Monday, August 24, 2026

ਸਾਬਕਾ ਮੰਤਰੀ ਜਥੇਦਾਰ ਸੇਖਵਾਂ ਆਮ ਆਦਮੀ ਪਾਰਟੀ ’ਚ ਹੋਏ ਸ਼ਾਮਲ

ਅਸੀਂ ਸਭ ਅਮਨ, ਸ਼ਾਂਤੀ ਤੇ ਆਪਸੀ ਭਾਈਚਾਰੇ ਦਾ ਪੰਜਾਬ ਸਿਰਜਾਂਗੇ – ਅਰਵਿੰਦ ਕੇਜਰੀਵਾਲ

ਗੁਰਦਾਸਪੁਰ, 26 ਅਗਸਤ (ਪੰਜਾਬ ਪੋਸਟ ਬਿਊਰੋ) – ਆਮ ਆਦਮੀ ਪਾਰਟੀ (ਆਪ) ਨੂੰ ਅੱਜ ਮਾਝਾ ਸਮੇਤ ਪੂਰੇ ਪੰਜਾਬ ’ਚ ਵੱਡੀ ਮਜ਼ਬੂਤੀ ਮਿਲੀ, ਜਦੋਂ ਪੰਜਾਬ ਦੇ ਸਾਬਕਾ ਮੰਤਰੀ ਸੇਵਾ ਸਿੰਘ ਸੇਖਵਾਂ ਆਪਣੇ ਪਰਿਵਾਰ ਅਤੇ ਸਾਥੀਆਂ ਸਮੇਤ ‘ਆਪ’ ਵਿੱਚ ਸ਼ਾਮਲ ਹੋ ਗਏ।ਪਾਰਟੀ ਸੁਪਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਸਮੇਤ ਪਾਰਟੀ ਦੀ ਸਮੁੱਚੀ ਪੰਜਾਬ ਇਕਾਈ ਨੇ ਸੇਵਾ ਸਿੰਘ ਸੇਖਵਾਂ ਅਤੇ ਉਨਾਂ ਦੇ ਬੇਟੇ ਜਗਰੂਪ ਸਿੰਘ ਸੇਖਵਾਂ ਦਾ ਪਾਰਟੀ ’ਚ ਸਾਰੇ ਸਾਥੀਆਂ ਸਮੇਤ ਸਵਾਗਤ ਕੀਤਾ।
            ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਮਾਮਲਿਆਂ ਦੇ ਇੰਚਾਰਜ਼ ਜਰਨੈਲ ਸਿੰਘ ਅਤੇ ਸਹਿ ਇੰਚਾਰਜ਼ ਰਾਘਵ ਚੱਢਾ ਨਾਲ ਦਿੱਲੀ ਤੋਂ ਸ਼੍ਰੀ ਅੰਮ੍ਰਿਤਸਰ ਦੇ ਹਵਾਈ ਅੱਡੇ ‘ਤੇ ਪਹੁੰਚੇ।ਉਥੋਂ ਉਹ ਪੰਜਾਬ ਪ੍ਰਧਾਨ ਭਗਵੰਤ ਮਾਨ ਸਮੇਤ ਪੰਜਾਬ ਦੇ ਆਗੂਆਂ ਨਾਲ ਕਾਫ਼ਲੇ ਦੇ ਰੂਪ ’ਚ ਗੁਰਦਾਸਪੁਰ ਜ਼ਿਲੇ ਦੇ ਪਿੰਡ ਸੇਖਵਾਂ ’ਚ ਜਥੇਦਾਰ ਸੇਵਾ ਸਿੰਘ ਸੇਖਵਾਂ ਦੇ ਘਰ ਪਹੁੰਚ ਕੇ ਜਥੇਦਾਰ ਸੇਖਵਾਂ ਦਾ ਹਾਲ ਜਾਣਿਆ ਅਤੇ ਸੇਖਵਾਂ ਪਰਿਵਾਰ ਨੂੰ ਪਾਰਟੀ ’ਚ ਸ਼ਾਮਲ ਕੀਤਾ।
ਅਰਵਿੰਦ ਕੇਜਰੀਵਾਲ ਨੇ ਕਿਹਾ, ‘ਪੰਜਾਬ ਦੇ ਵਿਕਾਸ ’ਚ ਸੇਵਾ ਸਿੰਘ ਸੇਖਵਾਂ ਅਤੇ ਉਨਾਂ ਦੇ ਪਰਿਵਾਰ ਦਾ ਵੱਡਾ ਯੋਗਦਾਨ ਹੈ।ਸੇਵਾ ਸਿੰਘ ਸੇਖਵਾਂ ਸਾਡੇ ਬਜ਼ੁਰਗ ਹਨ ਅਤੇ ਅਸੀਂ ਇਨਾਂ ਤੋਂ ਅਸ਼ੀਰਵਾਦ ਲੈਣ ਲਈ ਆਏ ਹਾਂ।ਸਭ ਚਾਹੁੰਦੇ ਹਾਂ ਕਿ ਜਥੇਦਾਰ ਸੇਖਵਾਂ ਸਾਡਾ ਮਾਰਗ ਦਰਸ਼ਨ ਕਰਦੇ ਰਹਿਣ।’
ਕੇਜਰੀਵਾਲ ਨੇ ਅੱਗੇ ਕਿਹਾ ਕਿ ਉੁਹ ਰਾਜਨੀਤੀ ਕਰਨ ਨਹੀਂ ਆਏ ਸਗੋਂ ਇੱਕ ਮਿਸ਼ਨ ਲੈ ਕੇ ਚੱਲੇ ਹਨ ਕਿ ਅਮੀਰ-ਗਰੀਬ ਨੂੰ ਚੰਗਾ ਇਲਾਜ਼, ਬੱਚਿਆਂ ਨੂੰ ਚੰਗੀ ਸਿੱਖਿਆ, ਸਸਤੀ ਅਤੇ ਨਿਰਵਿਘਣ ਬਿਜਲੀ ਅਤੇ ਹੋਰ ਸਹੂਲਤਾਂ ਜ਼ਰੂਰ ਮਿਲਣ। ਭ੍ਰਿਸ਼ਟਾਚਾਰੀ ਤੇ ਮਾਫੀਆ ਰਾਜ ਤੋਂ ਮੁਕਤੀ ਅਤੇ ਸਭ ਨੂੰ ਇਨਸਾਫ਼ ਮਿਲੇ। ਜਥੇਦਾਰ ਸੇਖਵਾਂ ਦੇ ‘ਆਪ’ ਵਿੱਚ ਆਉਣ ਨਾਲ ਉਨਾਂ ਦੇ ਮਿਸ਼ਨ ਨੂੰ ਵੱਡਾ ਬੱਲ ਮਿਲੇਗਾ।
              ਇੱਕ ਸਵਾਲ ਦੇ ਜਵਾਬ ’ਚ ਅਰਵਿੰਦ ਕੇਜਰੀਵਾਲ ਨੇ ਕਿਹਾ, ‘ਪੰਜਾਬ ਦੇਸ਼ ਦਾ ਨੰਬਰ ਇੱਕ ਸੂਬਾ ਸੀ।ਇਸ ਲਈ ਉਹ ਅਮਨ, ਸ਼ਾਂਤੀ ਅਤੇ ਆਪਸੀ ਭਾਈਚਾਰੇ ਦਾ ਪੰਜਾਬ ਮੁੜ ਸਿਰਜਣਗੇ।ਪੰਜਾਬ ਇੱਕ ਸਰਹੱਦੀ ਸੂਬਾ ਹੈ ਅਤੇ ਇੱਥੇ ਦੇਸ਼ ਨੂੰ ਤੋੜਨ ਵਾਲੇ ਬਿਆਨ ਨਹੀਂ ਦੇਣੇ ਚਾਹੀਦੇ।ਕਸ਼ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਭਾਰਤ ਇੱਕ ਹੈ।’
               ‘ਆਪ’ ਸੁਪਰੀਮੋ ਕੇਜਰੀਵਾਲ ਦਾ ਸਵਾਗਤ ਕਰਦਿਆਂ ਜਥੇਦਾਰ ਸੇਖਵਾਂ ਨੇ ਕਿਹਾ, ‘‘ਕੇਜਰੀਵਾਲ ਦਰਵੇਸ਼ ਵਿਅਕਤੀ ਹਨ, ਜਿਨਾਂ ਮੇਰਾ ਹਾਲ ਜਾਣਨ ਲਈ ਐਨਾ ਲੰਮਾ ਪੈਂਡਾ ਤੈਅ ਕੀਤਾ।ਉਨਾਂ ਦੇ ਜੀਵਨ ਦੇ ਬਾਕੀ ਰਹਿੰਦੇ ਸਾਹ ‘ਆਪ’ ਅਤੇ ਕੇਜਰੀਵਾਲ ਨੂੰ ਸਮਰਪਿਤ ਹਨ।ਉਦਾਸੀ ਦਾ ਪ੍ਰਗਟਾਵਾ ਕਰਦਿਆਂ ਜਥੇਦਾਰ ਸੇਖਵਾਂ ਨੇ ਕਿਹਾ, ‘ਉਨਾਂ ਆਪਣੀ ਜ਼ਿੰਦਗੀ ਦਾ ਲੰਮਾ ਸਮਾਂ ਅਕਾਲੀ ਦਲ ਦੀ ਸੇਵਾ ’ਚ ਲਾਇਆ ਹੈ, ਪ੍ਰੰਤੂ ਪੁਰਾਣੇ ਸਾਥੀਆਂ ਵਿਚੋਂ ਕੋਈ ਵੀ ਅੱਜ ਤੱਕ ਮਿਲਣ ਨਹੀਂ ਆਇਆ।’
      ਅੰਮ੍ਰਿਤਸਰ ਦੇ ਗੈਸਟ ਹਾਊਸ ’ਚ ਪੰਜਾਬ ਦੇ ਆਗੂਆਂ ਨਾਲ ਕੀਤੀ ਵਿਸ਼ੇਸ਼ ਬੈਠਕ 

  ਪਿੰਡ ਸੇਖਵਾਂ ਦੌਰੇ ਉਪਰੰਤ ਦਿੱਲੀ ਵਾਪਸੀ ’ਤੇ ਅਰਵਿੰਦ ਕੇਜਰੀਵਾਲ ਨੇ ਅੰਮ੍ਰਿਤਸਰ ਦੇ ਗੈਸਟ ਹਾਊਸ ’ਚ ਪੰਜਾਬ ਦੇ ਆਗੂਆਂ ਨਾਲ ਇੱਕ ਵਿਸ਼ੇਸ਼ ਬੈਠਕ ਕੀਤੀ।ਜਿਸ ਵਿੱਚ ਪਾਰਟੀ ਦੇ ਪੰਜਾਬ ਪ੍ਰਧਾਨ ਭਗਵੰਤ ਮਾਨ ਸਮੇਤ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ, ਪੰਜਾਬ ਮਾਮਲਿਆਂ ਦੇ ਇੰਚਾਰਜ਼ ਜਰਨੈਲ ਸਿੰਘ, ਸਹਿ ਇੰਚਾਰਜ਼ ਰਾਘਵ ਚੱਢਾ, ਕੁੰਵਰ ਵਿਜੈ ਪ੍ਰਤਾਪ ਸਿੰਘ, ਵਿੱਧਾਇਕ ਕੁਲਤਾਰ ਸਿੰਘ ਸੰਧਵਾਂ, ਸਰਬਜੀਤ ਕੌਰ ਮਾਣੂੰਕੇ, ਪ੍ਰਿੰਸੀਪਲ ਬੁੱਧਰਾਮ, ਪ੍ਰੋ. ਬਲਜਿੰਦਰ ਕੌਰ, ਮੀਤ ਹੇਅਰ, ਮਨਜੀਤ ਸਿੰਘ ਬਿਲਾਸਪੁਰ, ਜੈ ਸਿੰਘ ਰੋੜੀ, ਕੁਲਵੰਤ ਸਿੰਘ ਪੰਡੋਰੀ, ਮਾਸਟਰ ਬਲਦੇਵ ਸਿੰਘ, ਅਮਰਜੀਤ ਸਿੰਘ ਸੰਦੋਆ, ਸੂਬਾ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਅਤੇ ਸਕੱਤਰ ਗਗਨਦੀਪ ਸਿੰਘ ਚੱਢਾ ਸਮੇਤ ਕਈ ਹੋਰ ਆਗੂ ਹਾਜ਼ਰ ਸਨ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਦੀ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ.ਡੀ.ਏ.ਵੀ.ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ ਸ਼ਾਨਦਾਰ ਅਕਾਦਮਿਕ …