Monday, July 20, 2026

ਜ਼ਿਲ਼੍ਹੇ ਦੇ ਸਰਕਾਰੀ ਸਕੂਲਾਂ ਨੇ ਵੰਡੀਆਂ 2 ਲੱਖ ਦੇ ਕਰੀਬ ਕਿਤਾਬਾਂ – ਜ਼ਿਲ਼੍ਹਾ ਸਿੱਖਿਆ ਅਧਿਕਾਰੀ

ਗੁਰੂ ਨਗਰੀ ਅੰਮ੍ਰਿਤਸਰ ਦੇ ਕੋਨੇ ਕੋਨੇ ‘ਚ ਲੱਗੇ ਕਿਤਾਬਾਂ ਦੇ ਲੰਗਰ
ਅੰਮ੍ਰਿਤਸਰ, 18 ਜੁਲਾਈ (ਸੁਖਬੀਰ ਸਿੰਘ)- ਕੋਵਿਡ-19 ਮਹਾਂਮਾਰੀ ਦੌਰਾਨ ਵਿਦਿਆਰਥੀ ਦੀ ਸਿਹਤ ਨੂੰ ਧਿਆਨ ਵਿੱਚ ਰੱਖਦਿਆਂ ਬੰਦ ਕੀਤੇ ਸਕੁਲਾਂ ਕਾਰਨ ਵਿਦਿਆਰਥੀ-ਕਿਤਾਬ ਦੇ ਰਿਸ਼ਤੇ ਵਿੱਚ ਆਈ ਖੜੋਤ ਨੂੰ ਤੋੜਨ ਲਈ ਸਿੱਖਿਆ ਵਿਭਾਗ ਪੰਜਾਬ ਵਲੋਂ ਨਿਵੇਕਲੀ ਪਹਿਲ ਕਰਿਦਆਂ ਜ਼ਿਲ਼੍ਹੇ ਦੇ ਸਮੂਹ ਸਰਕਾਰੀ ਸਕੂਲਾਂ ‘ਚ ਕਿਤਾਬਾਂ ਦਾ ਲੰਗਰ ਲਗਾਇਆ ਗਿਆ।ਜਿਸ ਨੂੰ ਵਿਦਿਆਰਥੀ, ਮਾਪਿਆਂ ਤੇ ਸਮਾਜ ਦੇ ਪਤਵੰਤਿਆਂ ਵਲੋਂ ਭਰਵਾਂ ਹੁੰਗਾਰਾ ਭਰਦਿਆਂ ਕਰੀਬ 2 ਲੱਖ ਤੋਂ ਜਿਆਦਾ ਕਿਤਾਬਾਂ ਜਾਰੀ ਕਰਵਾਈਆਂ ਗਈਆਂ। ਸਿੱਖਿਆ ਵਿਭਾਗ ਪੰਜਾਬ ਵਲੋਂ ਜ਼ਿਲ਼੍ਹਾ ਅੰਮ੍ਰਿਤਸਰ ਦੇ ਸਰਕਾਰੀ ਸਕੂਲਾਂ ‘ਚ ਚਲਾਈ ਲਾਇਬ੍ਰੇਰੀ ਲੰਗਰ ਮੁਹਿੰਮ ਤਹਿਤ ਸਰਕਾਰੀ ਸਕੂਲਾਂ ਦੇ ਨਾਲ ਨਾਲ ਜਨਤਕ ਥਾਵਾਂ ਅਤੇ ਗੁਰਦੁਆਰਿਆਂ ‘ਚ ਕਿਤਾਬਾਂ ਦੇ ਸਟਾਲ ਲਗਾਏ ਗਏ।
                 ਇਸ ਸੰਬੰਧੀ ਅੰਮ੍ਰਿਤਸਰ ਦੇ ਜ਼ਿਲ਼੍ਹਾ ਸਿੱਖਿਆ ਅਫਸਰ (ਸੈ.ਸਿ) ਸਤਿੰਦਰਬੀਰ ਸਿੰਘ ਅਤੇ ਸੁਸ਼ੀਲ ਕੁਮਾਰ ਤੁਲੀ ਜ਼ਿਲ਼੍ਹਾ ਸਿਖਿਆ ਅਫਸਰ (ਐ.ਸਿ) ਨੇ ਸਾਂਝੇ ਤੌਰ ਤੇ ਦੱਸਿਆ ਕਿ ਇਸ ਉਪਰਾਲੇ ਰਾਹੀਂ ਉਨ੍ਹਾਂ ਦਾ ਟੀਚਾ ਵੱਧ ਤੋਂ ਵੱਧ ਵਿਦਿਆਰਥੀਆਂ ਤੇ ਮਾਪਿਆਂ ਤੱਕ ਪਹੁੰਚਣਾ ਅਤੇ ਇਹ ਯਕੀਨੀ ਕਰਨਾ ਹੈ ਕਿ ਉਨ੍ਹਾਂ ਨੂੰ ਕਿਤਾਬਾਂ ਮੁਫਤ ਦਿੱਤੀਆਂ ਜਾਣ ਤਾਂ ਜੋ ਉਹਨਾਂ ਦੇ ਪੜਨ ਦੀ ਰੁਚੀ ਨੂੰ ਉਤਸ਼ਾਹਿਤ ਕੀਤਾ ਜਾ ਸਕੇ।ਸਿੱਖਿਆ ਅਧਿਕਾਰੀਆਂ ਦੱਸਿਆ ਕਿ ਵਿਭਾਗ ਦੀ ਇਸ ਮੁਹਿੰਮ ਨੂੰ ਸਫਲ ਬਣਾਉਣ ਲਈ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਇਸ ਸਮਾਗਮ ‘ਚ ਸ਼ਾਮਿਲ ਹੋਣ ਲਈ ਉਤਸ਼ਾਹਿਤ ਕਰਨ ਲਈ ਸੋਸ਼ਲ ਮੀਡੀਆ, ਪੋਸਟਰ ਮੁਹਿੰਮ, ਧਾਰਮਿਕ ਤੇ ਜਨਤਕ ਸਥਾਨਾਂ ਤੋਂ ਐਲਾਣ ਕੀਤੇ ਜਾਣ ਤੋਂ ਇਲਾਵਾ ਸਕੂਲ ਅਧਿਆਪਕਾਂ ਵਲੋਂ ਆਪਣੀਆਂ ਨਿੱਜੀ ਵਾਹਨਾਂ ‘ਤੇ ਬੈਨਰ ਲਗਾ ਕੇ ਕਿਤਾਬਾਂ ਨੂੰ ਵਿਦਿਆਰਥੀਆਂ ਦੇ ਘਰਾਂ ਤੱਕ ਪੁੱਜਦਾ ਕੀਤਾ ਗਿਆ।
                  ਜ਼ਿਲ਼੍ਹਾ ਮੀਡੀਆ ਕੋਆਰਡੀਨੇਟਰ ਪਰਮਿੰਦਰ ਸਿੰਘ ਸਰਪੰਚ, ਜ਼ਿਲ਼੍ਹਾ ਸੋਸ਼ਲ ਮੀਡੀਆ ਕੋਆਰਡੀਨੇਟਰ ਦਵਿੰਦਰ ਕੁਮਾਰ ਮੰਗੋਤਰਾ ਨੇ ਕਿਹਾ ਕਿ ਜਿਵੇਂ ਵਿਦਿਆਰਥੀਆਂ ਤੇ ਮਾਪਿਆਂ ਨੇ ਜਿਸ ਉਤਸ਼ਾਹ ਨਾਲ ਲਾਇਬ੍ਰੇਰੀ ਲੰਗਰ ਵਿੱਚ ਹਿੱਸਾ ਲੈਂਦਿਆਂ ਇਸ ਮੁਹਿੰਮ ਨੂੰ ਸਫਲ ਬਣਾਇਆ ਹੈ।ਹੁਣ ਉਨ੍ਹਾਂ ਵਲੋਂ ਚੁਣੀਆਂ ਗਈਆਂ ਕਿਤਾਬਾਂ ਨੂੰ ਪੜਨ ਉਪਰੰਤ ਉਨ੍ਹਾਂ ਤੇ ਸਮੀਖਿਆ ਲਿਖਣ ਲਈ ਵੀ ਉਤਸ਼ਾਹਿਤ ਕੀਤਾ ਜਾਵੇਗਾ।
                  ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਵਿੰਡ ਦੇ ਪ੍ਰਿੰਸੀਪਲ ਅਮਰਜੀਤ ਸਿੰਘ ਅਤੇ ਸਰਕਾਰੀ ਐਲੀਮੈਂਟਰੀ ਸਕੂਲ ਸਾਰੰਗਦੇਵ ਦੇ ਸੀ.ਐਚ.ਟੀ ਗੁਰਜੰਟ ਸਿੰਘ ਨੇ ਦੱਸਿਆ ਕਿ ਇਸ ਮੁਹਿੰਮ ਤਹਿਤ 85 ਪ੍ਰਤੀਸ਼ਤ ਤੋਂ ਜਿਆਦਾ ਕਿਤਾਬਾਂ ਵਿਦਿਆਰਥੀਆਂ ਤੇ ਮਾਪਿਆਂ ਵਲੋਂ ਜਾਰੀ ਕਰਵਾਈਆਂ ਗਈਆਂ ਹਨ।

Check Also

ਕੈਬਨਿਟ ਮੰਤਰੀ ਈ.ਟੀ.ਓ ਵਲੋਂ ਨਗਰ ਸੁਧਾਰ ਟਰੱਸਟ ਦੇ ਨਵ-ਨਿਯੁੱਕਤ ਚੇਅਰਮੈਨ ਸਰਬਜੋਤ ਸਿੰਘ ਧੰਜ਼ਲ ਨੂੰ ਵਧਾਈ

ਅੰਮ੍ਰਿਤਸਰ, 19 ਜੁਲਾਈ (ਸੁਖਬੀਰ ਸਿੰਘ) –  ਕੈਬਨਿਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ ਪੰਜਾਬ ਸਰਕਾਰ …