Sunday, February 22, 2026

ਸਰਕਾਰੀ ਕਾਲਜਾਂ ’ਚ ਅੰਡਰਗ੍ਰੇਜੂਏਟ ਤੇ ਪੋਸਟ-ਗ੍ਰੇਜੂਏਟ ਕੋਰਸਾਂ ਲਈ ਆਨਲਾਈਨ ਦਾਖ਼ਲਾ ਸ਼ੁਰੂ- ਏ.ਡੀ.ਸੀ

ਮੁੱਖ ਮੰਤਰੀ ਕੈਪਟਨ ਵਲੋਂ ਰਾਜ ਦਾਖ਼ਲਾ ਪੋਰਟਲ ਦੇ ਨਾਲ-ਨਾਲ ਏਕੀਕ੍ਰਿਤ ਰਾਜ ਹੈਲਪਲਾਈਨ ‘1100’ ਦੀ ਸ਼ੁਰੂਆਤ

ਅੰਮ੍ਰਿਤਸਰ, 20 ਅਗਸਤ (ਸੁਖਬੀਰ ਸਿੰਘ) – ਪੰਜਾਬ ਸਰਕਾਰ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਯੋਗ ਅਗਵਾਈ ਹੇਠ ਪਹਿਲ ਕਰਦਿਆਂ ਅੱਜ ਵਰਚੁਅਲ ਤਰੀਕੇ ਨਾਲ ਏਕੀਕ੍ਰਿਤ ਰਾਜ ਹੈਲਪਲਾਈਨ ‘1100’ ਅਤੇ ਸੂਬੇ ਦੇ ਸਰਕਾਰੀ ਕਾਲਜਾਂ ਦੇ ਸ਼ੈਸ਼ਨ 2021-22 ਲਈ ਅੰਡਰ ਗਰੈਜੁਏਟ ਅਤੇ ਪੋਸਟ ਗਰੈਜੁਏਟ ਕੋਰਸਾਂ ਲਈ ਰਾਜ ਦਾਖਲਾ ਪੋਰਟਲ ਦੀ ਸ਼ੁਰੂਆਤ ਕੀਤੀ ਗਈ।ਵੱਡੀ ਗਿਣਤੀ ‘ਚ ਕੈਬਨਿਟ ਮੰਤਰੀਆਂ, ਮੁੱਖ ਸਕੱਤਰ ਪੰਜਾਬ, ਮੈਡਮ ਵਿੰਨੀ ਮਹਾਜਨ ਅਤੇ ਅਲ਼ੱਗ-ਅਲ਼ੱਗ ਜਿਲ੍ਹਿਆਂ ਦੀਆਂ ਲੋਕੇਸ਼ਨਾਂ ਤੇ ਵੱਡੀ ਗਿਣਤੀ ਵਿੱਚ ਵਿਦਿਆਰਥਣਾਂ, ਅਧਿਆਪਕਾਂ ਅਤੇ ਆਮ ਨਾਗਰਿਕਾਂ ਨੇ ਵੀ ਸ਼ਮੂਲੀਅਤ ਕੀਤੀ।
                  ਜ਼ਿਲਾ ਪ੍ਰਬੰਧਕੀ ਕੰਪਲੈਕਸ ਤੋਂ ਵਰਚੂਅਲ ਸਮਾਗਮ ’ਚ ਸ਼ਮੂਲੀਅਤ ਕਰਦਿਆਂ ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਰੂਹੀ ਡੱਗ ਨੇ ਦੱਸਿਆ ਕਿ ਅੱਜ ਸ਼ੁਰੂ ਕੀਤੇ ਗਏ ‘ਰਾਜ ਦਾਖ਼ਲਾ ਪੋਰਟਲ’ ਰਾਹੀਂ ਪੂਰੇ ਪੰਜਾਬ ਦੇ ਜ਼ਿਆਦਾਤਰ ਸਰਕਾਰੀ ਕਾਲਜਾਂ ’ਚ ਦਾਖ਼ਲੇ ਲਈ ਵਿਦਿਆਰਥੀ ਇਸ ਪੋਰਟਲ ਜ਼ਰੀਏ ਘਰ ਬੈਠੇ ਹੀ ਅਪਲਾਈ ਕਰ ਸਕਣਗੇ ਅਤੇ ਉਨਾਂ ਨੂੰ ਕਾਲਜਾਂ ਦੇ ਪ੍ਰਾਸਪੈਕਟਸ ਖਰੀਦਣ ਦੀ ਵੀ ਜ਼ਰੂਰਤ ਨਹੀਂ ਪਵੇਗੀ।ਜਿਸ ਨਾਲ ਵਿਦਿਆਰਥੀਆਂ ਦੇ ਸਮੇਂ ਅਤੇ ਪੈਸੇ ਦੀ ਦੋਹਾਂ ਦੀ ਬੱਚਤ ਹੋਵੇਗੀ।
                   ਉਨਾਂ ਦੱਸਿਆ ਕਿ ਇਸ ਪੋਰਟਲ ਨੂੰ ਡਿਜ਼ੀਲਾਕਰ ਨਾਲ ਲਿੰਕ ਕੀਤਾ ਗਿਆ ਹੈ ਜਿਸ ‘ਚੋਂ ਵਿਦਿਆਰਥੀ ਆਨਲਾਈਨ ਹੀ ਆਪਣੇ ਲੋੜੀਂਦੇ ਦਸਤਾਵੇਜ਼ ਦਾਖ਼ਲੇ ਲਈ ਅਪਲੋਡ ਕਰ ਸਕੇਗਾ। ਉਨਾਂ ਕਿਹਾ ਕਿ ਇਸ ਪ੍ਰਕਿਰਿਆ ’ਚ ਕਿਸੇ ਵੀ ਦਸਤਾਵੇਜ਼ ਦੇ ਨਿੱਜੀ ਤਸਦੀਕੀਕਰਨ ਦੀ ਕੋਈ ਲੋੜ ਨਹੀਂ ਹੋਵੇਗੀ। ਇਹ ਪੋਰਟਲ ਮੋਬਾਇਲ ਉਪਰ ਵੀ ਚਲਾਇਆ ਜਾ ਸਕਦਾ ਹੈ, ਜਿਸ ਰਾਹੀਂ ਵਿਦਿਆਰਥੀ ਅੰਡਰ ਗ੍ਰੇਜੂਏਟ ਤੇ ਪੋਸਟ ਗ੍ਰੈਜੂਏਟ ਕੋਰਸਾਂ ਦੇ ਪਹਿਲੇ ਸਾਲ ਆਨਲਾਇਨ ਦਾਖਲਾ ਲੈ ਸਕਦਾ ਹੈ।
               ਉਨਾਂ ਦੱਸਿਆ ਕਿ ਇਸ ਤੋਂ ਇਲਾਵਾ ਏਕੀਕ੍ਰਿਤ ਰਾਜ ਹੈਲਪਲਾਈਨ ‘1100’ ਜ਼ਰੀਏ ਵੀ ਹੁਣ ਨਾਗਰਿਕਾਂ ਲਈ ਸਰਕਾਰ ਦੀਆਂ ਗ਼ੈਰ-ਐਮਰਜੈਂਸੀ ਸੇਵਾਵਾਂ ਤੱਕ ਸੁਖਾਲੀ ਪਹੁੰਚ ਬਣਾਉਣ ਹਿੱਤ ਇੱੱਕ ਨੰਬਰ ਜਾਰੀ ਕੀਤਾ ਗਿਆ ਹੈ ਜਿਸ ’ਤੇ ਕਾਲ ਕਰਕੇ ਕੋਈ ਵੀ ਨਾਗਰਿਕ ਸੇਵਾਵਾਂ ਬਾਰੇ ਆਮ ਗੱਲਾਂ ਤੋਂ ਲੈ ਕੇ ਲਾਭ ਲੈਣ ਤੱਕ ਪੂਰੀ ਜਾਣਕਾਰੀ ਹਾਸਲ ਕਰ ਸਕੇਗਾ।ਇਸ ਨੰਬਰ ’ਤੇ ਸ਼ਿਕਾਇਤ ਅਤੇ ਸੇਵਾ ਪ੍ਰਬੰਧਨ ਲਈ ਕੇਂਦਰੀ ਪਲੇਟਫ਼ਾਰਮ ਬਣਾਇਆ ਗਿਆ ਹੈ ਜਿਸ ਦਾ ਅਸਲ ਮਕਸਦ ਕੁਸ਼ਲ ਪ੍ਰਸ਼ਾਸਨ ਹੈ। ਉਨਾਂ ਦੱਸਿਆ ਕਿ ਇਸ ਹੈਲਪਲਾਈਨ ਨੰਬਰ ਰਾਹੀਂ ਸ਼ਿਕਾਇਤਾਂ ਦੀ ਅਸਲ ਜਾਣਕਾਰੀ ਤੋਂ ਇਲਾਵਾ ਸ਼ਿਕਾਇਤਾਂ ਦੇ ਨਿਪਟਾਰੇ ਲਈ ਮੈਨੂਅਲ ਫ਼ਾਈਲ ਪ੍ਰੋਸੈਸਿੰਗ ਦੇ ਖ਼ਾਤਮੇ ਨੂੰ ਤਰਜ਼ੀਹ ਦਿੱਤੀ ਗਈ ਹੈ।
               ਉਨ੍ਹਾਂ ਦੱਸਿਆ ਕਿ ਅੱਜ ਸ਼ੁਰੂ ਕੀਤੀਆਂ ਗਈਆਂ ਸੇਵਾਵਾਂ ‘ਡਿਜੀਟਲ ਪੰਜਾਬ’ ਵੱਲ ਨਿਵੇਕਲੀਆਂ ਪਹਿਲਕਦਮੀਆਂ ਸਾਬਤ ਹੋਣਗੀਆਂ।ਅੰਮ੍ਰਿਤਸਰ ਦੀ ਵਿਦਿਆਰਥਣ ਮੁਸਕਾਨ ਪੁਰੀ ਨੇ ਦੱਸਿਆ ਕਿ ਆਨਲਾਈਨ ਰਾਹੀਂ ਉਸ ਨੇ ਵੀ ਸਰੂਪ ਰਾਣੀ ਕਾਲਜ ਲੜਕੀਆਂ ਵਿਖੇ ਆਪਣਾ ਦਾਖਲਾ ਕਰਵਾਇਆ ਹੈ।
              ਇਸ ਮੌਕੇ ਚੇਅਰਮੈਨ ਜੁਗਲ ਕਿਸ਼ੋਰ ਸ਼ਰਮਾ, ਚੇਅਰਪਰਸਨ ਸ੍ਰੀਮਤੀ ਮਮਤਾ ਦੱਤਾ, ਵਧੀਕ ਡਿਪਟੀ ਕਮਿਸ਼ਨਰ ਰਣਬੀਰ ਸਿੰਘ ਮੂਧਲ, ਡਿਪਟੀ ਡਾਇਰੈਕਟਰ ਰੋਜ਼ਗਾਰ ਵਿਕਰਮਜੀਤ ਸਿੰਘ, ਜ਼ਿਲਾ ਤਕਨੀਕੀ ਕੁਆਰਡੀਨੇਟਰ ਪ੍ਰਿੰਸ ਸਿੰਘ ਅਤੇ ਹੋਰ ਅਧਿਕਾਰੀ ਹਾਜ਼ਰ ਸਨ।

Check Also

ਬੀਬੀ ਭਾਨੀ ਜੀ ਦਾ ਜਨਮ ਦਿਹਾੜਾ ਮਨਾਇਆ

ਅੰਮ੍ਰਿਤਸਰ, 21 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੌਥੇ ਪਾਤਸ਼ਾਹ ਸ੍ਰੀ ਗੁਰੂ …