Tuesday, April 21, 2026

ਡਾ. ਓਬਰਾਏ ਵਲੋਂ ਕਿਸੇ ਵੀ ਪਾਰਟੀ ਲਈ ਮੁੱਖ ਮੰਤਰੀ ਦਾ ਚਿਹਰਾ ਬਣਨ ਤੋਂ ਨਾਂਹ

ਲੋਕਾਂ ਵਾਸਤੇ ਹੀ ਚੁਣਿਆ ਹੈ ਸਮਾਜ ਸੇਵਾ ਦਾ ਰਾਹ – ਡਾ. ਓਬਰਾਏ

ਅੰਮ੍ਰਿਤਸਰ, 26 ਅਗਸਤ (ਜਗਦੀਪ ਸਿੰਘ) – ਪੂਰੀ ਦੁਨੀਆਂ ਅੰਦਰ ਰੱਬੀ ਫਰਿਸ਼ਤੇ ਵਜੋਂ ਜਾਣੇ ਜਾਂਦੇ ਦੁਬਈ ਦੇ ਨਾਮਵਰ ਸਿੱਖ ਕਾਰੋਬਾਰੀ ਅਤੇ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਡਾ. ਐਸ.ਪੀ ਸਿੰਘ ਓਬਰਾਏ ਨੇ ਸਪੱਸ਼ਟ ਕੀਤਾ ਹੈ ਕਿ ਉਹ ਨਾ ਤਾਂ ਚੋਣ ਸਿਆਸਤ ‘ਚ ਕੁੱਦਣ ਦੇ ਚਾਹਵਾਨ ਹਨ ਅਤੇ ਨਾ ਹੀ ਕਿਸੇ ਸਿਆਸੀ ਪਾਰਟੀ ਲਈ ਮੁੱਖ ਮੰਤਰੀ ਦਾ ਚਿਹਰਾ ਬਣਨਗੇ।
                ਮੀਡੀਆ ਦੇ ਇੱਕ ਹਿੱਸੇ ਵਿੱਚ ਚੱਲ ਰਹੀਆਂ ਅਜਿਹੀਆਂ ਅਟਕਲਾਂ ਦਾ ਖੰਡਨ ਕਰਦਿਆਂ ਉਨ੍ਹਾਂ ਕਿਹਾ ਕਿ ਉਹਨਾਂ ਆਪਣੀ ਮਨ ਦੀ ਸ਼ਾਂਤੀ ਅਤੇ ਲੋਕਾਂ ਦੀ ਸੇਵਾ ਲਈ ਹੀ ਸਮਾਜ ਸੇਵਾ ਦਾ ਰਾਹ ਚੁਣਿਆ ਹੈ ਅਤੇ ਇਹ ਕੰਮ ਇਸੇ ਤਰ੍ਹਾਂ ਜਾਰੀ ਰਹੇਗਾ।
                ਜਿਕਰਯੋਗ ਹੈ ਕਿ ਡਾ. ਓਬਰਾਏ ਨੇ ਆਮ ਲੋਕਾਂ ਦੀ ਸਹੂਲਤ ਲਈ ਪਿਛਲੇ ਸਮੇਂ ਦੌਰਾਨ ਸਿਹਤ ਸੇਵਾਵਾਂ ‘ਚ ਸੁਧਾਰ ਲਿਆਉਣ ਦੇ ਮਕਸਦ ਨਾਲ ਵੱਡੇ ਤੇ ਮਿਸਾਲੀ ਸੇਵਾ ਕਾਰਜ਼ ਨਿਭਾਏ ਹਨ।ਜਿਨ੍ਹਾਂ ਵਿੱਚ ਡਾਇਲਸਿਸ ਯੂਨਿਟ ਸਥਾਪਤ ਕਰਨਾ, ਡਾਇਗਨੋਜ਼ਟਿਕ ਲੈਬਾਰਟਰੀਆਂ ਦੀ ਵਿਵਸਥਾ, ਸਰਕਾਰੀ ਮੈਡੀਕਲ ਕਾਲਜਾਂ ਤੇ ਹਸਪਤਾਲਾਂ ਨੂੰ ਵੈਂਟੀਲੇਟਰ, ਆਕਸੀਜਨ ਕੰਸੈਨਟ੍ਰੇਟਰ, ਅਲਟਰਾਸਾਊਂਡ, ਈ.ਸੀ.ਜੀ ਤੇ ਡਿਜ਼ੀਟਲ ਐਕਸਰੇ ਮਸ਼ੀਨਾਂ, ਸੈਲ ਕਾਊਂਟਰ, ਆਟੋ ਐਨਾਲਾਈਜ਼ਰ, ਮ੍ਰਿਤਕ ਸਰੀਰ ਸਾਂਭਣ ਲਈ ਵੱਡੀ ਗਿਣਤੀ ‘ਚ ਫਰੀਜ਼ਰ ਬਕਸੇ, ਐਂਬੂਲੈਂਸ ਗੱਡੀਆਂ ਅਤੇ ਮ੍ਰਿਤਕ ਵੈਨਾਂ, ਪਲਸ ਆਕਸੀਮੀਟਰ, ਇਨਫਰਾ ਰੈਡ ਥਰਮਾਮੀਟਰ, ਸੈਨੀਟਾਈਜ਼ਰ, ਐਨ-95 ਮਾਸਕ, ਪੀ.ਪੀ.ਈ ਕਿੱਟਾਂ ਸਮੇਤ ਹੋਰ ਲੋੜੀਂਦਾ ਸਾਮਾਨ ਮੁਹੱਈਆ ਕਰਵਾਉਣ ਤੋਂ ਇਲਾਵਾ ਸੂਬੇ ਦੇ ਮੈਡੀਕਲ ਕਾਲਜਾਂ ਦੇ ਹਸਪਤਾਲਾਂ ਅੰਦਰ ਪੰਜ ਕਰੋੜ ਰੁਪਏ ਦੀ ਲਾਗਤ ਨਾਲ ਅਤਿ ਆਧੁਨਿਕ ਵਿਦੇਸ਼ੀ ਆਕਸੀਜਨ ਪਲਾਂਟ ਸਥਾਪਿਤ ਕਰ ਕੇ ਆਕਸੀਜਨ ਦੀ ਕਮੀ ਨੂੰ ਦੂਰ ਕੀਤਾ ਗਿਆ ਹੈ।
                 ਡਾ. ਓਬਰਾਏ ਦਾ ਕਹਿਣਾ ਹੈ ਕਿ ਉਹ ਆਉਣ ਵਾਲੇ ਸਮੇਂ ਦੌਰਾਨ ਵੀ ਸਿਹਤ ਸੇਵਾਵਾਂ ਦੇ ਖੇਤਰ ‘ਚ ਸੁਧਾਰ ਲਿਆਉਣ ਲਈ ਆਪਣੇ ਯਤਨ ਹੋਰ ਵੀ ਤੇਜ਼ ਕਰਨਗੇ।ਸੂਬਾ ਸਰਕਾਰ ਕੋਲੋਂ ਜੋ ਛੋਟੇ ਸਿਵਲ ਹਪਸਤਾਲ ਨਹੀਂ ਚੱਲ ਰਹੇ, ਸਰਬਤ ਦਾ ਭਲਾ ਟਰਸਟ ਅਜਿਹੇ ਹਸਪਤਾਲਾਂ ਨੂੰ ਚਲਾਉਣ ਲਈ ਵੀ ਕੰਮ ਕਰ ਸਕਦਾ ਹੈ।ਉਨ੍ਹਾਂ ਇਹ ਵੀ ਕਿਹਾ ਕਿ ਸੂਬੇ ‘ਚ ਬੇਰੁਜ਼ਗਾਰੀ ਦੀ ਸਮੱਸਿਆ ਨਾਲ ਨਿਪਟਣ ਲਈ ਉਹ ਨੌਜਵਾਨਾਂ ਨੂੰ ਕਿੱਤਾ ਮੁਖੀ ਸਿਖਲਾਈ ਦੇਣ ਦਾ ਕੰਮ ਵੀ ਆਪਣੇ ਹੱਥਾਂ ‘ਚ ਲੈਣਾ ਚਾਹੁੰਦੇ ਹਨ।ਜਿਸ ਤਹਿਤ ਉਹ ਸੂਬੇ ਦੀਆਂ ਬੰਦ ਪਈਆਂ ਸਾਰੀਆਂ ਆਈ.ਟੀ.ਆਈ ਤੇ ਅਜਿਹੇ ਕਿੱਤਾ-ਮੁਖੀ ਕਾਲਜਾਂ ਨੂੰ ਵੀ ਇਸ ਮੰਤਵ ਲਈ ਵਰਤੋਂ ‘ਚ ਲਿਆਉਣ ਦੇ ਇੱਛੁਕ ਹਨ।ਉਨ੍ਹਾਂ ਕਿਹਾ ਕਿ ਬੰਦ ਪਏ ਅਜਿਹੇ ਅਦਾਰਿਆਂ ਨੂੰ ਚਲਾਉਣ ਦਾ ਸਾਰਾ ਖਰਚਾ ਉਨ੍ਹਾਂ ਦੇ ਟਰੱਸਟ ਵੱਲੋਂ ਚੁੱਕਿਆ ਜਾਵੇਗਾ, ਜਿਸ ਦਾ ਸਰਕਾਰ ‘ਤੇ ਕੋਈ ਆਰਥਿਕ ਬੋਝ ਨਹੀਂ ਪਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਦੇ ਨੌਜਵਾਨਾਂ ਨੂੰ ਅਜਿਹੇ ਕਿੱਤਾਮੁਖੀ ਕੋਰਸ ਕਰਵਾਏ ਜਾਣ ਦੀ ਉਨ੍ਹਾਂ ਪੂਰੀ ਰੂਪ ਰੇਖਾ ਤਿਆਰ ਕੀਤੀ ਹੋਈ ਹੈ, ਜਿਨ੍ਹਾਂ ਦੀ ਵੱਡੀ ਮੰਗ ਤੇ ਲੋੜ ਹੈ।ਉਨ੍ਹਾਂ ਕਿਹਾ ਕਿ ਅਜਿਹੇ ਯਤਨਾਂ ਨਾਲ ਸਾਡੀ ਨੌਜਵਾਨ ਪੀੜ੍ਹੀ ਨੂੰ ਆਪਣੇ ਦੇਸ਼ ’ਚ ਹੀ ਰੁਜ਼ਗਾਰ ਦੇ ਵੱਡੇ ਮੌਕੇ ਮਿਲਣਗੇ।
ਉਨ੍ਹਾਂ ਮੁੜ ਸਪੱਸ਼ਟ ਕੀਤਾ ਕਿ ਉਨ੍ਹਾਂ ਦਾ ਚੋਣ-ਸਿਆਸਤ ‘ਚ ਕੁੱਦਣ ਦਾ ਕੋਈ ਵਿਚਾਰ ਨਹੀਂ ਹੈ।

Check Also

ਖਾਲਸਾ ਕਾਲਜ ਵੈਟਰਨਰੀ ਨੇ ਕਿਸਾਨ ਮੇਲੇ ’ਚ ਕਾਲਜ ਸਹੂਲਤਾਂ ਦਾ ਕੀਤਾ ਪ੍ਰਦਰਸ਼ਨ

ਅੰਮ੍ਰਿਤਸਰ, 20 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਜ਼ ਦੇ …