Saturday, June 13, 2026

ਦਵਾਈਆਂ ਖਾ ਕੇ ਲੰਬੀ ਜ਼ਿੰਦਗੀ ਜੀਅ ਸਕਦੇ ਹਨ ਏਡਜ਼ ਪੀੜਤ ਵਿਅਕਤੀ – ਡਾ. ਗੀਤਾਂਜਲੀ ਸਿੰਘ

ਮਿੰਨੀ ਪੀ.ਐਚ.ਸੀ ਜਾਡਲਾ ਵਿਖੇ ਲੱਗਾ ਐਚ.ਆਈ.ਵੀ/ਏਡਜ਼ ਦੀ ਜਾਂਚ ਲਈ ਵਿਸ਼ੇਸ਼ ਕੈਂਪ

ਜਾਡਲਾ, 15 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫ਼ਸਰ ਡਾ. ਗੀਤਾਂਜਲੀ ਸਿੰਘ ਦੀ ਯੋਗ ਅਗਵਾਈ ਹੇਠ ਮਿੰਨੀ ਪੀ.ਐਚ.ਸੀ ਜਾਡਲਾ ਵਿਖੇ ਅੱਜ ਐਚ.ਆਈ.ਵੀ /ਏਡਜ਼ ਦੀ ਜਾਂਚ ਲਈ ਵਿਸ਼ੈਸ਼ ਕੈਂਪ ਲਗਾਇਆ ਗਿਆ।ਜਿਸ ਦੌਰਾਨ ਐਚ.ਆਈ.ਵੀ ਏਡਜ਼ ਦੇ ਕਾਰਨ, ਲੱਛਣ, ਇਲਾਜ਼ ਅਤੇ ਸਾਵਧਾਨੀਆਂ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਗਿਆ।
                    ਮੁੱਢਲਾ ਸਿਹਤ ਕੇਂਦਰ ਮੁਜੱਫਰਪੁਰ ਦੇ ਐਸ.ਐਮ.ਓ ਡਾ. ਗੀਤਾਂਜਲੀ ਸਿੰਘ ਨੇ ਦੱਸਿਆ ਕਿ ਏਡਜ਼ ਮੁੱਖ ਰੂਪ ‘ਚ ਅਸੁਰੱਖਿਅਤ ਜਿਸਮਾਨੀ ਸਬੰਧ ਬਣਾਉਣ, ਏਡਜ਼ ਪੀੜਤ ਵਿਅਕਤੀ ਦਾ ਖੂਨ ਦੂਸਰੇ ਵਿਅਕਤੀ ਨੂੰ ਚੜਾਉਣ, ਗਰਭਵਤੀ ਅਵਸਥਾ ਵਿਚ ਏਡਜ਼ ਪੀੜਤ ਮਾਂ ਵਲੋਂ ਜਨਮ ਦੇਣ ਵਾਲੇ ਬੱਚੇ, ਏਡਜ਼ ਪੀੜਤ ਵਿਅਕਤੀ ਦੀ ਸੂਈ ਦੂਸਰੇ ਵਿਅਕਤੀ `ਤੇ ਵਰਤਣ ਆਦਿ ਨਾਲ ਹੁੰਦੀ ਹੈ।ਉਨ੍ਹਾਂ ਦੱਸਿਆ ਕਿ ਏਡਜ਼ (ਐਕਵਾਇਰਡ ਇਮਿਊਨ ਡੈਫੀਸ਼ੈਂਸੀ ਸਿੰਡਰੋਮ) ਕਾਰਨ ਸਰੀਰ ਵਿੱਚ ਸੀ.ਡੀ. 4 ਕੌਸ਼ਿਕਾਵਾਂ ਵਿੱਚ ਕਾਫੀ ਜਿਆਦਾ ਗਿਰਾਵਟ ਆ ਜਾਂਦੀ ਹੈ। ਐਚ.ਆਈ.ਵੀ ਪੀੜਤ ਵਿਅਕਤੀ ਵਿੱਚ ਰੋਗਾਂ ਨਾਲ ਲੜਣ ਦੀ ਸਮੱਰਥਾ ਘੱਟ ਜਾਂਦੀ ਹੈ, ਜਿਸ ਕਾਰਨ ਪੀੜਤ ਨੂੰ ਟੀ.ਬੀ. ਸਮੇਤ ਕਈ ਹੋਰ ਬਿਮਾਰੀਆਂ ਹੋਣ ਦਾ ਖਤਰਾ ਵੱਧ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਇਕ ਸਰਵੇ ਦੀ ਰਿਪੋਰਟ ਅਨੁਸਾਰ ਜਿਨ੍ਹੇ ਲੋਕ ਵਿਸ਼ਵ ਵਿੱਚ ਐੱਚ.ਆਈ.ਵੀ ਨਾਲ ਪੀੜਤ ਹੁੰਦੇ ਹਨ, ਉਨ੍ਹਾਂ ਵਿੱਚੋਂ ਇੱਕ ਤਿਹਾਈ ਮਰੀਣ ਟੀ.ਬੀ ਨਾਲ ਵੀ ਪੀੜਤ ਹੁੰਦੇ ਹਨ। ਸਰਵੇ ਮੁਤਾਬਕ ਵਿਸ਼ਵ ਭਰ ਵਿੱਚ 36.6 ਕਰੋੜ ਲੋਕ ਐੱਚ.ਆਈ.ਵੀ. ਸੰਕਮਣ ਨਾਲ ਜੀਅ ਰਹੇ ਹਨ ਤੇ ਸਾਲ 1984 ਵਿਚ ਇਸ ਬਿਮਾਰੀ ਦੀ ਪਛਾਣ ਹੋਣ ਤੋਂ ਬਾਅਦ ਹੁਣ ਤੱਕ 36 ਕਰੋੜ ਤੋਂ ਵੱਧ ਲੋਕ ਏਡਜ਼ ਨਾਲ ਮਰ ਚੁੱਕੇ ਹਨ। ਉਨ੍ਹਾਂ ਫੀਲਡ ਸਟਾਫ ਨੂੰ ਵੀ ਇਸ ਬਿਮਾਰੀ ਪ੍ਰਤੀ ਆਮ ਲੋਕਾਂ ਵਿੱਚ ਜ਼ਿਆਦਾ ਤੋਂ ਜ਼ਿਆਦਾ ਜਾਗਰੂਕਤਾ ਫੈਲਾਉਣ ਨੂੰ ਕਿਹਾ।
ਡਾ. ਸਿੰਘ ਨੇ ਅੱਗੇ ਕਿਹਾ ਏਡਜ਼ ਪੀੜਤ ਵਿਅਕਤੀ ਨੂੰ ਵਾਰ-ਵਾਰ ਬੁਖਾਰ ਹੁੰਦਾ ਹੈ, ਥਕਾਵਟ ਹੁੰਦੀ ਹੈ, ਮਾਸ ਪੇਸ਼ੀਆਂ ਵਿਚ ਅਕੜਾਅ ਆਉਂਦਾ ਹੈ, ਜੋੜਾਂ ਵਿਚ ਦਰਦ ਅਤੇ ਸੋਜਿਸ਼ ਹੁੰਦੀ ਹੈ, ਗਲਾ ਖਰਾਬ ਹੋ ਜਾਂਦਾ ਹੈ, ਭਾਰ ਘੱਟਣਾ ਸ਼ੁਰੂ ਹੋ ਜਾਂਦਾ ਹੈ, ਚਮੜੀ ਉੱਪਰ ਲਾਲ ਰੰਗ ਦੇ ਨਿਸ਼ਾਨ ਆ ਜਾਂਦੇ ਹਨ ਅਤੇ ਮਾਨਸਿਕ ਤਣਾਅ ਰਹਿਣ ਲੱਗਦਾ ਹੈ।ਜੇਕਰ ਇਸ ਬਿਮਾਰੀ ਦਾ ਮੁੱਢਲੀ ਅਵਸਥਾ ਵਿੱਚ ਹੀ ਪਤਾ ਲੱਗ ਜਾਵੇ ਤਾਂ ਬਿਮਾਰੀ ਦੀ ਰੋਕਥਾਮ ਲਈ ਲਗਾਤਾਰ ਦਵਾਈਆਂ ਦਾ ਸਹਾਰਾ ਲੈ ਕੇ ਏਡਜ਼ ਪੀੜਤ ਵਿਅਕਤੀ ਲੰਬੀ ਜ਼ਿੰਦਗੀ ਜੀਅ ਸਕਦਾ ਹੈ।
                     ਇਸ ਦੌਰਾਨ ਡਾ. ਸੋਨੀਆ ਨੇ ਦੱਸਿਆ ਕਿ ਏਡਜ਼ ਇਕ ਤੋਂ ਜ਼ਿਆਦਾ ਵਿਅਕਤੀ ਨਾਲ ਸਰੀਰਕ ਸਬੰਧ ਬਣਾਉਣ, ਦੂਸ਼ਿਤ ਖੂਨ ਦੇਣ, ਦੂਸ਼ਿਤ ਸੂਈਆਂ, ਸਰਿੰਜਾਂ ਦੀ ਵਰਤੋਂ ਅਤੇ ਗਰਭਵਤੀ ਮਾਂ ਤੋਂ ਬੱਚੇ ਨੂੰ ਹੁੰਦਾ ਹੈ।ਇਹ ਹੱਥ ਮਿਲਾਉਣ, ਛੂਹਣ, ਚੁੰਮਣ ਜਾਂ ਕਿਸੇ ਨਾਲ ਬੈਠ ਕੇ ਖਾਣਾ ਖਾਣ ਨਾਲ ਨਹੀਂ ਫੈਲਦਾ ਹੈ, ਇਸ ਲਈ ਸਾਨੂੰ ਏਡਜ਼ ਦੇ ਰੋਗੀ ਨਾਲ ਨਫਰਤ ਨਹੀਂ ਕਰਨੀ ਚਾਹੀਦੀ।ਉਨ੍ਹਾਂ ਦੱਸਿਆ ਕਿ ਸਿਹਤ ਵਿਭਾਗ ਦਾ ਟੀਚਾ ਸਾਲ 2030 ਤੱਕ ਪੰਜਾਬ ਨੂੰ ਏਡਜ਼ ਤੋਂ ਮੁਕਤ ਕਰਨਾ ਹੈ।
                     ਐਜੂਕੇਟਰ ਮਨਿੰਦਰ ਸਿੰਘ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਸ ਬਿਮਾਰੀ ਦੇ ਬਾਰੇ ਜਾਗਰੂਕਤਾ ਦੀ ਕਮੀ ਹੋਣਾ, ਮਰੀਜ਼ ਵਿੱਚ ਇਸ ਬਿਮਾਰੀ ਪ੍ਰਤੀ ਡਰ ਤੇ ਪੀੜਤ ਦਾ ਸਮਾਜਿਕ ਬਾਈਕਾਟ ਬਹੁਤ ਹੀ ਚਿੰਤਾਜਨਕ ਹੈ ਤੇ ਇਹ ਪੀੜਤ ਦੀ ਹਾਲਤ ਨੂੰ ਹੋਰ ਵੀ ਦੁਖਦ ਬਣਾ ਦਿੰਦਾ ਹੈ।
              ਇਸ ਮੌਕੇ ਹੋਰਨਾਂ ਤੋਂ ਇਲਾਵਾ ਐਲ ਐੱਚ ਵੀਜ ਕੁਲਵੰਤ ਕੌਰ, ਕਮਲਾ ਦੇਵੀ, ਓਟ ਕੌਂਸਲਰ ਹਰਪ੍ਰੀਤ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਅਤੇ ਕਰਮਚਾਰੀ ਮੌਜ਼ੂਦ ਸਨ।

Check Also

ਰੈਡ ਕਰਾਸ ਸੁਸਾਇਟੀ ਅੰਮ੍ਰਿਤਸਰ ਨੂੰ ਦਿੱਲੀ ਜੀ.ਐਸ.ਟੀ ਪ੍ਰੋਫੈਸ਼ਨਲਜ਼ ਗਰੁੱਪ ਵੱਲੋਂ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 11 ਜੂਨ (ਸੁਖਬੀਰ ਸਿੰਘ) – ਮਾਨਵਤਾ ਦੀ ਸੇਵਾ ਅਤੇ ਸਮਾਜ ਭਲਾਈ ਦੇ ਖੇਤਰ ਵਿੱਚ …