ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਲਾਭਪਾਤਰੀਆਂ ਨੂੰ ਵੰਡੇ ਪੈਨਸ਼ਨ ਦੇ ਚੈਕ
ਨਵਾਂਸ਼ਹਿਰ, 31 ਅਗਸਤ (ਪੰਜਾਬ ਪੋਸਟ ਬਿਊਰੋ) – ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਸਮਾਜਿਕ ਸੁਰੱਖਿਆ
ਪੈਨਸ਼ਨਾਂ ਦੁੱਗਣੀਆਂ ਕਰ ਕੇ ਗ਼ਰੀਬਾਂ ਅਤੇ ਲੋੜਵੰਦਾਂ ਨੂੰ ਵੱਡੀ ਰਾਹਤ ਦਿੱਤੀ ਹੈ।ਵਿਧਾਇਕ ਨਵਾਂਸ਼ਹਿਰ ਅੰਗਦ ਸਿੰਘ ਨੇ ਅੱਜ ਸਥਾਨਕ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਨਵਾਂਸ਼ਹਿਰ ਵਿਖੇ ਸਮਾਜਿਕ ਸੁਰੱਖਿਆ ਪੈਨਸ਼ਨ ਵੰਡ ਦੀ ਸ਼ੁਰੂਆਤ ਸਬੰਧੀ ਹੋਏ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਲਾਭਪਾਤਰੀਆਂ ਨੂੰ ਪੈਨਸ਼ਨ ਦੇ ਚੈਕ ਤਕਸੀਮ ਕੀਤੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪੈਨਸ਼ਨ ਨੂੰ 750 ਰੁਪਏ ਤੋਂ ਵਧਾ ਕੇ 1500 ਰੁਪਏ ਕਰਨਾ ਸਮੁੱਚੇ ਵਿਕਾਸ ਵੱਲ ਇਕ ਹੋਰ ਮੀਲ ਪੱਥਰ ਹੈ।ਪੰਜਾਬ ਸਰਕਾਰ ਦੇ ਇਸ ਉਪਰਾਲੇ ਨਾਲ ਬਜ਼ੁਰਗਾਂ, ਵਿਧਵਾਵਾਂ, ਬੇਸਹਾਰਾ ਬੱਚਿਆਂ ਅਤੇ ਦਿਵਿਆਂਗ ਲਾਭਪਾਤਰੀਆਂ ਨੂੰ ਵੱਡੀ ਰਾਹਤ ਮਿਲੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਦੀ ਰਾਸ਼ੀ ਨੂੰ ਵੀ ਵਧਾ ਕੇ 51 ਹਜ਼ਾਰ ਕਰਨਾ ਇਕ ਸ਼ਲਾਘਾਯੋਗ ਕਦਮ ਹੈ, ਜਿਸ ਨਾਲ ਲੋੜਵੰਦ ਪਰਿਵਾਰਾਂ ਦਾ ਜੀਵਨ ਪੱਧਰ ਉਚਾ ਚੁੱਕਣ ਵਿਚ ਮਦਦ ਮਿਲੀ ਹੈ। ਉਨ੍ਹਾਂ ਦੱਸਿਆ ਕਿ ਸਮਾਜਿਕ ਸੁਰੱਖਿਆ ਪੈਨਸ਼ਨ ਵਾਧੇ ਦਾ ਲਾਭ ਜ਼ਿਲ੍ਹੇ ਦੇ 70 ਹਜ਼ਾਰ ਲਾਭਪਾਤਰੀਆਂ ਨੂੰ ਮਿਲੇਗਾ। ਇਸ ਉਪਰੰਤ ਉਨ੍ਹਾਂ ਜ਼ਿਲ੍ਹੇ ਵਿਚ ਪੰਜ ਹੋਰਨਾਂ ਥਾਵਾਂ ’ਤੇ ਵੀ ਵੱਖ-ਵੱਖ ਸਮਾਗਮਾਂ ਦੌਰਾਨ ਖ਼ੁਦ ਲਾਭਪਾਤਰੀਆਂ ਨੂੰ ਪੈਨਸ਼ਨ ਚੈਕਾਂ ਦੀ ਵੰਡ ਕੀਤੀ, ਜਿਨ੍ਹਾਂ ਵਿਚ ਸਲੋਹ, ਲੰਗੜੋਆ, ਕਰੀਹਾ, ਉੜਾਪੜ ਅਤੇ ਭਾਰਟਾ ਕਲਾਂ ਸ਼ਾਮਲ ਸਨ।
ਇਸ ਮੌਕੇ ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਸੰਤੋਸ਼ ਵਿਰਦੀ, ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਡਾ. ਕਮਲਜੀਤ, ਨਗਰ ਕੌਂਸਲ ਪ੍ਰਧਾਨ ਸਚਿਨ ਦੀਵਾਨ, ਕੌਂਸਲਰ ਚੇਤ ਰਾਮ ਰਤਨ, ਪਰਵੀਨ ਭਾਟੀਆ, ਬਲਵਿੰਦਰ ਭੁੰਬਲਾ, ਕੁਲਵੰਤ ਕੌਰ ਤੇ ਜਸਬੀਰ ਕੌਰ ਬਡਵਾਲ, ਸਾਬਕਾ ਕੌਂਸਲਰ ਰੋਮੀ ਖੋਸਲਾ ਤੇ ਰਚਨਾ ਛਾਬੜਾ, ਲਲਿਤ ਸ਼ਰਮਾ, ਕਰਨ ਦੀਵਾਨ, ਜੈਦੀਪ ਜਾਂਗੜਾ, ਰੋਹਿਤ ਚੋਪੜਾ, ਹੈਪੀ ਭਾਟੀਆ, ਹਿੰਮਤ ਚੋਪੜਾ, ਜਤਿੰਦਰ ਕੌਰ, ਈਨਾ, ਅਦਿੱਤਿਆ, ਨਰਿੰਦਰ ਸੈਣੀ ਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ।
Punjab Post Daily Online Newspaper & Print Media