ਦੇਸ਼ ਦੇ ਭਲੇ ਲਈ ਲੜਦੇ ਰਹੇ ਸਿੱਖਾਂ ਨਾਲ ਸਰਕਾਰਾਂ ਨੇ ਬੇਗਾਨਿਆਂ ਵਾਲਾ ਕੀਤਾ ਸਲੂਕ- ਜਥੇਦਾਰ
ਅੰਮ੍ਰਿਤਸਰ, 4 ਜੁਲਾਈ (ਜਗਦੀਪ ਸਿੰਘ) – 4 ਜੁਲਾਈ 1955 ਨੂੰ ਤਤਕਾਲੀ ਸਰਕਾਰ ਵੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ’ਤੇ ਕੀਤੇ ਗਏ ਹਮਲੇ ਦੀ ਯਾਦ ਵਿਚ
ਸ਼੍ਰੋਮਣੀ ਕਮੇਟੀ ਵੱਲੋਂ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਮਾਗਮ ਕਰਵਾਇਆ ਗਿਆ। ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਵੱਲੋਂ ਲਏ ਗਏ ਫੈਸਲੇ ਅਨੁਸਾਰ ਇਸ ਸਾਕੇ ਦੇ ਸਬੰਧ ‘ਚ ਪਹਿਲੀ ਵਾਰ ਇਹ ਵਿਸ਼ੇਸ਼ ਸਮਾਗਮ ਹੋਇਆ। ਸਿੱਖਾਂ ਵੱਲੋਂ ਭਾਸ਼ਾ ਦੇ ਅਧਾਰ ’ਤੇ ਪੰਜਾਬੀ ਸੂਬੇ ਦੀ ਮੰਗ ਨੂੰ ਦਬਾਉਣ ਲਈ ਸਮੇਂ ਦੀ ਸਰਕਾਰ ਵੱਲੋਂ 1955 ਵਿਚ ਇਹ ਹਮਲਾ ਕੀਤਾ ਗਿਆ ਸੀ।ਦੇਸ਼ ਦੀ ਅਜ਼ਾਦੀ ਮਗਰੋਂ ਆਪਣੇ ਹੀ ਦੇਸ਼ ਦੀ ਸਰਕਾਰ ਵੱਲੋਂ ਸਿੱਖਾਂ ਨਾਲ ਕੀਤੇ ਸਭ ਵਾਅਦੇ ਭੁੱਲ ਕੇ ਸ੍ਰੀ ਦਰਬਾਰ ਸਾਹਿਬ ’ਤੇ ਕੀਤਾ ਗਿਆ।ਇਹ ਪਹਿਲਾ ਹਮਲਾ ਸੀ, ਜਿਸ ਨੇ ਸਿੱਖਾਂ ਦੀ ਮਾਨਸਿਕਤਾ ਨੂੰ ਗਹਿਰੇ ਜ਼ਖ਼ਮ ਦਿੱਤੇ।
ਸਾਕੇ ਦੀ ਯਾਦ ਵਿਚ ਅੱਜ ਕਰਵਾਏ ਗਏ ਸਮਾਗਮ ਮੌਕੇ ਸ਼੍ਰੋਮਣੀ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਸਮਾਗਮ ਕਰਨ ਦਾ ਮੰਤਵ ਸਿੱਖ ਨੌਜੁਆਨੀ ਨੂੰ ਕੌਮ ’ਤੇ ਹੋਏ ਜ਼ੁਲਮਾਂ ਦੀ ਦਾਸਤਾਨ ਤੋਂ ਜਾਣੂ ਕਰਵਾਉਣਾ ਹੈ।ਉਸ ਸਮੇਂ ਦੇ ਪ੍ਰਧਾਨ ਮੰਤਰੀ ਪੰਡਤ ਜਵਾਹਰ ਲਾਲ ਨਹਿਰੂ ਅਤੇ ਪੰਜਾਬ ਦੇ ਮੁੱਖ ਮੰਤਰੀ ਭੀਮ ਸੈਨ ਸੱਚਰ ਨੇ ਅਜਿਹਾ ਕਰਕੇ ਸਿੱਖਾਂ ਦੀਆਂ ਹੱਕੀ ਮੰਗਾਂ ਨੂੰ ਦਬਾਉਣ ਦਾ ਯਤਨ ਕੀਤਾ ਸੀ, ਪਰੰਤੂ ਸਿੱਖ ਕੌਮ ਹਮੇਸ਼ਾ ਹੀ ਚੁਣੌਤੀਆਂ ਵਿੱਚੋਂ ਜੇਤੂ ਹੋ ਉੱਭਰੀ ਹੈ।ਉਨਾਂ ਨੇ ਐਲਾਨ ਕੀਤਾ ਕਿ 4 ਜੁਲਾਈ 1955 ਦੇ ਸ੍ਰੀ ਦਰਬਾਰ ਸਾਹਿਬ ’ਤੇ ਹਮਲੇ ਸਬੰਧੀ ਮੁਕੰਮਲ ਖੋਜ ਕਰਵਾ ਕੇ ਸੰਗ੍ਰਹਿ ਤਿਆਰ ਕੀਤਾ ਜਾਵੇਗਾ ਅਤੇ ਸਾਕੇ ਨਾਲ ਸਬੰਧਤ ਤਸਵੀਰਾਂ ਵੀ ਇਸ ਦਾ ਹਿੱਸਾ ਹੋਣਗੀਆਂ।ਉਸ ਸਮੇਂ ਦੇ ਚਸ਼ਮਦੀਦਾਂ ਦੀ ਭਾਲ ਕਰਕੇ ਉਨ੍ਹਾਂ ਦੀਆਂ ਯਾਦਾਂ ਨੂੰ ਵੀ ਸੰਭਾਲਣ ਦਾ ਯਤਨ ਕਰਾਂਗੇ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਵਕਤ ਦੀਆਂ ਹਕੂਮਤਾਂ ਨੇ ਸਿੱਖਾਂ ਨੂੰ ਹਮੇਸ਼ਾ ਹੀ ਦਬਾਉਣ ਦਾ ਯਤਨ ਕੀਤਾ ਹੈ ਅਤੇ ਇਸੇ ਸਿਲਸਿਲੇ ਵਿਚ ਹੀ 4 ਜੁਲਾਈ 1955 ਦੇ ਸਾਕੇ ਨੂੰ ਅੰਜ਼ਾਮ ਦਿੱਤਾ ਗਿਆ।ਉਨ੍ਹਾਂ ਕਿਹਾ ਕਿ ਤਤਕਾਲੀ ਸਰਕਾਰ ਵੱਲੋਂ ਦੇਸ਼ ਦੀ ਅਜ਼ਾਦੀ ਮਗਰੋਂ ਸਿੱਖਾਂ ਨਾਲ ਕੀਤੇ ਵਾਅਦਿਆਂ ਤੋਂ ਮੁਕਰਨਾ ਠੀਕ ਉਸੇ ਤਰ੍ਹਾਂ ਹੈ, ਜਿਸ ਤਰ੍ਹਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਪਹਾੜੀ ਰਾਜਿਆਂ ਨੇ ਕਸਮਾਂ ਖਾਣ ਮਗਰੋਂ ਵਾਅਦੇ ਤੋੜ ਕੇ ਕੀਤਾ ਸੀ।
ਪਰੰਤੂ ਜਦੋਂ ਭਾਰਤ ਅੰਦਰ ਭਾਸ਼ਾ ਦੇ ਅਧਾਰ ’ਤੇ ਸੂਬੇ ਬਣੇ, ਤਾਂ ਪੰਜਾਬ ਨਾਲ ਨਿਆਂ ਨਾ ਕੀਤਾ।ਇਸ ਦੇ ਵਿਰੁੱਧ ਸਿੱਖਾਂ ਵੱਲੋਂ ਹੱਕੀ ਮੰਗਾਂ ਦੀ ਅਵਾਜ਼ ਨੂੰ ਦਬਾਉਣ ਲਈ ਸ੍ਰੀ ਦਰਬਾਰ ਸਾਹਿਬ ’ਤੇ ਹਮਲਾ ਕਰ ਦਿੱਤਾ ਗਿਆ।ਗੋਲੀਆਂ ਚਲਾਈਆਂ ਗਈਆਂ ਅਤੇ ਸੈਂਕੜੇ ਸਿੱਖਾਂ ਦੀ ਗ੍ਰਿਫ਼ਤਾਰੀ ਕਰ ਦਿੱਤੀ।ਉਨਾਂ ਕਿਹਾ ਕਿ ਸਿੱਖ ਹਮੇਸ਼ਾਂ ਹੀ ਦੇਸ਼ ਦੇ ਭਲੇ ਲਈ ਲੜਦੇ ਰਹੇ, ਸਰਕਾਰਾਂ ਨੇ ਇਨ੍ਹਾਂ ਨਾਲ ਬੇਗਾਨਿਆਂ ਵਾਲਾ ਸਲੂਕ ਕੀਤਾ।ਉਨ੍ਹਾਂ ਆਖਿਆ ਕਿ ਸਿੱਖ ਕੌਮ ਦੀ ਇਕਜੁਟਤਾ ਹੀ ਚੁਣੌਤੀਆਂ ਤੋਂ ਉਭਰਨ ਦਾ ਇਕਮਾਤਰ ਹੱਲ ਹੈ, ਜਿਸ ਦੀ ਮਿਸਾਲ ਇਤਿਹਾਸ ਵਿੱਚੋਂ ਵੀ ਮਿਲਦੀ ਹੈ।ਉਨ੍ਹਾਂ ਕਿਹਾ ਕਿ ਹਕੂਮਤਾਂ ਤਾਂ ਇਹ ਚਾਹੁੰਦੀਆਂ ਹਨ ਕਿ ਸਿੱਖ ਕਦੇ ਇਕੱਠੇ ਨਾ ਹੋਣ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਸਿੱਖਾਂ ਦੇ ਰਾਜਸੀ ਏਜੰਡੇ ਦੀ ਕੋਈ ਗੱਲ ਨਾ ਹੋਵੇ।ਪਰ ਇਨ੍ਹਾਂ ਮਹਾਨ ਸੰਸਥਾਵਾਂ ਨੇ ਸਦਾ ਹੀ ਕੌਮ ਦੀ ਅਗਵਾਈ ਕੀਤੀ ਅਤੇ ਕਰਦੀਆਂ ਰਹਿਣਗੀਆਂ।
ਦੱਸਣਯੋਗ ਹੈ ਕਿ ਅੱਜ ਦੇ ਸਮਾਗਮ ਵਿਚ ਉਹ ਗੋਲੇ ਵੀ ਸੰਗਤ ਨੂੰ ਦਿਖਾਉਣ ਲਈ ਰੱਖੇ ਗਏ ਸਨ, ਜਿਹੜੇ ਹਮਲੇ ਸਮੇਂ ਪੁਲਿਸ ਬੱਲ ਨੇ ਸ੍ਰੀ ਦਰਬਾਰ ਸਾਹਿਬ ਅਤੇ ਸਿੱਖਾਂ ’ਤੇ ਸੁੱਟੇ ਸਨ।
ਸਮਾਗਮ ਸਮੇਂ ਸ੍ਰੀ ਦਰਬਾਰ ਸਾਹਿਬ ਦੇ ਵਧੀਕ ਹੈਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ, ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ, ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਜਨਰਲ ਸਕੱਤਰ ਭਗਵੰਤ ਸਿੰਘ ਸਿਆਲਕਾ, ਸ਼੍ਰੋਮਣੀ ਕਮੇਟੀ ਮੈਂਬਰ ਹਰਜਾਪ ਸਿੰਘ ਸੁਲਤਾਨਵਿੰਡ, ਗੁਰਿੰਦਰਪਾਲ ਸਿੰਘ ਗੋਰਾ, ਭਾਈ ਰਾਮ ਸਿੰਘ, ਗੁਰਨਾਮ ਸਿੰਘ ਜੱਸਲ, ਸੁਵਿੰਦਰ ਸਿੰਘ ਸਭਰਵਾਲ, ਤਾਰਾ ਸਿੰਘ ਸੱਲ੍ਹਾ, ਬੀਬੀ ਜੋਗਿੰਦਰ ਕੌਰ ਬਠਿੰਡਾ, ਬੀਬੀ ਜੋਗਿੰਦਰ ਕੌਰ ਧਰਮਕੋਟ, ਰਤਨ ਸਿੰਘ ਜੱਫਰਵਾਲ, ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਓ.ਐਸ.ਡੀ ਡਾ. ਅਮਰੀਕ ਸਿੰਘ ਲਤੀਫਪੁਰ, ਡਾ. ਸੁਖਬੀਰ ਸਿੰਘ, ਮੈਨੇਜਰ ਗੁਰਿੰਦਰ ਸਿੰਘ ਮਥਰੇਵਾਲ, ਸਾਬਕਾ ਸਕੱਤਰ ਜੋਗਿੰਦਰ ਸਿੰਘ ਅਦਲੀਵਾਲ, ਮੀਤ ਸਕੱਤਰ ਸੁਲੱਖਣ ਸਿੰਘ ਭੰਗਾਲੀ, ਤੇਜਿੰਦਰ ਸਿੰਘ ਪੱਡਾ, ਬਲਵਿੰਦਰ ਸਿੰਘ ਕਾਹਲਵਾਂ, ਗੁਰਮੀਤ ਸਿੰਘ ਬੁੱਟਰ, ਹਰਜਿੰਦਰ ਸਿੰਘ ਕੈਰੋਂਵਾਲ, ਮਲਕੀਤ ਸਿੰਘ ਬਹਿੜਵਾਲ ਤੇ ਸੰਗਤਾਂ ਮੌਜੂਦ ਸਨ।
Check Also
ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ
ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) – ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …
Punjab Post Daily Online Newspaper & Print Media