Tuesday, March 3, 2026

ਭਾਜਪਾ ਆਗੂ ਹਰਜੀਤ ਗਰੇਵਾਲ ਦੇ ਬੇਤੁਕੇ ਬਿਆਨਾਂ ਖਿਲਾਫ਼ ਮੁੱਖ ਮੰਤਰੀ ਨੂੰ ਭੇਜਿਆ ਮੈਮੋਰੰਡਮ

ਵੈਬ ਚੈਨਲ ਦੀ ਮਹਿਲਾ ਪੱਤਰਕਾਰ ਲਈ ਵਰਤੀ ਸੀ ਭੱਦੀ ਸ਼ਬਦਾਵਲੀ

ਸਮਰਾਲਾ, 10 ਸਤੰਬਰ (ਇੰਦਰਜੀਤ ਸਿੰਘ ਕੰਗ) – ਸਮਰਾਲਾ ਸ਼ੋਸ਼ਲ ਵੈਲਫੇਅਰ ਸੁਸਾਇਟੀ ਅਤੇ ਹੋਰ ਭਰਾਤਰੀ ਜਥੇਬੰਦੀਆਂ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਨੂੰ ਇਕ ਮੈਮੋਰੰਡਮ ਭੇਜਿਆ ਹੈ।ਐਸ.ਡੀ.ਐਮ ਸਮਰਾਲਾ ਵਿਕਰਮਜੀਤ ਸਿੰਘ ਪਾਂਥੇ ਰਾਹੀਂ ਭੇਜੇ ਮੈਮੋਰੰਡਮ ਵਿੱਚ ਭਾਜਪਾ ਆਗੂ ਹਰਜੀਤ ਸਿੰਘ ਗਰੇਵਾਲ ਦੇ ਕਿਸਾਨ ਅੰਦੋਲਨ ਲਈ ਦਿੱਤੇ ਬੇਤੁਕੇ ਬਿਆਨਾਂ ਅਤੇ ‘ਸਮਰ ਨਿਊਜ਼ ਵੈਬ ਚੈਨਲ’ ਦੀ ਮਹਿਲਾ ਪੱਤਰਕਾਰ ਸ਼ਾਲੂ ਮਿਰੋਕ ਪ੍ਰਤੀ ਵਰਤੀ ਗਈ ਭੱਦੀ ਸ਼ਬਦਾਵਲੀ ਦੇ ਸਬੰਧ ਵਿੱਚ ਕਾਨੂੰਨੀ ਕਾਰਵਾਈ ਮੰਗੀ ਹਈ ਹੈ।
                      ਸੁਸਾਇਟੀ ਦੇ ਚੇਅਰਮੈਨ ਐਡਵੋਕੇਟ ਗਗਨਦੀਪ ਸ਼ਰਮਾ, ਪ੍ਰਧਾਨ ਨੀਰਜ਼ ਸਿਹਾਲਾ ਅਤੇ ਸਕੱਤਰ ਦੀਪ ਦਿਲਬਰ ਨੇ ਦੱਸਿਆ ਕਿ ਜਦੋਂ ਤੋਂ ਕਿਸਾਨੀ ਅੰਦੋਲਨ ਦਿੱਲੀ ਦੀਆਂ ਬਰੂਹਾਂ ’ਤੇ ਚੱਲ ਰਿਹਾ ਹੈ।ਉਸੇ ਦਿਨ ਤੋਂ ਭਾਜਪਾ ਦਾ ਇਹ ਆਗੂ ਹਰਜੀਤ ਗਰੇਵਾਲ ਆਪਣੇ ਬੇਤੁਕੇ ਬਿਆਨਾਂ ਰਾਹੀਂ ਕਿਸਾਨੀ ਸੰਘਰਸ਼ ਦੇ ਆਗੂਆਂ ਨੂੰ ਬਦਨਾਮ ਕਰਨ ਲਈ ਮੋਹਰੀ ਰੋਲ ਨਿਭਾਅ ਰਿਹਾ ਹੈ।ਉਹ ਕਿਸਾਨਾਂ ਨੂੰ ਕਦੇ ਖਾਲਸਤਾਨੀ, ਕਦੇ ਅੱਤਵਾਦੀ, ਕਦੇ ਵੱਖਵਾਦੀ ਅਤੇ ਕਦੇ ਨੈਕਸਲਾਇਟ ਆਦਿ ਨਾਵਾਂ ਨਾਲ਼ ਮੇਲ ਕੇ ਬੇਤੁਕੇ ਬਿਆਨ ਦੇ ਰਿਹਾ ਹੈ ਅਤੇ ਦੇਸ਼ ਵਿੱਚ ਅਰਾਜਿਕਤਾ ਦਾ ਮਾਹੌਲ ਕਾਇਮ ਕਰ ਰਿਹਾ ਹੈ।ਹੱਦ ਤਾਂ ਉਦੋਂ ਹੋ ਗਈ ਜਦੋਂ ਪਿਛਲੇ ਦਿਨੀਂ ਰਾਜਪੁਰਾ ਦੇ ਇਸ ਆਗੂ ਨੇ ਇੰਟਰਵਿਊ ਕਰ ਰਹੀ ਵੈਬ ਚੈਨਲ ਦੀ ਇਕ ਮਹਿਲਾ ਪੱਤਰਕਾਰ ਨੂੰ ਇਹ ਕਹਿ ਦਿੱਤਾ ਕਿ ‘ਤੇਰੇ ਕੋਲ਼ ਕੀ ਸਬੂਤ ਹੈ ਕਿ ਤੂੰ ਆਪਣੇ ਬਾਪ ਦੀ ਔਲਾਦ ਹੈਂ।’ ਅਜੇ ਰਾਤੀਂ ਹੀ ਦਿੱਤਾ ਹਰਜੀਤ ਗਰੇਵਾਲ ਦਾ ਇਕ ਹੋਰ ਬੇਤੁਕਾ ਬਿਆਨ ਮੀਡੀਆ ਵਿੱਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ, ਜਿਸ ਵਿੱਚ ਉਸ ਨੇ ਕਿਹਾ ਹੈ ਕਿ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੂੰ ਪਾਕਿਸਤਾਨ ਅਤੇ ਚੀਨ ਦੀ ਹਮਾਇਤ ਹਾਸਲ ਹੈ।ਇਸ ਕਰਕੇ ਹੀ ਉਹ ਅੰਦੋਲਨ ਖ਼ਤਮ ਨਹੀਂ ਕਰ ਰਹੇ, ਜਦ ਕਿ ਸੱਚਾਈ ਤਾਂ ਇਹ ਹੈ ਕਿ ਕੇਂਦਰ ਦੀ ਮੋਦੀ ਸਰਕਾਰ ਦਾ ਕੋਈ ਵੀ ਮੰਤਰੀ ਲੰਮੇਂ ਸਮੇਂ ਤੋਂ ਕਿਸਾਨ ਲੀਡਰਾਂ ਨੂੰ ਗੱਲਬਾਤ ਲਈ ਨਹੀਂ ਬੁਲਾ ਰਿਹਾ।
                 ਐਸ.ਡੀ.ਐਮ ਸਮਰਾਲਾ ਨੂੰ ਮੈਮੋਰੰਡਮ ਦੇਣ ਵਾਲ਼ਿਆਂ ਵਿੱਚ ਭ੍ਰਿਸ਼ਟਾਚਾਰ ਵਿਰੋਧੀ ਫਰੰਟ ਸਮਰਾਲਾ ਦੇ ਪ੍ਰਧਾਨ ਅਮਰਜੀਤ ਸਿੰਘ ਬਾਲਿਓਂ, ਸਕੱਤਰ ਸਵਿੰਦਰ ਸਿੰਘ, ਮਾ. ਪ੍ਰੇਮ ਨਾਥ, ਐਡਵੋਕੇਟ ਲਵਲੀਨ ਸ਼ਰਮਾ, ਕਮਲਜੀਤ ਭੰਗੂ, ਅਨੂਪ ਸਿੰਘ, ਕੁਲਵੰਤ ਸਿੰਘ ਆਦਿ ਸ਼ਾਮਲ ਸਨ।

Check Also

ਸ਼੍ਰੋਮਣੀ ਕਮੇਟੀ ਵੱਲੋਂ ਸੇਵਾ ਮੁਕਤ ਹੋਏ ਕਰਮਚਾਰੀਆਂ ਨੂੰ ਕੀਤਾ ਗਿਆ ਸਨਮਾਨਿਤ

ਅੰਮ੍ਰਿਤਸਰ, 2 ਮਾਰਚ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿਖੇ ਸੇਵਾ ਨਿਭਾਅ ਰਹੇ …