ਡਿਪਟੀ ਕਮਿਸ਼ਨਰ ਨੇ ਨਸ਼ਾ ਵਿਰੋਧੀ ਮੁਹਿੰਮ ਦੀ ਪ੍ਰਗਤੀ ਦਾ ਲਿਆ ਜਾਇਜ਼ਾ
ਨਵਾਂਸ਼ਹਿਰ, 27 ਜੁਲਾਈ (ਪੰਜਾਬ ਪੋਸਟ ਬਿਊਰੋ) – ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਨੇ ਅੱਜ ਜ਼ਿਲ੍ਹਾ ਮਿਸ਼ਨ ਟੀਮ ਦੀ ਮੀਟਿੰਗ ਦੌਰਾਨ ਜ਼ਿਲ੍ਹੇ ਵਿਚ ਨਸ਼ਾ
ਵਿਰੋਧੀ ਮੁਹਿੰਮ ਤਹਿਤ ਕੀਤੇ ਜਾ ਰਹੇ ਕੰਮਾਂ ਦੀ ਪ੍ਰਗਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਓਟ ਸੈਂਟਰਾਂ ਦੀ ਕਾਰਗੁਜ਼ਾਰੀ ਦਾ ਮੁਲਾਂਕਣ ਕਰਨ ਤੋਂ ਇਲਾਵਾ ਡੈਪੋ, ਬਡੀ, ਮਿਸ਼ਨ ਰੈੱਡ ਸਕਾਈ ਅਤੇ ਨਸ਼ਾ ਮੁਕਤ ਭਾਰਤ ਅਭਿਆਨ ਆਦਿ ਪ੍ਰੋਗਰਾਮਾਂ ਦੀ ਸਮੀਖਿਆ ਵੀ ਕੀਤੀ। ਡਾ. ਸ਼ੇਨਾ ਅਗਰਵਾਲ ਨੇ ਇਸ ਮੌਕੇ ਸਮੂਹ ਸਬੰਧਤ ਵਿਭਾਗਾਂ ਨੂੰ ਨਸ਼ਿਆਂ ਖਿਲਾਫ਼ ਆਪਣੀਆਂ ਜਾਗਰੂਕਤਾ ਗਤੀਵਿਧੀਆਂ ਵਿੱਚ ਤੇਜ਼ੀ ਲਿਆਉਣ ਦੇ ਆਦੇਸ਼ ਦਿੱਤੇ। ਡਿਪਟੀ ਕਮਿਸ਼ਨਰ ਨੇ ਰੋਜ਼ਗਾਰ ਵਿਭਾਗ ਦੇ ਅਧਿਕਾਰੀਆਂ ਨੂੰ ਆਦੇਸ਼ ਦਿੱਤੇ ਕਿ ਨਸ਼ਾ ਤਿਆਗ ਚੁੱਕੇ ਵਿਅਕਤੀਆਂ ਨੂੰ ਸਵੈ-ਰੋਜ਼ਗਾਰ ਦੇ ਵੱਧ ਤੋਂ ਵੱਧ ਮੌਕੇ ਮੁਹੱਈਆ ਕਰਵਾਏ ਜਾਣ, ਤਾਂ ਜੋ ਉਨ੍ਹਾਂ ਨੂੰ ਸਮਾਜ ਦੀ ਮੁੱਖ ਧਾਰਾ ਨਾਲ ਜੋੜਿਆ ਜਾ ਸਕੇ।ਉਨ੍ਹਾਂ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਖੇਡਾਂ ਅਤੇ ਹੋਰਨਾਂ ਉਸਾਰੂ ਕਾਰਜ਼ਾਂ ਵੱਲ ਪ੍ਰੇਰਿਤ ਕਰਨ ਲਈ ਵੱਧ ਤੋਂ ਵੱਧ ਗਤੀਵਿਧੀਆਂ ਕਰਨ ਦੀ ਹਦਾਇਤ ਕੀਤੀ। ਉਨ੍ਹਾਂ ਜ਼ਿਲ੍ਹੇ ਵਿਚ ਨਸ਼ਾ ਮੁਕਤ ਪਿੰਡਾਂ ਦੀ ਗਿਣਤੀ ਵਧਾਉਣ ਲਈ ਵਿਸ਼ੇਸ਼ ਉਪਰਾਲੇ ਕਰਨ ਦੇ ਵੀ ਨਿਰਦੇਸ਼ ਦਿੱਤੇ। ਇਸ ਵੱਖ-ਵੱਖ ਵਿਭਾਗਾਂ ਵੱਲੋਂ ਇਨ੍ਹਾਂ ਪ੍ਰੋਗਰਾਮਾਂ ਸਬੰਧੀ ਵਿਖਾਈ ਕਾਰਗੁਜ਼ਾਰੀ ਦੀ ਸਮੀਖਿਆ ਕੀਤੀ ਅਤੇ ਮੈਂਬਰਾਂ ਤੋਂ ਸੁਝਾਅ ਵੀ ਲਏ ਗਏ।
ਨੋਡਲ ਅਫ਼ਸਰ ਨਸ਼ਾ ਮੁਕਤ ਭਾਰਤ ਅਭਿਆਨ-ਕਮ-ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਮੈਡਮ ਸੰਤੋਸ਼ ਵਿਰਦੀ ਨੇ ਦੱਸਿਆ ਕਿ ਨਸ਼ਾ ਮੁਕਤ ਭਾਰਤ ਅਭਿਆਨ ਤਹਿਤ ਜ਼ਿਲ੍ਹੇ ਵਿਚ ਵੱਖ-ਵੱਖ ਓਟ ਸੈਂਟਰਾਂ ਵਿਚ ਹੁਣ ਤੱਕ ਰੋਜ਼ਗਾਰ ਪ੍ਰਾਪਤੀ, ਸਿਖਲਾਈ ਅਤੇ ਕਰਜ਼ਾ ਪ੍ਰਾਪਤੀ ਸਬੰਧੀ 4 ਵਿਸ਼ੇਸ਼ ਕੈਂਪ ਲਗਾਏ ਜਾ ਚੁੱਕੇ ਹਨ, ਜਿਨ੍ਹਾਂ ਨੂੰ ਭਰਵਾਂ ਹੁੰਗਾਰਾ ਮਿਲਿਆ ਹੈ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਜ) ਜਸਬੀਰ ਸਿੰਘ, ਸਹਾਇਕ ਕਮਿਸ਼ਨਰ ਅਨਿਲ ਗੁਪਤਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ, ਜ਼ਿਲ੍ਹਾ ਰੋਜ਼ਗਾਰ ਅਫ਼ਸਰ ਸੰਜੀਵ ਕੁਮਾਰ, ਜ਼ਿਲ੍ਹਾ ਸਿੱਖਿਆ ਅਫ਼ਸਰ (ਸ) ਜਗਜੀਤ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਕੰਚਨ ਅਰੋੜਾ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਹਰਦੇਵ ਸਿੰਘ ਆਸੀ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ (ਅ) ਛੋਟੂ ਰਾਮ, ਹੁਨਰ ਵਿਕਾਸ ਮਿਸ਼ਨ ਤੋਂ ਰਾਜ ਕੁਮਾਰ ਤੇ ਹੋਰ ਅਧਿਕਾਰੀ ਹਾਜ਼ਰ ਸਨ।
Punjab Post Daily Online Newspaper & Print Media