ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਕੌਰ ਇੰਸਟੀਚਿਊਟ ਆਫ਼ ਮਿਊਜ਼ਿਕ (ਕੈਨੇਡਾ) ਵੱਲੋਂ ਆਨਲਾਈਨ ਵਿਸ਼ਵ ਪੱਧਰੀ ਸੰਗੀਤ ਮੁਕਾਬਲੇ ਕਰਵਾਏ ਗਏ।
ਜਿਸ ਵਿੱਚ (3-8) ਸਾਲ, (9-15) ਸਾਲ, (16-22) ਸਾਲ ਅਤੇ 23 ਸਾਲ ਤੋਂ ਉਪਰ ਉਮਰ ਗਰੁੱਪ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ।ਬੱਚਿਆਂ ਵੱਲੋਂ ਸ਼ਬਦ ਗਾਇਨ, ਤਬਲਾ ਵਾਦਨ ਅਤੇ ਤੰਤੀ ਸਾਜ਼ ਵਾਦਨ ਦੀਆਂ ਪੇਸ਼ਕਾਰੀਆਂ ਕੀਤੀਆਂ ਗਈਆਂ।ਮੁਕਾਬਲੇ ਵਿੱਚ ਵੱਖ-ਵੱਖ ਦੇਸ਼ਾਂ ਦੇ ਜਿਵੇਂ ਕੈਨੇਡਾ, ਅਮਰੀਕਾ, ਇੰਗਲੈਡ, ਭਾਰਤ, ਜਾਪਾਨ, ਪਾਕਿਸਤਾਨ, ਆਸਟ੍ਰੀਆ, ਜਰਮਨੀ, ਇਟਲੀ, ਮਲੇਸ਼ੀਆ ਅਤੇ ਆਸਟ੍ਰੇਲੀਆ ਤੋਂ ਲਗਭਗ 600 ਵਿਦਿਆਰਥੀਆਂ ਨੇ ਭਾਗ ਲਿਆ।
ਇਹਨਾਂ ਮੁਕਾਬਲਿਆਂ ਵਿੱਚ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਅੰਮ੍ਰਿਤਸਰ ਦੇ 14 ਵਿਦਿਆਰਥੀਆਂ ਨੇ ਸ਼ਮੂਲੀਅਤ ਕੀਤੀ ਸੀ।ਜਿਹਨਾਂ ਵਿੱਚੋਂ ਤਿੰਨ ਵਿਦਿਆਰਥੀਆਂ ਨੇ ਵਿਸ਼ਵ ਪੱਧਰੀ ਮੁਕਾਬਲਿਆਂ ਵਿੱਚ ਆਪਣਾ ਸਿੱਕਾ ਜਮਾਇਆ ਅਤੇ 4 ਵਿਦਿਆਰਥੀ ਟਾਪ 10 ਵਿੱਚ ਰਹੇ। ਇਹਨਾਂ ਮੁਕਾਬਲਿਆਂ ਵਿੱਚ ਸ਼ਬਦ ਗਾਇਨ ਵਰਗ ਵਿੱਚ (3-8 ਸਾਲ) ਦੀ ਉਮਰ ਗਰੁੱਪ ਵਿੱਚ ਪਹਿਲੀ ਜਮਾਤ ਦੇ ਰਣਬੀਰ ਸਿੰਘ ਨੇ ਤੀਸਰਾ, (9-15 ਸਾਲ) ਦੀ ਉਮਰ ਗਰੁੱਪ ਵਿੱਚ ਛੇਵੀਂ ਜਮਾਤ ਦੇ ਹਰੀ ਅਕਸ ਸ਼ਰਮਾ ਨੇ ਪਹਿਲਾ ਅਤੇ (16-22 ਸਾਲ) ਦੀ ਉਮਰ ਗਰੁੱਪ ਵਿੱਚ ਬਾਰ੍ਹਵੀਂ ਜਮਾਤ ਦੇ ਮਨਹਰਜੀ ਸਿੰਘ ਨੇ ਤਬਲੇ ਵਿੱਚ ਤੀਸਰਾ ਸਥਾਨ ਹਾਸਲ ਕੀਤਾ।ਤਬਲੇ ਦੀ ਨਿਰਣਾਇਕ ਕਮੇਟੀ ਵਿੱਚ ਵਿਸ਼ਵ ਪੱਧਰ ਦੇ ਤਬਲਾ ਉਸਤਾਦ ਅਨਿੰਦੋ ਚੈਟਰਜੀ (ਕਲਕੱਤਾ), ਫਜ਼ਲ ਕੁਰੈਸ਼ੀ (ਮੁੰਬਈ) ਅਤੇ ਅਕਰਮ ਖਾਨ (ਮੁੰਬਈ) ਵਰਗੀਆਂ ਹਸਤੀਆਂ ਨੇ ਇਹਨਾਂ ਨੰਨੇ੍ਹ ਉਸਤਾਦਾਂ ਨੂੰ ਪਰਖਿਆ।ਸਕੂਲ ਮੈਂਬਰ ਇੰਚਾਰਜ ਪ੍ਰੋ. ਹਰੀ ਸਿੰਘ ਅਤੇ ਪ੍ਰਿੰਸੀਪਲ/ਡਾਇਰੈਕਟਰ ਡਾ. ਧਰਮਵੀਰ ਸਿੰਘ ਨੇ ਇਹਨਾਂ ਬੱਚਿਆਂ ਨੂੰ ਸਨਮਾਨਿਤ ਕੀਤਾ ।
ਇਸ ਮੌਕੇ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ, ਚੇਅਰਮੈਨ ਸਕੂਲਜ਼ ਭਾਗ ਸਿੰਘ ਅਣਖੀ, ਪੈਟਰਨ ਰਾਜਮੋਹਿੰਦਰ ਸਿੰਘ ਮਜੀਠੀਆ, ਉਪ ਪ੍ਰਧਾਨ ਡਾ. ਇੰਦਰਬੀਰ ਸਿੰਘ ਨਿੱਜਰ ਅਤੇ ਅਮਰਜੀਤ ਸਿੰਘ ਜੀ ਵਿਕਰਾਂਤ, ਆਨਰੇਰੀ ਸਕੱਤਰ ਸਵਿੰਦਰ ਸਿੰਘ ਕੱਥੂਨੰਗਲ ਅਤੇ ਅਜੀਤ ਸਿੰਘ ਬਸਰਾ, ਐਜੂਕੇਸ਼ਨਲ ਕਮੇਟੀ ਦੇ ਸਕੱਤਰ ਡਾ. ਐਸ.ਐਸ ਛੀਨਾ ਨੇ ਬੱਚਿਆਂ ਦੀ ਸ਼ਲਾਘਾ ਕੀਤੀ।ਉਨਾਂ ਨੇ ਸਮੂਹ ਸੰਗੀਤ ਵਿਭਾਗ ਦੇ ਅਧਿਆਪਕਾਂ ਸ੍ਰੀਮਤੀ ਪ੍ਰਭਜੋਤ ਕੌਰ, ਰਾਜ ਕੁਮਾਰ, ਸ੍ਰੀਮਤੀ ਜਸਜੀਤ ਕੌਰ, ਰਣਜੀਤ ਸਿੰਘ, ਰਾਜੇਸ਼ ਸ਼ਰਮਾ, ਹਰਦੇਵ ਸਿੰਘ ਅਤੇ ਰਣਜੀਤ ਸਿੰਘ ਰਬਾਬੀ ਨੂੰ ਉਹਨਾਂ ਦੀ ਮਿਹਨਤ ਲਈ ਮੁਬਾਰਕਾਂ ਦਿੱਤੀਆਂ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media