ਅੰਮ੍ਰਿਤਸਰ, 20 ਅਗਸਤ (ਜਗਦੀਪ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਵਲੋਂ ਕੀਤੇ ਜਾ ਰਹੇ ਵਿਕਾਸ ਦੇ ਕੰਮਾਂ ਦੀ ਸਮੀਖਿਆ ਲਈ ਮੇਅਰ ਕਰਮਜੀਤ ਸਿੰਘ ਰਿੰਟੂ

ਮੁੱਖ ਮੰਤਰੀ ਪੰਜਾਬ ਦੇ ਚੀਫ਼ ਪ੍ਰਿੰਸੀਪਲ ਸੈਕਟਰੀ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਖੇ ਹੋਈ ਮੀਟਿੰਗ ‘ਚ ਸ਼ਾਮਿਲ ਹੋਏ।ਉਹਨਾਂ ਦੇ ਨਾਲ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ, ਕਮਿਸ਼ਨਰ ਨਗਰ ਨਿਗਮ ਮਾਲਵਿੰਦਰ ਸਿੰਘ ਜੱਗੀ, ਸਥਾਨਕ ਸਰਕਾਰ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਅਤੇ ਡਾਇਰੈਕਟਰ ਵੀ ਹਾਜ਼ਰ ਸਨ।ਜਦਕਿ ਮੀਟਿੰਗ ਵਿਚ ਬੁਲਾਏ ਗਏ ਬਾਕੀ ਵਿਭਾਗਾਂ ਦੇ ਮੁੱਖੀਆਂ ਨੇ ਇਹ ਮੀਟਿੰਗ ਵੀਡੀਓ ਕਾਨਫਰੰਸ ਰਾਹੀਂ ਅਟੈਂਡ ਕੀਤੀ ਗਈ।
ਪਿਛਲੇ ਦਿਨੀਂ ਮੇਅਰ ਕਰਮਜੀਤ ਸਿੰਘ ਵਲੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਪਾਸੋਂ ਸ਼ਹਿਰ ਦੇ ਵਿਕਾਸ ਕੰਮਾਂ ਲਈ ਫੰਡ ਮੁਹੱਈਆ ਕਰਵਾਉਣ ਅਤੇ ਕੌਂਸਲਰ ਸਾਹਿਬਾਨ ਦੀਆਂ ਮੁਸ਼ਕਲਾਂ ਸੁਨਣ ਲਈ ਸਮਾਂ ਲਿਆ ਗਿਆ ਸੀ ਅਤੇ ਉਨਾਂ ਨੇ ਮੇਅਰ ਰਿੰਟੂ ਭਰੋਸਾ ਦੁਆਇਆ ਸੀ ਕਿ ਉਹ, ਉਹਨਾਂ ਦੀਆਂ ਤਜਵੀਜ਼ਾਂ ‘ਤੇ ਜਰੂਰ ਗੌਰ ਕਰਨਗੇ ਅਤੇ ਜਲਦ ਹੀ ਇਸ ਸਬੰਧੀ ਵੱਖ-ਵੱਖ ਵਿਭਾਗਾਂ ਦੇ ਮੁੱਖੀਆਂ ਦੀ ਮੀਟਿੰਗ ਬੁਲਾ ਕੇ ਫੰਡ ਮੁਹੱਈਆ ਕਰਵਾਏ ਜਾਣਗੇ।ਜਿਸ ਦੇ ਸਿੱਟੇ ਵਜੋਂ ਮੁੱਖ ਮੰਤਰੀ ਦੇ ਚੀਫ਼ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਦੀ ਪ੍ਰਧਾਨਗੀ ਹੇਠ ਚੰਡੀਗੜ੍ਹ ਵਿਖੇ ਮੀਟਿੰਗ ਹੋਈ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਆਪਣਾ ਵਾਅਦਾ ਪੂਰਾ ਕਰਦੇ ਹੋਏ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਕਾਰਜ਼ਾਂ ਦੀਆਂ ਤਜਵੀਜ਼ਾਂ ਨੂੰ ਪ੍ਰਵਾਨਗੀ ਦਿੰਦੇ ਹੋਏ ਨਗਰ ਨਿਗਮ ਲਈ 100 ਕਰੋੜ ਰੁਪਏ ਦੇ ਫੰਡ ਮੰਜ਼ੂਰ ਕੀਤੇ ਹਨ।
ਉਨਾਂ ਦੱਸਿਆ ਕਿ ਉਕਤ ਮੀਟਿੰਗ ਵਿੱਚ ਸ਼ਹਿਰ ਦੀਆਂ ਸੜ੍ਹਕਾਂ, ਗੁਰੂ ਨਾਨਕ ਆਡੋਟੋਰੀਅਮ ਦੀ ਮੁਰੰਮਤ, ਪਾਰਕਾਂ ਦੇ ਰੱਖ-ਰਖਾਅ, ਪ੍ਰਮੁੱਖ ਸੜਕਾਂ ਤੇ ਪੁੱਲਾਂ ਦੇ ਡਿਵਾਇਡਰਾਂ ਦੇ ਰੱਖ-ਰਖਾਅ, ਟ੍ਰੈਫਿਕ ਲਾਈਟਾਂ, ਪ੍ਰਮੁੱਖ ਸੜਕਾਂ ਦੇ ਆਲੇ-ਦੁਆਲੇ ਦੀਆਂ ਗਰੀਨ ਬੈਲਟਾਂ, ਐਲ.ਈ.ਡੀ ਸਿਗਨੇਜੀਸ, ਹੈਰੀਟੇਜ਼ ਸਟਰੀਟ ਦਾ ਰੱਖ-ਰਖਾਅ, ਗੋਲਡਨ ਗੇਟ ਦੀ ਮੁਰੰਮਤ, ਸ਼ਹਿਰ ਦੇ ਬਾਕੀ ਰਹਿੰਦੇ ਇਲਾਕਿਆਂ ਵਿਚ ਸਟਰੀਟ ਲਾਈਟਾਂ ਅਤੇ ਪਾਣੀ ਸੀਵਰੇਜ਼ ਦੀਆਂ ਪਾਈਪਾਂ ਵਿਛਾਉਣ ਅਤੇ ਹੋਰ ਫੁੱਟਕਲ ਕੰਮਾਂ ਲਈ 50 ਕਰੋੜ ਰੁਪਏ ਮੰਜੂਰ ਕੀਤੇ ਗਏ ਹਨ।
ਇਸ ਤੋਂ ਇਲਾਵਾ ਅੰਮ੍ਰਿਤਸਰ ਵਿਧਾਨ ਸਭਾ ਹਲਕਾ ਦਖਣੀ ਵਿਚ ਪੈਂਦੀਆਂ ਵਾਰਡ ਨੰਬਰ 33, 34, 35 ਅਤੇ 38 ਵਿਚ ਪਿਛਲੀ ਸਰਕਾਰ ਦੌਰਾਂਣ ਠੇਕੇਦਾਰ ਕੰਪਨੀ ਵੱਲੋਂ ਸਾਊਥ-ਈਸਟਰਨ ਪ੍ਰੋਜੈਕਟ ਅਧੀਨ ਜਿਹੜੇ ਕੰਮ ਅਧੂਰੇ ਛੱਡ ਦਿੱਤੇ ਸਨ।ਉਹਨਾਂ ਨੂੰ ਮੁਕੰਮਲ ਕਰਨ ਲਈ ਮੇਅਰ ਕਰਮਜੀਤ ਸਿੰਘ ਵਲੋਂ ਕੀਤੇ ਗਏ ਅਣਥੱਕ ਉਪਰਾਲਿਆਂ ਦੇ ਸਿੱਟੇ ਵਜੋਂ ਸਰਕਾਰ ਵਲੋਂ ਲਗਭਗ 25 ਕਰੋੜ ਰੁਪਏ ਮੰਜ਼ੂਰ ਕੀਤੇ ਗਏ ਹਨ ।
ਇਸ ਤੋਂ ਇਲਾਵਾ ਬੀ.ਆਰ.ਟੀ.ਐਸ ਰੂਟ ਦੀਆਂ ਸੜਕਾਂ ਗੋਲਡਨ ਗੇਟ ਤੋਂ ਇੰਡੀਆ ਗੇਟ ਤੱਕ ਖਸਤਾ ਹਾਲ ਵਿੱਚ ਹਨ।ਜਿਸ ਕਰਕੇ ਲੋਕਾਂ ਨੂੰ ਬੜੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਦੀ ਮੁੜ ਬੰਣਤਰ ਲਈ ਵੀ ਮੇਅਰ ਕਰਮਜੀਤ ਸਿੰਘ ਵੱਲੋਂ ਸਰਕਾਰ ਪਾਸੋਂ ਫੰਡ ਜਾਰੀ ਕਰਵਾਉਣ ਲਈ ਉਪਰਾਲੇ ਕੀਤੇ ਜਾ ਰਹੇ ਸਨ, ਜਿਸ ਦੇ ਸਿਟੇ ਵਜੋਂ ਸਰਕਾਰ ਵਲੋਂ 25 ਕਰੋੜ ਰੁਪਏ ਮੰਜ਼ੂਰ ਕਰ ਦਿੱਤੇ ਗਏ ਹਨ।
ਇਸ ਮੀਟਿੰਗ ਵਿਚ ਤੁੰਗ ਢਾਬ ਨਾਲਾ ਜੋ ਕਿ ਰਾਮਤੀਰਥ ਰੋਡ ਤੋਂ ਅੰਮ੍ਰਿਤ-ਆਨੰਦ ਪਾਰਕ ਚੌਂਕ ਤੱਕ ਅਤੇ ਗੁਮਟਾਲਾ ਤੋਂ ਪੰਡੋਰੀ ਵੜੈਚ ਤੱਕ ਜਾਂਦਾ ਹੈ ਅਤੇ ਇਸ ਗੰਦੇ ਨਾਲੇ ਦੇ ਆਸ-ਪਾਸ ਲੱਗਦੀਆਂ ਆਬਾਦੀਆਂ ਦੇ ਵਸਨੀਕਾਂ ਨੂੰ ਇਸ ਤੋਂ ਛੁਟਕਾਰਾ ਦੁਵਾਉਣ ਲਈ ਲੁਧਿਆਣਾ ਦੇ ਬੁੱਢਾ ਨਾਲਾ ਦੀ ਤਰਜ਼ ‘ਤੇ ਇਕ ਕਮੇਟੀ ਬਣਾਉਣ ਦੀ ਮੰਜ਼ੂਰੀ ਵੀ ਦਿੱਤੀ ਗਈ ਤਾਂ ਜੋ ਰੂਪ-ਰੇਖਾ ਤਿਆਰ ਕਰਕੇ ਭਵਿੱਖ ਵਿਚ ਇਸ ਨਾਲੇ ਨੂੰ ਯੋਜਨਾਬੱਧ ਤਰੀਕੇ ਨਾਲ ਵਿਕਸਤ ਕੀਤਾ ਜਾ ਸਕੇ।
ਇਸ ਮੌਕੇ ਤੇ ਮੇਅਰ ਕਰਮਜੀਤ ਸਿੰਘ ਨੇ ਮਾਨਯੋਗ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਮਾਨਯੋਗ ਮੁੱਖ ਮੰਤਰੀ ਸਾਹਿਬ ਨੇ ਜੋ ਵੀ ਵਾਅਦੇ ਕੀਤੇ ਸਨ ਉਹਨਾਂ ਨੂੰ ਹਮੇਸ਼ਾਂ ਪੂਰਾ ਕੀਤਾ ਹੈ ਅਤੇ ਅੰਮ੍ਰਿਤਸਰ ਸ਼ਹਿਰ ਨੂੰ ਹਮੇਸ਼ਾਂ ਵੱਧ ਤੋਂ ਵੱਧ ਫੰਡ ਮੁਹੱਈਆ ਕਰਵਾਏ ਹਨ ਅਤੇ ਪਿਛਲੇ ਦਿਨੀ ਆਪਣੇ ਅੰਮ੍ਰਿਤਸਰ ਦੌਰੇ ਦੌਰਾਨ ਕੀਤੇ ਗਏ ਐਲਾਨ ਮੁਤਾਬਿਕ ਅੰਮ੍ਰਿਤਸਰ ਸ਼ਹਿਰ ਦੇ ਵਿਕਾਸ ਲਈ 100 ਕਰੋੜ ਰੁਪਏ ਮੰਜ਼ੂਰ ਕਰਕੇ ਆਪਣੇ ਵਾਅਦੇ ਨੂੰ ਪੂਰਾ ਕੀਤਾ ਹੈ।
Punjab Post Daily Online Newspaper & Print Media