Wednesday, February 18, 2026

ਮਗਨਰੇਗਾ ਮੁਲਾਜ਼ਮਾਂ ਵਲੋਂ ਰੈਗੂਲਰ ਕਰਨ ਦੀ ਮੰਗ ਨੂੰ ਲੈ ਕੇ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ

ਪਿੰਡਾਂ ਵਿੱਚ ਹੋਣ ਵਾਲੇ ਵਿਕਾਸ ਕਾਰਜ਼ ਮੁਕੰਮਲ ਤੌਰ ‘ਤੇ ਕੀਤੇ ਠੱਪ

ਸਮਰਾਲਾ, 9 ਜੁਲਾਈ (ਇੰਦਰਜੀਤ ਸਿੰਘ ਕੰਗ) – ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵਿੱਚ ਲਗਭਗ 12-13 ਸਾਲਾਂ ਤੋਂ ਨਿਗੂਣੀਆਂ ਤਨਖ਼ਾਹਾਂ ‘ਤੇ ਠੇਕਾ ਅਧਾਰਿਤ ਨੌਕਰੀ ਕਰ ਰਹੇ ਪੰਜਾਬ ਦੇ ਨਰੇਗਾ ਮੁਲਾਜ਼ਮਾਂ ਨੇ ਸੇਵਾਵਾਂ ਰੈਗੂਲਰ ਕਰਵਾਉਣ ਲਈ ਸੰਘਰਸ਼ ਤੇਜ਼ ਕਰ ਦਿੱਤਾ ਹੈ। ਅੱਜ ਇਥੇ ਨਰੇਗਾ ਕਰਮਚਾਰੀ ਯੂਨੀਅਨ ਪੰਜਾਬ ਵਲੋਂ ਸੂਬੇ ਵਿੱਚ ਨਰੇਗਾ ਤਹਿਤ ਹੋਣ ਵਾਲੇ ਹਰ ਤਰ੍ਹਾਂ ਦੇ ਕੰਮ ਠੱਪ ਕਰਕੇ ਅਣਮਿਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ।
                  ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਸਮਰਾਲਾ ਦੇ ਦਫ਼ਤਰ ਵਿਖੇ ਲੱਗੇ ਧਰਨੇ ‘ਤੇ ਬੈਠੇ ਆਗੂਆਂ ਨਰਿੰਦਰ ਕਮਾਰ ਨੇ ਦੱਸਿਆ ਕਿ ਨਰੇਗਾ ਮੁਲਾਜ਼ਮਾਂ ਦੀ ਭਰਤੀ ਪਾਰਦਰਸ਼ੀ ਢੰਗ ਨਾਲ ਰੈਗੂਲਰ ਭਰਤੀ ਲਈ ਅਪਣਾਏ ਜਾਂਦੇ ਮਾਪਦੰਡਾਂ ਅਨੁਸਾਰ ਹੋਈ ਹੈ।ਪਿਛਲੀ ਸਰਕਾਰ ਨੇ ਠੇਕਾ ਮੁਲਾਜ਼ਮ ਵੈਲਫੇਰਅਰ ਐਕਟ-2016 ਪਾਸ ਕੀਤਾ ਸੀ।ਕਈ ਵਿਭਾਗਾਂ ਦੇ ਮੁਲਾਜ਼ਮ ਇਸ ਐਕਟ ਰਾਹੀਂ ਰੈਗੂਲਰ ਵੀ ਕੀਤੇ ਗਏ।ਮੌਜ਼ੂਦਾ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੇ ਵੀ ਚੋਣਾਂ ਤੋਂ ਪਹਿਲਾਂ ਠੇਕਾ ਮੁਲਾਜ਼ਮਾਂ ਦੇ ਧਰਨਿਆਂ ਵਿੱਚ ਜਾ ਕੇ, ਚੋਣ ਮਨੋਰਥ ਪੱਤਰ ਰਾਹੀਂ, ਟਵੀਟ ਕਰਕੇ ਅਤੇ ਮੀਡੀਆ ਬਿਆਨਾਂ ਰਾਹੀਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਵਾਅਦਾ ਕੀਤਾ ਸੀ।ਕੈਪਟਨ ਸਰਕਾਰ ਨੇ ਲੋਕ ਸਭਾ ਚੋਣਾਂ ਸਮੇਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਲਈ ਇੱਕ ਪੰਜ ਮੰਤਰੀਆਂ ਦੀ ਕੈਬਨਿਟ ਸਬ-ਕਮੇਟੀ ਦਾ ਗਠਨ ਕੀਤਾ ਸੀ, ਪ੍ਰੰਤੂ ਅੱਜ ਸਾਢੇ ਚਾਰ ਸਾਲ ਬੀਤ ਜਾਣ ਬਾਅਦ ਵੀ ਠੇਕਾ ਮੁਲਾਜ਼ਮਾਂ ਦਾ ਸਰਕਾਰ ਨੇ ਕੱਖ ਨਹੀਂ ਕੀਤਾ।ਆਊਟਸੋਰਸਿੰਗ ਮੁਲਾਜ਼ਮਾਂ ਨੂੰ ਬਾਹਰ ਰੱਖਿਆ ਜਾ ਰਿਹਾ ਹੈ।ਰੈਗੂਲਰ ਕਰਨ ਦੀ ਥਾਂ ਸੇਵਾਵਾਂ ਖ਼ਤਮ ਕਰਨ, ਵਿਭਾਗਾਂ ਦਾ ਨਿੱਜੀਕਰਨ ਕਰਨ, ਠੇਕੇਦਾਰਾਂ ਹੱਥੋਂ ਲੁੱਟ ਕਰਵਾਉਣ ਵਰਗੇ ਮਾਰੂ ਫੈਸਲੇ ਲਾਗੂ ਕੀਤੇ ਗਏ ਹਨ।
               ਪੰਚਾਇਤ ਵਿਭਾਗ ਦੇ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਅਨੇਕਾਂ ਵਾਰ ਰੈਗੂਲਰ ਕਰਨ ਦਾ ਭਰੋਸਾ ਦੇ ਕੇ ਹੜਤਾਲ ਖ਼ਤਮ ਕਰਵਾਈ ਹੈ, ਪਰ ਹਰ ਵਾਰ ਲਾਰਿਆਂ ਤੋਂ ਸਿਵਾਏ ਕੁੱਝ ਵੀ ਨਹੀਂ ਦਿੱਤਾ।ਇਸ ਦੇ ਰੋਸ ਵਜੋਂ ਸੂਬਾ ਕਮੇਟੀ ਦੇ ਸੱਦੇ ਤੇ ਅੱਜ 9 ਜੁਲਾਈ ਤੋਂ ਪੰਜਾਬ ਭਰ ਵਿੱਚ ਨਰੇਗਾ ਤਹਿਤ ਹੋਣ ਵਾਲੇ ਹਰ ਤਰ੍ਹਾਂ ਦੇ ਵਿਕਾਸ ਕਾਰਜ ਅਤੇ ਦਫ਼ਤਰੀ ਕੰਮ ਮੁਕੰਮਲ ਬੰਦ ਕੀਤੇ ਗਏ ਹਨ।ਨਰੇਗਾ ਮਜ਼ਦੂਰਾਂ ਨੂੰ ਨਾਲ ਲੈ ਕੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਪਿੰਡਾਂ ਵਿੱਚ ਘੇਰਿਆ ਜਾਵੇਗਾ।10 ਜੁਲਾਈ ਨੂੰ ‘‘ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਪੰਜਾਬ’’ ਦੇ ਬੈਨਰ ਹੇਠ ਪੰਜਾਬ ਵਿੱਚ ਤਿੰਨ ਥਾਵਾਂ ‘ਤੇ ਨੈਸ਼ਨਲ ਹਾਈਵੇ ਜਮਾ ਕੀਤੇ ਜਾਣਗੇ।
              ਇਸ ਮੌਕੇ ਲਖਵਿੰਦਰ ਸਿੰਘ ਏ.ਪੀ.ਓ, ਹਰਜਿੰਦਰ ਸਿੰਘ ਸੀ.ਏ, ਪ੍ਰਭਜੋਤ ਸਿੰਘ, ਪਰਗਟ ਸਿੰਘ, ਦਲਵੀਰ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਜ਼ਰ ਨੇ ਵਾਰਡ ਨੰਬਰ 37 ਦੇ ਨਿਵਾਸੀਆਂ ਨਾਲ ਵਿਕਾਸ ਕਾਰਜ਼ਾਂ ਬਾਰੇ ਕੀਤੀ ਮੀਟਿੰਗ

ਅੰਮ੍ਰਿਤਸਰ,, 17 ਫਰਵਰੀ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ (ਦੱਖਣੀ) ਦੇ ਵਿਧਾਇਕ ਡਾ. ਇੰਦਰਬੀਰ …