Saturday, April 11, 2026

ਘਰੇਲੂ ਦੇਖਭਾਲ ਪ੍ਰੋਗਰਾਮ ਤਹਿਤ ਨਿੱਕੇ ਬੱਚਿਆਂ ਦੇ ਪੋਸ਼ਣ ਦੀ ਸਥਿਤੀ ਨੂੰ ਸੁਧਾਰਿਆ ਜਾਵੇਗਾ – ਡਾ. ਗੀਤਾਂਜਲੀ ਸਿੰਘ

ਘਰਾਂ ਦੇ ਵਾਧੂ ਦੌਰੇ ਕਰਨ ਸਬੰਧੀ ਪੰਜ ਦਿਨਾ ਟ੍ਰੇਨਿੰਗ ਸ਼ੁਰੂ

ਨਵਾਂਸ਼ਹਿਰ, 14 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼ਹੀਦ ਭਗਤ ਸਿੰਘ ਨਗਰ ਦੇ ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਦੀ ਯੋਗ ਅਗਵਾਈ ਹੇਠ ਪ੍ਰਾਈਮਰੀ ਸਿਹਤ ਕੇਂਦਰ ਮੁਜ਼ੱਫਰਪੁਰ ਵਿਖੇ ਬੱਚਿਆਂ ਦੀ ਘਰੇਲੂ ਦੇਖਭਾਲ ਪ੍ਰੋਗਰਾਮ ਅਧੀਨ ਘਰਾਂ ਦੇ ਵਾਧੂ ਦੌਰੇ ਕਰਨ ਸਬੰਧੀ ਪੰਜ ਦਿਨਾ ਟ੍ਰੇਨਿੰਗ ਸ਼ੁਰੂ ਕੀਤੀ ਗਈ, ਜਿਸ ਵਿੱਚ ਬਲਾਕ ਦੀਆਂ ਆਸ਼ਾ ਫੈਸੀਲੀਟੇਟਰ ਅਤੇ ਆਸ਼ਾ ਵਰਕਰਾਂ ਨੇ ਭਾਗ ਲਿਆ।
              ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ ਨੇ ਆਸ਼ਾ ਫੈਸੀਲੀਟੇਟਰਜ਼ ਅਤੇ ਆਸ਼ਾ ਵਰਕਰਾਂ ਨੂੰ ਟ੍ਰੇਨਿੰਗ ਦਿੰਦੇ ਹੋਏ ਕਿਹਾ ਕਿ ਇਹ ਟ੍ਰੇਨਿੰਗ ਆਸ਼ਾ ਵਰਕਰਾਂ ਦੇ ਮੌਜ਼ੂਦਾ ਗਿਆਨ ’ਤੇ ਨਵੀਂ ਉਸਾਰੀ ਕਰੇਗੀ ਅਤੇ ਬੱਚਿਆਂ ਦੇ ਮੁੱਢਲੇ ਵਿਕਾਸ ਲਈ ਨਵੀਆਂ ਕੁਸ਼ਲਤਾਵਾਂ ਵਿਕਸਤ ਕਰਨ ਵਿੱਚ ਸਹਾਇਤਾ ਕਰੇਗੀ।
ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਬੱਚਿਆਂ ਦੀਆਂ ਮੌਤਾਂ ਅਤੇ ਬਿਮਾਰੀਆਂ ਨੂੰ ਘਟਾਉਣਾ, ਨਿੱਕੇ ਬੱਚਿਆਂ ਦੀ ਪੋਸ਼ਣ ਸਥਿਤੀ ਨੂੰ ਸੁਧਾਰਨਾ ਅਤੇ ਨਿੱਕੇ ਬੱਚਿਆਂ ਵਿਚ ਵਾਜ਼ਬ ਵਾਧੇ ਨੂੰ ਅਤੇ ਆਰੰਭਕ ਬਾਲ ਵਿਕਾਸ ਨੂੰ ਯਕੀਨੀ ਬਣਾਉਣਾ ਹੈ।ਆਸ਼ਾ ਵਰਕਰਾਂ ਜਨਮ ਸਮੇਂ ਘੱਟ ਭਾਰ ਵਾਲੇ ਬੱਚਿਆਂ, ਬਿਮਾਰ ਬੱਚਿਆਂ, ਕੁਪੋਸ਼ਣ ਦਾ ਸ਼ਿਕਾਰ ਬੱਚਿਆਂ, ਨਵਜੰਮੇ ਬੱਚਿਆਂ ਦੀ ਦੇਖਭਾਲ ‘ਤੇ ਵਿਸ਼ੇਸ਼ ਧਿਆਨ ਕੇਂਦਰਿਤ ਕਰਨਗੀਆਂ।
                  ਡਾ. ਗੀਤਾਂਜਲੀ ਸਿੰਘ ਨੇ ਦੱਸਿਆ ਕਿ ਬੱਚਿਆਂ ਦੀ ਘਰੇਲੂ ਦੇਖਭਾਲ (ਐਚ.ਬੀ.ਵਾਈ.ਸੀ) ਦੀ ਪਹਿਲਕਦਮੀ ਦੇ ਹਿੱਸੇ ਵਜੋਂ ਆਸ਼ਾ ਵਰਕਰਾਂ 42ਵੇਂ ਦਿਨ ਮਗਰੋਂ ਨਵਜੰਮੇ ਬੱਚੇ ਦੀ ਘਰੇਲੂ ਦੇਖਭਾਲ (ਐਚ.ਬੀ.ਵਾਈ.ਸੀ) ਦੀਆਂ 6 ਜਾਂ 7 ਘਰ ਫੇਰੀਆਂ ਤੋਂ ਇਲਾਵਾ, ਪੰਜ ਵਾਰ ਹੋਰ ਘਰ ਦੇ ਦੌਰੇ ਕਰਨਗੀਆਂ। ਆਸ਼ਾ ਵਰਕਰਾਂ ਬੱਚਿਆਂ ਦੀ ਦੇਖਭਾਲ ਲਈ ਘਰ 3 ਮਹੀਨੇ, 6 ਮਹੀਨੇ, 9 ਮਹੀਨੇ, 12 ਮਹੀਨੇ ਅਤੇ 15 ਮਹੀਨੇ ‘ਤੇ ਘਰਾਂ ਦਾ ਦੌਰਾ ਕਰਨਗੀਆਂ।
ਬਲਾਕ ਐਕਸਟੈਂਸ਼ਨ ਐਜੂਕੇਟਰ ਮਨਿੰਦਰ ਸਿੰਘ ਅਤੇ ਵਿਕਾਸ ਵਿਰਦੀ ਨੇ ਕਿਹਾ ਕਿ ਆਸ਼ਾ ਵਰਕਰਾਂ ਘਰ ਦੇ ਦੌਰਿਆਂ ਨਾਲ ਬੱਚਿਆਂ ਦੀਆਂ ਸਮੱਸਿਆਵਾਂ ਦੀ ਜਲਦੀ ਸ਼ਨਾਖਤ ਅਤੇ ਪਰਿਵਾਰਾਂ ਦੀ ਮੁਨਾਸਿਬ ਕਾਰਵਾਈ ਕਰਨ ਵਿੱਚ ਮਦਦ ਕਰਨਗੀਆਂ।ਘਰਾਂ ਦੀਆਂ ਵਾਧੂ ਦੇਖਭਾਲ ਫੇਰੀਆਂ ਨਾਲ ਆਸ਼ਾ ਵਰਕਰਾਂ ਪਹਿਲੇ ਛੇ ਮਹੀਨਿਆਂ ਲਈ ਕੇਵਲ ਮਾਂ ਦਾ ਦੁੱਧ ਪਿਲਾਉਣ ਨੂੰ ਉਤਸ਼ਾਹਤ ਕਰਨ ਦੇ ਨਾਲ-ਨਾਲ ਛੇ ਮਹੀਨੇ ਦੇ ਅਤੇ ਹੋਰ ਵੱਡੇ ਹੋ ਜਾਣ ’ਤੇ ਬੱਚਿਆਂ ਲਈ ਵਕਤ ਸਿਰ, ਚੋਖੇ ਅਤੇ ਪੌਸ਼ਟਿਕ ਭੋਜਨ ਖਵਾਉਣ ਲਈ ਪਰਿਵਾਰਕ ਮੈਂਬਰਾਂ ਨੂੰ ਪ੍ਰੇਰਿਤ ਕਰੇਗੀ।
                    ਇਸ ਮੌੌਕੇ ਹੋਰਨਾਂ ਤੋਂ ਇਲਾਵਾ ਮੈਡੀਕਲ ਅਫਸਰ ਗੁਰਪ੍ਰੀਤ ਸਿੰਘ, ਬਲਾਕ ਅਕਾਊਂਟੈਂਟ ਭੁਪਿੰਦਰ ਸਿੰਘ ਸਮੇਤ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …