ਦਸਵੇਂ ਪਾਤਸ਼ਾਹ ਦੇ 350ਵੇਂ ਪ੍ਰਕਾਸ਼ ਪੁਰਬ ਮੌਕੇ ਕੋਆਰਡੀਨੇਟਰ ਵਜੋਂ ਨਿਭਾਈਆਂ ਸਨ ਸੇਵਾਵਾਂ
ਅੰਮ੍ਰਿਤਸਰ, 15 ਜੁਲਾਈ – (ਜਗਦੀਪ ਸਿੰਘ) – ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਪੁਰਬ ਮੌਕੇ ਤਖ਼ਤ ਸ੍ਰੀ ਪਟਨਾ ਸਾਹਿਬ ਵਿਖੇ ਆਯੋਜਿਤ ਕੀਤੇ ਗਏ ਸਮਾਗਮਾਂ ਸਮੇਂ ਉਥੋਂ ਦੀ ਸਰਕਾਰ ਤਰਫੋਂ ਕੋਆਰਡੀਨੇਟਰ ਵਜੋਂ ਸੇਵਾਵਾਂ ਨਿਭਾਉਣ ਵਾਲੇ ਸੁਮੀਤ ਸਿੰਘ ਕਲਸੀ ਨੇ ਆਪਣੀ ਪਤਨੀ ਸਮੇਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸ਼ਰਧਾ ਪ੍ਰਗਟਾਈ।ਉਨ੍ਹਾਂ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਵਿਖੇ ਵਧੀਕ ਸਕੱਤਰ ਸੁਖਦੇਵ ਸਿੰਘ ਭੂਰਾਕੋਹਨਾ, ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ ਅਤੇ ਸ਼੍ਰੋਮਣੀ ਕਮੇਟੀ ਦੇ ਸੁਪਰਡੈਂਟ ਮਲਕੀਤ ਸਿੰਘ ਬਹਿੜਵਾਲ ਨੇ ਸਾਂਝੇ ਤੌਰ ’ਤੇ ਸਨਮਾਨਿਤ ਕੀਤਾ।
ਸੁਮੀਤ ਸਿੰਘ ਨੇ ਕਿਹਾ ਕਿ ਗੁਰੂ ਘਰ ਵਿਖੇ ਨਤਮਸਤਕ ਹੋ ਕੇ ਉਨ੍ਹਾਂ ਨੂੰ ਸਕੂਨ ਪ੍ਰਾਪਤ ਹੋਇਆ ਹੈ ਅਤੇ ਸਨਮਾਨ ਲਈ ਉਹ ਸ਼੍ਰੋਮਣੀ ਕਮੇਟੀ ਦਾ ਧੰਨਵਾਦ ਕਰਦੇ ਹਨ।ਇਸ ਦੌਰਾਨ ਉਨ੍ਹਾਂ 350ਵੇਂ ਪ੍ਰਕਾਸ਼ ਪੁਰਬ ਸਮੇਂ ਨਿਭਾਈਆਂ ਸੇਵਾਵਾਂ ਦੇ ਅਨੁਭਵ ਸਾਂਝੇ ਕਰਦਿਆਂ ਕਿਹਾ ਕਿ ਇਹ ਇਤਿਹਾਸਕ ਮੌਕਾ ਸਮੁੱਚੇ ਸਿੱਖ ਜਗਤ ਦੀ ਮਾਨਸਿਕਤਾ ਦਾ ਹਮੇਸ਼ਾ ਹਿੱਸਾ ਬਣਿਆ ਰਹੇਗਾ, ਕਿਉਂਕਿ ਇਸ ਸਮੇਂ ਸਮੁੱਚੀ ਮਾਨਵਤਾ ਦੀਆਂ ਇਕ ਦੂਸਰੇ ਨਾਲ ਸਮਾਜਿਕ ਸਾਂਝਾ ਮਜ਼ਬੂਤ ਹੋਈਆਂ।ਉਨ੍ਹਾਂ ਕਿਹਾ ਕਿ ਇਸ ਇਤਿਹਾਸਕ ਮੌਕੇ ’ਤੇ ਉਨ੍ਹਾਂ ਨੂੰ ਕੋਆਰਡੀਨੇਟਰ ਦੀ ਸੇਵਾ ਪ੍ਰਾਪਤ ਹੋਈ ਸੀ, ਜਿਸ ਤਹਿਤ ਉਨ੍ਹਾਂ ਬਿਹਾਰ ਸਰਕਾਰ ਵੱਲੋਂ ਟੈਂਟ ਸਿਟੀ ਦੇ ਪ੍ਰਬੰਧਕ ਵਜੋਂ ਸੇਵਾਵਾਂ ਨਿਭਾਈਆਂ ਸਨ।ਉਨ੍ਹਾਂ ਖਾਸ ਤੌਰ ’ਤੇ ਜ਼ਿਕਰ ਕਰਦਿਆਂ ਕਿਹਾ ਕਿ ਬਿਹਾਰ ਦੇ ਲੋਕਾਂ ‘ਚ ਉਥੋਂ ਦੇ ਇਤਿਹਾਸਕ ਸਿੱਖ ਸਥਾਨਾਂ ਪ੍ਰਤੀ ਭਾਰੀ ਸ਼ਰਧਾ ਹੈ ਅਤੇ 350ਵੇਂ ਪ੍ਰਕਾਸ਼ ਪੁਰਬ ਮੌਕੇ ਸਥਾਨਕ ਲੋਕ 4 ਕਿਲੋਮੀਟਰ ਤੱਕ ਦੀਆਂ ਲੰਮੀਆਂ ਕਤਾਰਾਂ ਵਿਚ ਖੜ੍ਹ ਕੇ ਦਰਸ਼ਨ-ਦੀਦਾਰ ਕਰਨ ਦਾ ਇੰਤਜ਼ਾਰ ਕਰਦੇ ਸਨ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਇੰਚਾਰਜ ਗੱਡੀਆਂ ਨਿਰਮਲ ਸਿੰਘ ਵੀ ਮੌਜੂਦ ਸਨ।