕੰਗ) – ਸਰਕਾਰ ਵਲੋਂ ਜਿਥੇ ਆਪਣੇ ਕਰਮਚਾਰੀਆਂ ਅਤੇ ਉਹਨਾਂ ਦੇ ਆਸ਼ਰਿਤਾਂ ਨੂੰ ਬਿਮਾਰ ਹੋਣ ਦੀ ਸੂਰਤ ਵਿਚ ਵੱਖ-ਵੱਖ ਹਸਪਤਾਲਾਂ ਵਿਚ ਇਲਾਜ ਦੀ ਸਹੂਲਤ ਦਿੱਤੀ ਗਈ ਹੈ, ਉਥੇ ਮੈਡੀਕਲ ਬਿਲਾਂ ਨੂੰ ਮਨਜ਼ੂਰ ਕਰਨ ਦੀ ਪ੍ਰਕਿਰਿਆ ਨੂੰ ਐਨਾ ਜਟਿਲ ਬਣਾ ਦਿੱਤਾ ਹੈ ਕਿ ਬਹੁਤੇ ਕਰਮਚਾਰੀ ਤਾਂ ਮੈਡੀਕਲ ਬਿਲਾਂ ਦੀ ਮਨਜ਼ੂਰੀ ਉਡੀਕਦੇ ਹੀ ਫੌਤ ਹੋ ਜਾਂਦੇ ਹਨ।ਬਿਮਾਰੀ ਉਪਰੰਤ ਉੱਚ ਅਧਿਕਾਰੀਆਂ ਨੂੰ ਮਨਜ਼ੂਰੀ ਲਈ ਭੇਜੇ ਮੈਡੀਕਲ ਬਿੱਲ ਬਿਨਾਂ ਮਤਲਬ ਦੇ ਲਗਾਏ ਗਏ ਇਤਰਾਜ਼ਾਂ ਕਾਰਣ ਸਾਲਾਂ ਬੱਧੀ ਦਫਤਰਾਂ ਵਿੱਚ ਇਧਰੋਂ ਉਧਰ ਅਤੇ ਉਧਰੋਂ ਇਧਰ ਚੱਕਰ ਕੱਟਦੇ ਰਹਿੰਦੇ ਹਨ।ਇਸ ਦੌਰਾਨ ਬਹੁਤੇ ਬਿੱਲ ਗੁਆਚ ਵੀ ਜਾਂਦੇ ਹਨ।
                       ਪਾਵਰਕਾਮ ਦੀ ਪੈਨਸ਼ਨਰਜ਼ ਐਸੋਸੀਏਸ਼ਨ ਮੰਡਲ ਸਮਰਾਲਾ ਦੇ ਪ੍ਰਧਾਨ ਸਿਕੰਦਰ ਸਿੰਘ ਨੇ ਦਸ਼ ਲਾਇਆ ਹੈ ਕਿ ਸੈਂਕੜੇ ਨਿਯਮਿਤ ਅਤੇ ਸੇਵਾ ਨਿਵਰਿਤ ਕਰਮਚਾਰੀਆਂ ਵਲੋਂ ਖੁੱਦ ਦੇ ਅਤੇ ਆਪਣੇ ਆਸ਼ਰਿਤਾਂ ਦੇ ਕਰਵਾਏ ਇਲਾਜ਼ ਦੇ ਲੱਖਾਂ ਰੁਪਏ ਦੇ ਮੈਡੀਕਲ ਬਿੱਲ ਮਨਜ਼ੂਰੀ ਲਈ ਕਈ ਕਈ ਸਾਲਾਂ ਤੋਂ ਸਿਵਲ ਸਰਜਨ ਲੁਧਿਆਣਾ ਦੇ ਦਫਤਰ ਵਿੱਚ ਰੁਲ ਰਹੇ ਹਨ।ਉਨ੍ਹਾਂ ਵੱਲੋਂ ਐਕਸੀਅਨ ਸਮਰਾਲਾ ਵਲੋਂ ਬਿੱਲ ਮਨਜ਼ੂਰ ਕਰਨ ਲਈ ਪੱਤਰ ਲਿਖਵਾ ਕੇ ਪੈਂਡਿਗ ਬਿੱਲਾਂ ਦੀ ਇੱਕ ਕਾਪੀ ਸਿਵਲ ਸਰਜਨ ਲੁਧਿਆਣਾ ਨੂੰ ਵੀ ਭਿਜਵਾਈ ਹੈ।ਪਰ ਅਜੇ ਤੱਕ ਉਸ ਦਾ ਕੋਈ ਹੱਲ ਨਹੀਂ ਹੋਇਆ।ਉਹਨਾਂ ਕਿਹਾ ਕਿ ਬਹੁਤ ਸਾਰੇ ਰਿਟਾਇਰਡ ਕਰਮਚਾਰੀ ਆਪਣੇ ਮੈਡੀਕਲ ਬਿਲਾਂ ਦੀ ਮਨਜ਼ੂਰੀ ਨੂੰ ਉਡੀਕਦੇ ਸੁਰਗਵਾਸ ਹੋ ਗਏ ਹਨ।ਉਨਾਂ ਦੋਸ਼ ਲਾਇਆ ਹੈ ਕਿ ਸਿਵਲ ਸਰਜਨ ਲੁਧਿਆਣਾ ਦੇ ਦਫਤਰ ਵਿੱਚ ਲੰਮੇ ਸਮੇਂ ਬਾਅਦ ਕਲਰਕਾਂ ਵਲੋਂ ਬਿਲਾਂ ਨੂੰ ਪਾਸ ਕਰਨ ਦੀ ਬਜ਼ਾਏ ਉਹਨਾਂ ਵਿੱਚ ਉਣਤਾਈਆਂ ਲੱਭਣ ਨੂੰ ਤਰਜ਼ੀਹ ਦਿੱਤੀ ਜਾਂਦੀ ਹੈ।ਬਿਨਾਂ ਨਿਜੀ ਤੌਰ ‘ਤੇ ਪੈਰਵਾਈ ਕੀਤਿਆਂ ਬਿਲ ਪਾਸ ਨਹੀਂ ਹੁੰਦੇ।ਜਿਹੜੇ ਬਿਮਾਰ ਬੰਦੇ ਤੁਰਨ-ਫਿਰਨ ਤੋਂ ਅਸਮਰਥ ਹਨ ਅਤੇ ਕੇਸ ਪੈਰਵਾਈ ਕਰਨ ਵਾਲਾ ਵੀ ਕੋਈ ਨਹੀਂ ਹੁੰਦਾ ਤਾਂ ਉਹਨਾਂ ਦੇ ਬਿਲ ਦਫਤਰਾਂ ਦੀਆਂ ਫਾਈਲਾਂ ਵਿਚ ਬੰਦੇ ਦੇ ਦਮ ਤੋੜਨ ਨਾਲ ਹੀ ਦਮ ਤੋੜ ਦਿੰਦੇ ਹਨ।
                ਪ੍ਰਧਾਨ ਸਿਕੰਦਰ ਸਿੰਘ ਨੇ ਦੱਸਿਆ ਕਿ ਇਹ ਮਾਮਲਾ ਉਹਨਾਂ ਵਲੋਂ ਖੁੱਦ ਪੰਜਾਬ ਦੇ ਸਿਹਤ ਮੰਤਰੀ ਮਾਨਯੋਗ ਬਲਬੀਰ ਸਿੰਘ ਸਿੱਧੂ ਦੇ ਧਿਆਨ ਗੋਚਰੇ ਲਿਆਂਦਾ ਜਾ ਚੁੱਕਿਆ ਹੈ।ਜਿੰਨਾਂ ਨੇ ਜਲਦ ਕਾਰਵਾਈ ਦਾ ਭਰੋਸਾ ਦਿੱਤਾ ਸੀ।ਉਨ੍ਹਾਂ ਇਹ ਵੀ ਭਰੋਸਾ ਦਿਵਾਇਆ ਕਿ ਦੋ ਲੱਖ ਤੱਕ ਦੇ ਬਿੱਲਾਂ ਨੂੰ ਮਨਜ਼ੂਰ ਕਰਨ ਦੇ ਅਧਿਕਾਰ ਸਿਵਲ ਸਰਜਨ ਨੂੰ ਹੀ ਦੇ ਦਿੱਤੇ ਜਾਣਗੇ।ਮੁਲਾਜ਼ਮ ਆਗੂ ਨੇ ਕਿਹਾ ਕਿ ਪੁਰਾਣੀਆਂ ਬਿਮਾਰੀਆਂ ਅਜਿਹੀਆਂ ਹਨ ਕਿ ਜਿਹਨਾਂ ਕਰਕੇ ਮਰੀਜ਼ ਨੂੰ ਉਮਰ ਭਰ ਦਵਾਈਆਂ ‘ਤੇ ਹੀ ਰਹਿਣਾ ਪੈਂਦਾ ਹੈ। ਅਜਿਹੇ ਹਾਲਾਤ ਵਿੱਚ ਮੈਡੀਕਲ ਬਿਲਾਂ ਦੀ ਮਨਜ਼ੂਰੀ ਅਤਿ ਜਰੂਰੀ ਹੈ।
                 ਇਸੇ ਦੌਰਾਨ ਜਦੋਂ ਸਿਵਲ ਸਰਜਨ ਲੁਧਿਆਣਾ ਡਾ. ਕਿਰਣ ਗਿੱਲ ਨਾਲ ਇਸ ਸਬੰਧੀ ਗੱਲ ਕੀਤੀ ਤਾਂ ਉਹਨਾਂ ਕਿਹਾ ਕਿ ਉਹਨਾਂ ਇਸ ਦਫਤਰ ਵਿੱਚ ਅਜੇ ਥੋੜਾ ਸਮਾਂ ਪਹਿਲਾਂ ਹੀ ਜੁਆਇਨ ਕੀਤਾ ਹੈ।ਮੈਡੀਕਲ ਬਿਲਾਂ ਦੇ ਨਿਪਟਾਰੇ ਦੀਆਂ ਕੋਸ਼ਿਸ਼ਾਂ ਜਾਰੀ ਹਨ।ਹੁਣ ਕਲੈਰੀਕਲ ਸਟਾਫ ਦੀ ਹੜਤਾਲ ਕਾਰਨ ਦਫਤਰੀ ਕੰਮ ਵਿਚ ਵਿਘਨ ਪੈ ਰਿਹਾ ਹੈ। ਫਿਰ ਵੀ ਮੈਡੀਕਲ ਬਿੱਲਾਂ ਦਾ ਨਿਪਟਾਰਾ ਜਲਦੀ ਕਰਨ ਦੀ ਕੋਸ਼ਿਸ਼ ਕੀਤੀ ਜਾਵੇਗੀ।

Check Also

ਖ਼ਾਲਸਾ ਯੂਨੀਵਰਸਿਟੀ ਵਿਖੇ ਰਾਊਂਡਗਲਾਸ ਫਾਊਂਡੇਸ਼ਨ (ਅਮਰੀਕਾ) ਦੇ ਸਹਿਯੋਗ ਨਾਲ ਵਿਸ਼ਵ ਪੱਧਰੀ ਖੇਡ ਸਟੇਡੀਅਮ ਦਾ ਕਾਰਜ਼ ਆਰੰਭ

ਅੰਮ੍ਰਿਤਸਰ, 17 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਖੇਡਾਂ ਦੇ ਵਿਕਾਸ ਨੂੰ ਨਵੀਂ ਦਿਸ਼ਾ ਪ੍ਰਦਾਨ ਕਰਨ …