ਸਮਰਾਲਾ, 14 ਜੁਲਾਈ (ਇੰਦਰਜੀਤ ਸਿੰਘ ਕੰਗ) – ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਅਧੀਨ ਕੰਟਰੈਕਟ ਤੇ ਡਿਊਟੀ ਕਰ ਰਹੇ ਨਰੇਗਾ ਮੁਲਾਜ਼ਮਾਂ ਵਲੋਂ
ਆਪਣੀਆਂ ਸੇਵਾਵਾਂ ਪੰਚਾਇਤ ਵਿਭਾਗ ਵਿੱਚ ਰੈਗੂਲਰ ਕਰਵਾਉਣ ਲਈ ਕੀਤੀ ਗਈ ਹੜਤਾਲ ਅੱਜ ਪੰਜਵੇਂ ਦਿਨ ਵੀ ਬੀ.ਡੀ.ਪੀ.ਓ ਦਫ਼ਤਰ ਸਮਰਾਲਾ ਵਿਖੇ ਜਾਰੀ ਰਹੀ।
ਮੀਡੀਆ ਨੂੰ ਜਾਣਕਾਰੀ ਦਿੰਦਿਆ ਬਲਾਕ ਪ੍ਰਧਾਨ ਨਰਿੰਦਰ ਕੁਮਾਰ ਨੇ ਕਿਹਾ ਕਿ ਪਿਛਲੇ ਚਾਰ ਵਿੱਤੀ ਸਾਲਾਂ ਦੌਰਾਨ ਪੰਜਾਬ ਸਰਕਾਰ ਨੇ ਪੇਂਡੂ ਵਿਕਾਸ ਲਈ ਇਕ ਆਨਾ ਨਹੀਂ ਖਰਚਿਆਂ ਜਦੋਂ ਕਿ ਪਿੰਡਾਂ ਦਾ ਸਮੁੱਚਾ ਵਿਕਾਸ ਨਰੇਗਾ ਤਹਿਤ ਹੋਇਆ ਹੈ।ਲੰਘੇ ਵਿੱਤੀ ਸਾਲ ਦੌਰਾਨ ਨਰੇਗਾ ਮੁਲਾਜ਼ਮਾਂ ਨੇ ਲਗਭਗ 1600 ਕਰੋੜ ਰੁਪਏ ਖਰਚ ਕੇ ਪਿੰਡਾਂ ਦੀ ਆਰਥਿਕ ਅਤੇ ਭੌਤਿਕ ਦਸ਼ਾ ਸੁਧਾਰ ਦਿੱਤੀ ਹੈ।ਜਿਸ ਸਦਕਾ ਅੱਜ ਸਰਕਾਰ ਦੇ ਮੰਤਰੀ ਅਤੇ ਵਿਧਾਇਕ ਪਿੰਡਾਂ ਵਿੱਚ ਜਾਣ ਜੋਗੇ ਰਹਿ ਗਏ ਹਨ।ਪਰ ਪਿੰਡਾਂ ਦੇ 16 ਲੱਖ ਮਜ਼ਦੂਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਉਣ ਵਾਲੇ ਨਰੇਗਾ ਮੁਲਾਜ਼ਮ ਅੱਜ ਖੁਦ ਬੇਰੁਜ਼ਗਾਰ ਹਨ।ਪਿਛਲੇ ਚਾਰ ਸਾਲਾਂ ਤੋਂ ਨਰੇਗਾ ਮੁਲਾਜ਼ਮਾਂ ਨੂੰ ਲਗਾਤਾਰ ਸਰਕਾਰ ਵਲੋਂ ਲਾਰਿਆਂ ਵਿੱਚ ਰੱਖਿਆ ਜਾ ਰਿਹਾ।ਹੁਣ ਜਦੋਂ ਕੱਝ ਕਰਨ ਦਾ ਸਮਾਂ ਆਇਆ ਤਾਂ ਸਰਕਾਰ ਨੇ ਠੇਕਾ ਮੁਲਾਜ਼ਮਾਂ ਲਈ ਬਣਾਈ ਜਾ ਰਹੀ ਪਾਲਿਸੀ ਵਿਚੋਂ ਕੇਂਦਰੀ ਸਕੀਮਾਂ ਦੇ ਮੁਲਾਜ਼ਮਾਂ ਨੂੰ ਬਾਹਰ ਰੱਖਣ ਦਾ ਖਰੜਾ ਤਿਆਰ ਕਰਕੇ ਨਰੇਗਾ ਮੁਲਾਜ਼ਮਾਂ ਨਾਲ ਵਿਸ਼ਵਾਸ਼ਘਾਤ ਕੀਤਾ ਹੈ।ਉਹਨਾਂ ਕਿਹਾ ਕਿ ਅੱਗੇ ਸੂਬਾ ਕਮੇਟੀ ਜੋ ਵੀ ਪ੍ਰੋਗਰਾਮ ਦੇਵੇਗੀ, ਉਸ ‘ਤੇ ਉਹ 101 ਫੀਸਦ ਖਰੇ ਉਤਰਨਗੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਲਖਵਿੰਦਰ ਸਿੰਘ ਏ.ਪੀ.ਓ, ਇੰਦਰਪ੍ਰੀਤ ਕੌਰ ਲੇਖਾਕਾਰ, ਹਰਜਿੰਦਰ ਸਿੰਘ ਸੀ.ਏ, ਪ੍ਰਗਟ ਸਿੰਘ, ਪ੍ਰਭਜੋਤ ਸਿੰਘ, ਤੇਜਿੰਦਰ ਸਿੰਘ ਅਤੇ ਦਲਵੀਰ ਸਿੰਘ ਜੀ.ਆਰ.ਐਸ ਵੀ ਧਰਨੇ ‘ਚ ਮੌਜ਼ੂਦ ਸਨ।
Check Also
ਖੇਡਾਂ ਵਤਨ ਪੰਜਾਬ ਦੀਆਂ 2026- ਜਿਲ੍ਹਾ ਪੱਧਰੀ ਜੁਡੋ ਮੁਕਾਬਲਿਆਂ ਦੀ ਸ਼ੁਰੂਆਤ
ਅੰਮ੍ਰਿਤਸਰ, 28 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ …
Punjab Post Daily Online Newspaper & Print Media