ਡਿਪਟੀ ਕਮਿਸ਼ਨਰ ਵੱਲੋਂ ਬੈਂਕ ਦੇ ਸੁਹਿਰਦ ਉਪਰਾਲੇ ਦੀ ਸ਼ਲਾਘਾ
ਨਵਾਂਸ਼ਹਿਰ, 18 ਅਗਸਤ (ਪੰਜਾਬ ਪੋਸਟ ਬਿਊਰੋ) – ਜ਼ਿਲ੍ਹਾ ਲੀਡ ਬੈਂਕ ਪੰਜਾਬ ਨੈਸ਼ਨਲ ਬੈਂਕ ਵੱਲੋਂ ਆਪਣੀਆਂ ਸੀ.ਐਸ.ਆਰ ਗਤੀਵਿਧੀਆਂ ਤਹਿਤ ਸਿਵਲ
ਹਸਪਤਾਲ ਨਵਾਂਸ਼ਹਿਰ ਨੂੰ ਮਰੀਜ਼ਾਂ ਲਈ 10 ਲੱਖ ਰੁਪਏ ਦਾ ਮੈਡੀਕਲ ਸਾਜ਼ੋ-ਸਾਮਾਨ ਹੋਰ ਸਹਾਇਤਾ ਸਮੱਗਰੀ ਭੇਟ ਕੀਤੀ ਗਈ।ਸਿਵਲ ਹਸਪਤਾਲ ਵਿੱਚ ਇਸ ਸਬੰਧੀ ਇਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਲੀਡ ਜ਼ਿਲ੍ਹਾ ਮੈਨੇਜਰ ਰਮੇਸ਼ ਕੁਮਾਰ ਸ਼ਰਮਾ ਵੱਲੋਂ ਇਹ ਵਸਤਾਂ ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਅਤੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੂੰ ਸੌਂਪੀਆਂ ਗਈਆਂ। ਡਿਪਟੀ ਕਮਿਸ਼ਨਰ ਅਗਰਵਾਲ ਨੇ ਬੈਂਕ ਦੇ ਇਸ ਸੁਹਿਰਦ ਉਪਰਾਲੇ ਦੀ ਸ਼ਲਾਘਾ ਕੀਤੀ।ਉਨ੍ਹਾਂ ਕਿਹਾ ਕਿ ਬੈਂਕ ਵੱਲੋਂ ਕੋਵਿਡ ਮਹਾਮਾਰੀ ਦੌਰਾਨ ਆਪਣੀਆਂ ਸੀ.ਐਸ.ਆਰ ਗਤੀਵਿਧੀਆਂ ਤਹਿਤ ਮਰੀਜ਼ਾਂ ਲਈ ਬਹੁਤ ਹੀ ਸ਼ਲਾਘਾਯੋਗ ਕੰਮ ਕੀਤੇ ਗਏ ਹਨ।ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਹਸਪਤਾਲ ਨੂੰ ਇਹ ਵਸਤਾਂ ਮੁਹੱਈਆ ਕਰਵਾਉਣ ਲਈ ਬੈਂਕ ਅਧਿਕਾਰੀਆਂ ਦਾ ਧੰਨਵਾਦ ਕੀਤਾ।ਲੀਡ ਜ਼ਿਲ੍ਹਾ ਮੈਨੇਜਰ ਰਮੇਸ਼ ਕੁਮਾਰ ਸ਼ਰਮਾ ਨੇ ਕਿਹਾ ਕਿ ਪੀ.ਐਨ.ਬੀ ਦੇ ਸਰਕਲ ਹੈਡ ਜਾਨ ਮੁਹੰਮਦ ਦੀ ਯੋਗ ਅਗਵਾਈ ਹੇਠ ਬੈਂਕ ਵੱਲੋਂ ਸਮਾਜ ਸੇਵਾ ਦੇ ਖੇਤਰ ਵਿਚ ਵੀ ਮਹੱਤਵਪੂਰਨ ਭੂਮਿਕਾ ਨਿਭਾਈ ਜਾ ਰਹੀ ਹੈ।ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਬੈਂਕ ਇਸੇ ਤਰ੍ਹਾਂ ਆਪਣੀਆਂ ਸਮਾਜ ਭਲਾਈ ਗਤੀਵਿਧੀਆਂ ਜਾਰੀ ਰੱਖੇਗਾ।
ਇਸ ਮੌਕੇ ਜ਼ਿਲ੍ਹਾ ਸਿਹਤ ਅਫ਼ਸਰ ਡਾ. ਕੁਲਦੀਪ ਰਾਏ, ਐਸ.ਐਮ.ਓ ਨਵਾਂਸ਼ਹਿਰ ਡਾ. ਮਨਦੀਪ ਕਮਲ ਤੋਂ ਇਲਾਵਾ ਹੋਰ ਡਾਕਟਰ ਸਾਹਿਬਾਨ ਅਤੇ ਬੈਂਕ ਦਾ ਸਟਾਫ ਹਾਜ਼ਰ ਸੀ।
Punjab Post Daily Online Newspaper & Print Media