Sunday, June 15, 2025
Breaking News

ਲੇਖਕ ਗ਼ਜ਼ਲਗੋ ਕੁਲਵੰਤ ਸਿੰਘ ਨੀਲੋਂ ਨੂੰ ਸਮਰਪਿਤ ਸਾਹਿਤਕ ਮੀਟਿੰਗ

ਲੇਖਕ ਮੰਚ ਸਮਰਾਲਾ ਦੀ ਮੀਟਿੰਗ ‘ਚ ਚੱਲਿਆ ਰੌਚਕ ਰਚਨਾਵਾਂ ਦਾ ਦੌਰ
ਸਮਰਾਲਾ, 17 ਜੁਲਾਈ (ਇੰਦਰਜੀਤ ਸਿੰਘ ਕੰਗ) – ਲੇਖਕ ਮੰਚ (ਰਜਿ:) ਸਮਰਾਲਾ ਦੀ ਮਾਸਿਕ ਸਾਹਿਤਕ ਮੀਟਿੰਗ ਇਲਾਕੇ ਦੇ ਮਸ਼ਹੂਰ ਲੇਖਕ ਗ਼ਜ਼ਲਗੋ ਕੁਲਵੰਤ ਸਿੰਘ ਨੀਲੋਂ ਨੂੰ ਸਮਰਪਿਤ ਮੰਚ ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਦੀ ਪ੍ਰਧਾਨਗੀ ਹੇਠ ਹੋਈ।ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਸਮਰਾਲਾ ਵਿਖੇ ਹੋਈ ਮੀਟਿੰਗ ਵਿੱਚ ਰਚਨਾਵਾਂ ਦਾ ਲੰਮਾ ਅਤੇ ਰੌਚਕ ਦੌਰ ਚੱਲਿਆ।ਰਚਨਾਵਾਂ ਦੇ ਦੌਰ ਵਿੱਚ ਸਭ ਤੋਂ ਪਹਿਲਾਂ ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਨੇ ਮਾਸਟਰ ਤਰਲੋਚਨ ਸਿੰਘ ਦੁਆਰਾ ਸੰਪਾਦਿਤ ਪੁਸਤਕ ‘ਪ੍ਰਸਿੱਧ ਗ਼ਜ਼ਲਗੋ ਕੁਲਵੰਤ ਸਿੰਘ ਨੀਲੋਂ’ (ਸੰਪੂਰਣ ਸ਼ਾਇਰੀ ਅਤੇ ਸਿਮਰਤੀਆਂ) ਜਿਸ ਵਿੱਚ ਕੁਲਵੰਤ ਸਿੰਘ ਨੀਲੋਂ ਬਾਰੇ ਵੱਖ-ਵੱਖ ਵਿਦਵਾਨਾਂ ਦੀਆਂ ਸਿਮਰਤੀਆਂ ਸੰਕਲਿਤ ਹਨ, ਵਿਚੋਂ ਉਹਨਾਂ ਦੀਆਂ ਗ਼ਜ਼ਲਾਂ ਦੇ ਅੰਸ਼ ਪੜ੍ਹ ਕੇ ਪੇਸ਼ ਕੀਤੇ ਅਤੇ ਕੁਲਵੰਤ ਸਿੰਘ ਨੀਲੋਂ ਨਾਲ ਗੁਜ਼ਾਰੇ ਖੂਬਸੂਰਤ ਪਲਾਂ ਦੇ ਵੇਰਵੇ ਸਾਂਝੇ ਕੀਤੇ।ਡਾ. ਪ੍ਰਿੰਸੀਪਲ ਬੈਨੀਪਾਲ ਦੀ ਪੇਸ਼ਕਾਰੀ ਕਾਫੀ ਦਿਲਚਸਪ ਹੋ ਨਿੱਬੜੀ।
                              ਰਚਨਾਵਾਂ ਦੀ ਰੌਚਿਕਤਾ ਇਹ ਰਹੀ ਕਿ ਪਾਵਰ ਕੱਟ ਕਾਰਣ ਅੱਤ ਦੀ ਗਰਮੀ ਵਿੱਚ ਲੇਖਕ ਬਹੁਤ ਹੀ ਸ਼ਿੱਦਤ ਨਾਲ ਰਚਨਾਵਾਂ ਪੜ੍ਹਦੇ ਅਤੇ ਸੁਣਦੇ ਰਹੇ ਅਤੇ ਨਾਲੋਂ-ਨਾਲ ਰਚਨਾਵਾਂ ਤੇ ਉਸਾਰੂ ਬਹਿਸ ਵੀ ਜਾਰੀ ਰਹੀ।ਮੰਚ ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਸਮਰਾਲਾ ਨੇ ਆਏ ਲੇਖਕਾਂ ਦਾ ਸਵਾਗਤ ਕਰਦਿਆਂ ਉਨਾਂ ਲੇਖਕਾਂ ਦੀਆਂ ਲਿਖਤਾਂ ਦਾ ਜ਼ਿਕਰ ਕੀਤਾ।ਜਿਹਨਾਂ ਨੇ ਬਹੁਤ ਥੋੜ੍ਹਾ ਲਿਖਿਆ, ਪਰ ਉਹ ਰਚਨਾਵਾਂ ਨਾਲ ਅਮਰ ਹੋ ਗਏ।ਉਨਾਂ ਕਿਹਾ ਕਿ ਕੋਈ ਵੀ ਰਚਨਾ ਅਕਾਰ ਦੇ ਹਿਸਾਬ ਨਾਲ ਵੱਡੀ ਜਾਂ ਛੋਟੀ ਨਹੀਂ ਮੰਨੀ ਜਾ ਸਕਦੀ, ਬਲਕਿ ਰਚਨਾ ਦੀ ਤਕਨੀਕ ਅਤੇ ਉਸ ਦਾ ਵਜਨ ਰਚਨਾ ਦੇ ਵੱਡਾ ਜਾਂ ਆਮ ਹੋਣ ਦਾ ਸਬੂਤ ਹੈ।ਮਸ਼ਹੂਰ ਤੇ ਜਨ-ਜਨ ਦੀ ਜ਼ੁਬਾਨ ‘ਤੇ ਚੜ੍ਹੇ ਸ਼ਿਅਰਾਂ ਦੇ ਲੁਪਤ ਹੋਏੇ ਲੇਖਕਾਂ ਦੀ ਮਾਸਟਰ ਤਰਲੋਚਨ ਨੇ ਬਹੁਮੁੱਲੀ ਜਾਣਕਾਰੀ ਲੇਖਕਾਂ ਦੇ ਨਾਲ ਸਾਂਝੀ ਕੀਤੀ।ਉਹਨਾਂ ਕਿਹਾ ਕਿ ਕਿਤਾਬਾਂ ਦੀ ਗਿਣਤੀ ਨਾਲ ਕੋਈ ਲੇਖਕ ਵੱਡਾ ਨਹੀਂ ਹੋ ਜਾਂਦਾ।ਇਕੋ ਮਿਸਰੇ ਨੇ ਕਈ ਲੇਖਕ ਮਸ਼ਹੂਰ ਕਰ ਦਿੱਤੇ।ਬਹੁਤ ਜਿਆਦਾ ਲਿਖਣ ਨਾਲੋਂ ਵਧੀਆ ਅਤੇ ਮਿਆਰੀ ਲਿਖਿਆ ਜਾਵੇ।ਇਹਨਾਂ ਵਿੱਚ ਸਰੋਦ ਸੁਦੀਪ, ਗੁਲਜ਼ਾਰ ਮੁਹੰਮਦ ਗੋਰੀਆ ਅਤੇ ਲਾਲ ਸਿੰਘ ਦਿਲ ਨਾਲ ਗੁਜ਼ਾਰੇ ਸਮਿਆਂ ਦਾ ਵਿਸ਼ੇਸ਼ ਤੌਰ ‘ਤੇ ਜ਼ਿਕਰ ਆਇਆ।
                        ਭੈਣੀ ਸਾਹਿਬ ਦੀ ਸਾਹਿਤ ਸਭਾ ਦੀ ਨੁਮਾਇੰਦਗੀ ਕਰ ਰਹੇ ਸਭਾ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਅਤੇ ਤਰਣ ਸਿੰਘ ਬੱਲ ਨੇ ਵੀ ਆਪਣੀਆਂ ਰਚਨਾਵਾਂ ਪੇਸ਼ ਕਰ ਕੇ ਹਾਜ਼ਰੀ ਲਗਵਾਈ।ਤਰਣ ਸਿਘ ਬੱਲ ਨੇ ਆਪਣੀ ਕਹਾਣੀ ‘.. ਤੇ ਉਹ ਜਾਗਦੀ ਰਹੀ’ ਪੇਸ਼ ਕੀਤੀ।ਜਿਸ ‘ਤੇ ਹਾਜ਼ਰ ਲੇਖਕਾਂ ਵਿਦਵਾਨਾਂ ਨੇ ਨਿੱਠ ਕੇ ਚਰਚਾ ਕੀਤੀ।ਐਡਵੋਕੇਟ ਕਹਾਣੀਕਾਰ ਦਲਜੀਤ ਸਿੰਘ ਸ਼ਾਹੀ, ਚਿੰਤਕ ਗੁਰਭਗਤ ਸਿੰਘ ਗਿੱਲ, ਮਾਸਟਰ ਤਰਲੋਚਨ ਸਿੰਘ, ਬਲਵੰਤ ਸਿੰਘ ਮਾਂਗਟ, ਪ੍ਰਿੰਸੀਪਲ ਡਾ. ਪਰਮਿੰਦਰ ਸਿੰਘ ਬੈਨੀਪਾਲ ਅਤੇ ਅਮਨ ਅਜ਼ਾਦ ਵਿਸਮਾਦ ਨੇ ਬਹੁਤ ਉਸਾਰੂ ਬਹਿਸ ਕੀਤੀ।ਭੈਣੀ ਸਾਹਿਬ ਸਾਹਿਤ ਸਭਾ ਦੇ ਪ੍ਰਧਾਨ ਗੁਰਸੇਵਕ ਸਿੰਘ ਢਿੱਲੋਂ ਨੇ ‘‘ਹਰ ਥਾਂ ਮੌਤ ਦਾ ਸਾਇਆ’’ ਪੇਸ਼ ਕਰਕੇ ਚੰਗੀ ਵਾਹ-ਵਾਹੀ ਖੱਟੀ।ਇਸ ਉਪਰੰਤ ਅਮਨ ਆਜ਼ਾਦ ਨੇ ਗ਼ਜ਼ਲ, ਰਾਜਦੀਪ ਦਿਗਪਾਲ, ਜੱਸੀ ਢਿੱਲਵਾਂ ਅਤੇ ਕਸ਼ਮੀਰ ਸਿੰਘ ਹੁਰਾਂ ਨੇ ਤਰੰਨੁਮ ਵਿੱਚ ਗੀਤ ਗਾ ਕੇ ਪੇਸ਼ ਕੀਤੇ ਬਲਵੰਤ ਮਾਂਗਟ ਨੇ ਆਪਣਾ ਨਵੇਕਲਾ ਗੀਤ ‘ਰੁੱਤਾਂ ਆਈਆਂ, ਰੁੱਤਾਂ ਗਈਆਂ’ ਪੇਸ਼ ਕੀਤਾ।ਸੁਰਜੀਤ ਸਿੰਘ ਮੰਡ ਨੇ ਗ਼ਜ਼ਲ, ਹਰਬੰਸ ਮਾਲਵਾ ਨੇ ਗ਼ਜ਼ਲ, ਕਰਮ ਸਿੰਘ ਮਾਛੀਵਾੜਾ, ਅਵਤਾਰ ਸਿੰਘ ਉਟਾਲਾਂ ਅਤੇ ਸੁਰਜੀਤ ਸਿੰਘ ‘ਵਿਸਾਦ’ ਨੇ ਕਵਿਤਾ ਪੇਸ਼ ਕੀਤੀ।
ਮੰਚ ਦੀ ਮੀਟਿੰਗ ਵਿੱਚ ਪੜ੍ਹੀਆਂ ਗਈਆਂ ਸਾਰੀਆਂ ਰਚਨਾਵਾਂ ‘ਤੇ ਉਸਾਰੂ ਬਹਿਸ ਹੋਈ ਤੇ ਲੇਖਕਾਂ ਨੂੰ ਮਿਆਰੀ ਰਚਨਾਵਾਂ ਪੇਸ਼ ਕਰਨ ਲਈ ਭਰਪੂਰ ਦਾਦ ਵੀ ਮਿਲੀ।ਅੰਤ ‘ਚ ਮੰਚ ਦੇ ਪ੍ਰਧਾਨ ਮਾਸਟਰ ਤਰਲੋਚਨ ਸਿੰਘ ਨੇ ਆਏ ਸਾਰੇ ਲੇਖਕਾਂ ਦਾ ਧੰਨਵਾਦ ਕੀਤਾ।
                      ਮੀਟਿੰਗ ਵਿੱਚ ਲੇਖਕ ਸੂਰੀਆ ਕਾਂਤ ਵਰਮਾ, ਲੇਖਕ ਕਰਮਜੀਤ ਸਿੰਘ ਬਾਸੀ, ਗ਼ਜ਼ਲਗੋ ਆਜਾਦ ਵਿਸਮਾਦ, ਸਿਕੰਦਰ ਸਿੰਘ, ਲੇਖਕ ਕਰਮ ਸਿੰਘ ਅਤੇ ਡਾ. ਹਰਜਿੰਦਰਪਾਲ ਸਿੰਘ ਸ਼ਾਮਲ ਹੋਏ।
                    ਮੰਚ ਸੰਚਾਲਨ ਮੰਚ ਦੇ ਜਨਰਲ ਸਕੱਤਰ ਅਤੇ ਪੱਤਰਕਾਰ ਸੁਰਜੀਤ ਸਿੰਘ ‘ਵਿਸ਼ਾਦ’ ਨੇ ਬਾਖੂਬੀ ਕੀਤਾ।

Check Also

ਖਾਲਸਾ ਕਾਲਜ ਲਾਅ ਵੱਲੋਂ ‘ਸਖਸ਼ੀਅਤ ਵਿਕਾਸ ਅਤੇ ਨਿਖਾਰ’ ਵਰਕਸ਼ਾਪ ਕਰਵਾਈ ਗਈ

ਅੰਮ੍ਰਿਤਸਰ, 14 ਜੂਨ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ ਲਾਅ ਵਿਖੇ ਵਿਦਿਆਰਥਣਾਂ ਲਈ ਵਿਸਪਰ, …