Tuesday, December 24, 2024

ਮੁਲਾਜ਼ਮ ਅਤੇ ਪੈਨਸ਼ਨਰ ਸਾਂਝੀ ਤਾਲਮੇਲ ਕਮੇਟੀ ਦੇ ਸੱਦੇ ’ਤੇ ਰੋਸ ਧਰਨਾ ਤੇ ਅਰਥੀ ਫੂਕ ਮੁਜ਼ਾਹਰਾ

ਸਮਰਾਲਾ, 9 ਜੁਲਾਈ (ਇੰਦਰਜੀਤ ਸਿੰਘ ਕੰਗ) – ਸਮਰਾਲਾ ਮੰਡਲ ਦੇ ਪੈਨਸ਼ਨਰਾਂ ਨੇ ਸਾਂਝੀ ਤਾਲਮੇਲ ਕਮੇਟੀ ਬਿਜਲੀ ਬੋਰਡ ਦੇ ਸੱਦੇ ‘ਤੇ ਪੈਨਸ਼ਨਰ ਐਸੋਸੀਏਸ਼ਨ ਮੰਡਲ ਸਮਰਾਲਾ ਦੇ ਪ੍ਰਧਾਨ ਸਿੰਕਦਰ ਸਿੰਘ ਦੀ ਪ੍ਰਧਾਨਗੀ ਹੇਠ ਇਨਡੋਰ ਸ਼ਿਕਾਇਤ ਸਬ ਸਟੇਸ਼ਨ ਘਰ ਸਮਰਾਲਾ ਵਿਖੇ ਪੰਜਾਬ ਸਰਕਾਰ ਅਤੇ ਮੈਨਜਮੈਂਟ ਖਿਲਾਫ਼ ਰੋਸ ਧਰਨਾ ਦੇ ਕੇ ਸਰਕਾਰ ਅਤੇ ਮੈਨੇਜਮੈਂਟ ਦੀ ਅਰਥੀ ਫੂਕੀ ਗਈ।
                       ਸਿਕੰਦਰ ਸਿੰਘ ਪ੍ਰਧਾਨ ਪੈਨਸ਼ਨਰ ਐਸੋਸੀਏਸ਼ਨ ਮੰਡਲ ਸਮਰਾਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਜਾਰੀ 6ਵੇਂ ਪੇਅ-ਕਮਿਸ਼ਨ ਦੀ ਰਿਪੋਰਟ ਵਿਚ ਮੁਲਾਜ਼ਮ ਅਤੇ ਪੈਨਸ਼ਨਰਾਂ ਨੂੰ ਤੁੱਛ ਜਿਹੇ ਫਾਇਦੇ ਦੇਣ ਬਹਾਨੇ ਪਹਿਲਾਂ ਮਿਲਦੇ ਭੱਤਿਆਂ ਅਤੇ ਸਕੇਲਾਂ ਨੂੰ ਟੇਢੇ ਢੰਗਾਂ ਨਾਲ ਖੋਰਾ ਲਾਇਆ ਗਿਆ ਹੈ।ਬਕਾਇਆ ਰਹਿੰਦੇ ਮਹਿੰਗਾਈ ਭੱਤੇ ਦੇ ਬਕਾਏ ਸਬੰਧੀ ਸਰਕਾਰ ਨੇ ਸਾਜਸ਼ੀ ਚੁੱਪ ਵੱਟੀ ਹੋਈ ਹੈ ਅਤੇ 2020 ਵਿੱਚ ਭਰਤੀ ਹੋਏ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਕੇਂਦਰੀ ਮੁਲਾਜ਼ਮ ਨਾਲ ਨੱਥੀ ਕਰ ਦਿੱਤੀਆਂ ਹਨ ਅਤੇ ਸਕੇਲਾਂ ਦੇ ਬਣਦੇ ਬਕਾਏ ਨੂੰ ਸਾਢੇ ਚਾਰ ਸਾਲਾ ਵਿੱਚ ਭਾਵ 9 ਕਿਸ਼ਤਾਂ ਵਿੱਚ ਦੇਣ ਦਾ ਵਾਅਦਾ ਕੀਤਾ।ਪੰਜਾਬ ਦੇ ਸਮੁੱਚੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨੇ ਤਨਖ਼ਾਹ ਕਮਿਸ਼ਨ ਦੀ ਰਿਪੋਰਟ ਨੂੰ ਮੁੱਢੋਂ ਰੱਦ ਕਰਕੇ ਜਥੇਬੰਦੀ ਨੂੰ ਮਿਲ ਕੇ ਸੋਧਾਂ ਕਰਨ ਦੀ ਮੰਗ ਕਰਦੇ ਹੋਏ ਪੰਜਾਬ ਭਰ ਵਿੱਚ ਅੰਦੋਲਨ ਵਿੱਢ ਦਿੱਤਾ ਹੈ। ਜਿਸ ਤਹਿਤ 8 ਅਤੇ 9 ਜੁਲਾਈ ਨੂੰ ਪੰਜਾਬ ‘ਚ ਪੈਨ ਡਾਊਨ, ਟੂਲ ਡਾਊਨ ਹੜਤਾਲ ਕਰਨ ਉਪਰੰਤ 29 ਜੁਲਾਈ ਨੂੰ ਪਟਿਆਲੇ ਮੁੱਖ ਮੰਤਰੀ ਦੇ ਮਹਿਲਾਂ ਦੇ ਘਿਰਾਉ ਦਾ ਪ੍ਰੋਗਰਾਮ ਦਿੱਤਾ ਗਿਆ ਹੈ।ਇਸ ਤੋਂ ਇਲਾਵਾ ਤਾਲਮੇਲ ਕਮੇਟੀ ਬਿਜਲੀ ਬੋਰਡ ਵਲੋਂ 13 ਮੰਗਾਂ ਦੇ ਮੰਗ ਪੱਤਰ ਤੇ ਮੈਨੇਜਮੈਂਟ ਖਿਲਾਫ਼ ਵੀ ਸੰਘਰਸ਼ ਨੂੰ ਤੇਜ਼ ਕਰਨ ਦਾ ਫੈਸਲਾ ਕੀਤਾ ਗਿਆ।8 ਜੁਲਾਈ ਤੋਂ 31 ਜੁਲਾਈ ਤੱਕ ਵਰਕ ਟੂ ਰੂਲ ਤੇ ਸੀ.ਐਮ.ਡੀ ਅਤੇ ਡਾਇਰੈਕਟਰਾਂ ਦੇ ਫੀਲਡ ਵਿੱਚ ਰੋਸ ਵਿਖਾਵੇ ਕਰਕੇ 29 ਜੁਲਾਈ ਮੁੱਖ ਦਫ਼ਤਰ ਪਟਿਆਲੇ ਅੱਗੇ ਧਰਨਾ ਤੇ ਮੁੱਖ ਮੰਤਰੀ ਦੇ ਮਹਿਲਾਂ ਵੱਲ ਰੋਸ ਵਿਖਾਵਾ ਕੀਤਾ ਜਾਵੇਗਾ।
                      ਇਸ ਰੋਸ ਪ੍ਰਦਰਸ਼ਨ ਨੂੰ ਪੈਨਸ਼ਨਰਾਂ ਆਗੂਆਂ ਵਲੋਂ ਇੰਜ. ਜੁਗਲ ਕਿਸ਼ੋਰ ਸਾਹਨੀ ਸਕੱਤਰ, ਇੰਜੀ. ਪਰੇਮ ਸਿੰਘ ਸੀਨੀ. ਮੀਤ ਪ੍ਰਧਾਨ, ਪ੍ਰੇਮ ਕੁਮਾਰ ਸਰਕਲ ਆਗੂ, ਜਗਤਾਰ ਸਿੰਘ ਪ੍ਰੈਸ ਸਕੱਤਰ, ਦਰਸ਼ਨ ਸਿੰਘ, ਸੁਖਦਰਸ਼ਨ ਸਿੰਘ, ਭੁਪਿੰਦਰਪਾਲ ਸਿੰਘ, ਅਮਰੀਕ ਸਿੰਘ, ਮੋਹਨ ਸਿੰਘ, ਮਹੇਸ਼ ਕੁਮਾਰ ਖਮਾਣੋਂ ਤੋਂ ਇਲਾਵਾ ਟੀ.ਐਸ.ਯੂ ਆਗੂਆਂ ਜਸਵੰਤ ਸਿੰਘ ਢੰਡਾ, ਲੋਕ ਸੰਘਰਸ਼ ਕਮੇਟੀ ਸਮਰਾਲਾ ਦੇ ਆਗੂ ਕੁਲਵੰਤ ਸਿੰਘ ਤਰਕ, ਦਰਸ਼ਨ ਸਿੰਘ, ਰੁਲਦਾ ਸਿੰਘ, ਸੰਗਤ ਸਿੰਘ ਸੇਖੋਂ, ਪ੍ਰੇਮ ਸਾਗਰ ਸ਼ਰਮਾ ਪੈਨਸ਼ਨਰ ਤਾਲਮੇਲ ਕਮੇਟੀ ਕਨਵੀਨਰ ਪੰਜਾਬ ਅਤੇ ਸੂਬਾ ਪ੍ਰਧਾਨ ਭਰਪੂਰ ਸਿੰਘ ਨੇ ਸੰਬੰਧੋਨ ਕੀਤਾ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਦਾ ਇੰਟਰ ਖਾਲਸਾ ਸਕੂਲ ਮੁਕਾਬਲਿਆਂ ’ਚ ਸ਼ਾਨਦਾਰ ਪ੍ਰਦਰਸ਼ਨ

ਅੰਮ੍ਰਿਤਸਰ, 23 ਦਸੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ …