Wednesday, April 1, 2026

ਇੰਜੀਨਿਅਰਿੰਗ ਅਨੁਸ਼ਾਸਨ ਵਿੱਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਸਟੇਟ ਯੂਨੀਵਰਸਿਟੀਆਂ ‘ਚ 8ਵਾਂ ਸਥਾਨ

ਅੰਮ੍ਰਿਤਸਰ, 15 ਸਤੰਬਰ (ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਇੰਜੀਨੀਅਰਿੰਗ ਸਿੱਖਿਆ ਦੇ ਖੇਤਰ ਵਿੱਚ ਪੰਜਾਬ `ਚ ਹੀ ਨਹੀਂ ਸਗੋਂ ਗੁਆਂਢੀ ਸੂਬਿਆਂ ਦੀਆਂ ਬਹੁ-ਵਿਸ਼ੇਸ਼ਤਾ ਵਾਲੀਆਂ ਯੂਨੀਵਰਸਿਟੀਆਂ ਵਿਚੋਂ ਵੀ ਉਭਰ ਕੇ ਸਾਹਮਣੇ ਆਈ ਹੈ।ਨੈਸ਼ਨਲ ਇੰਸਟੀਚਿਊਸ਼ਨਲ ਰੈਂਕਿੰਗ ਫਰੇਮਵਰਕ  (ਐਨ.ਆਈ.ਆਰ.ਐਫ) 2021 ਵਿੱਚ ਇੰਜੀਨਿਅਰਿੰਗ ਅਨੁਸ਼ਾਸਨ `ਚ ਯੂਨੀਵਰਸਿਟੀ ਨੇ ਭਾਰਤ ਦੀਆਂ ਮਲਟੀਸਪੈਸ਼ਲਿਟੀ ਸਟੇਟ ਯੂਨੀਵਰਸਿਟੀਆਂ `ਚ 8ਵਾਂ ਸਥਾਨ ਪ੍ਰਾਪਤ ਕੀਤਾ ਹੈ।
                   ਇਥੇ ਇਹ ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਨੇ ਇੰਜਨਿਅਰਿੰਗ ਅਨੁਸ਼ਾਸਨ ਰੈਂਕਿੰਗ ਵਿੱਚ ਪਹਿਲੀ ਵਾਰ ਭਾਗ ਲਿਆ ਹੈ।ਯੂਨੀਵਰਸਿਟੀ ਦਾ ਇੰਜੀਨੀਅਰਿੰਗ ਅਨੁਸ਼ਾਸਨ ਦਾ ਮਿਆਰੀ ਮੁੱਢਲਾ ਢਾਂਚਾ, ਸਮਰਪਿਤ ਅਧਿਆਪਨ ਸਿਖਿਆ ਵਿਵਹਾਰਕਤਾ, ਸਮੇਂ ਦੇ ਹਾਣ ਦਾ ਸਿਲੇਬਸ, ਪਲੇਸਮੈਂਟ ਰੇਟਿੰਗ, ਉਚ ਮਿਆਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੋਜ਼ ਜਰਨਲਾਂ ਵਿੱਚ ਮਿਆਰੀ ਪ੍ਰਕਾਸ਼ਨਾ ਜਿਹੀਆਂ ਪਹਿਲਕਦਮੀਆਂ ਸਦਕਾ ਇੰਜੀਨਿਅਰਿੰਗ ਸਿੱਖਿਆ ਵਿਚ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਨਾਮ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ `ਤੇ ਵੀ ਉਭਰ ਕੇ ਸਾਹਮਣੇ ਆਇਆ ਹੈ।ਜਿਸ ਕਰਕੇ ਯੂਨੀਵਰਸਿਟੀ ਦੇ ਗਲਿਆਰੇ ਵਿੱਚ ਖੁਸ਼ੀ ਦਾ ਮਾਹੋਲ ਹੈ।
                   ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋਫ਼ੈਸਰ ਡਾ. ਜਸਪਾਲ ਸਿੰਘ ਸੰਧੂ ਨੇ ਐਨ.ਆਈ.ਆਰ.ਐਫ-2021 ਦੇ ਤਾਜ਼ਾ ਸਰਵੇਖਣ ਦਾ ਹਵਾਲਾ ਦਿੰਦਿਆਂ ਕਿਹਾ ਕਿ ਇੰਜੀਨੀਅਰਿੰਗ ਦੇ ਖੇਤਰ ਵਿੱਚ ਆਪਣੇ ਘੱਟ ਵਿੱਤੀ ਵਸੀਲਿਆਂ ਦੇ ਬਾਵਜ਼ੂਦ ਦੂਸਰੀਆਂ ਉਨ੍ਹਾਂ ਯੂਨੀਵਰਸਿਟੀਆਂ ਦੇ ਮੁਕਾਬਲੇ ਜਿੰਨ੍ਹਾਂ ਦੇ ਕੋਲ ਫ਼ੰਡ ਅਤੇ ਹੋਰ ਵਸੀਲਿਆਂ ਦੀ ਕੋਈ ਘਾਟ ਨਹੀਂ ਹੈ, ਮਾਰਕਾ ਮਾਰਨਾ ਯੂਨੀਵਰਸਿਟੀ ਲਈ ਮਾਣ ਵਾਲੀ ਗੱਲ ਹੈ।ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਦੇ ਸਫਲ ਇੰਜੀਨੀਅਰਿੰਗ ਗਰੈਜੂਏਟ ਭਾਰਤ ਤੋਂ ਇਲਾਵਾ ਵਿਸ਼ਵ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਉਚ ਅਹੁੱਦਿਆਂ ਅਤੇ ਰੁਤਬਿਆਂ ‘ਤੇ ਪਹੁੰਚੇ ਹੋਏ ਹਨ।
                 ਉਨ੍ਹਾਂ ਕਿਹਾ ਕਿ ਇਹ ਆਪਣੇ ਅਧਿਆਪਕਾਂ, ਖੋਜ਼ ਅਤੇ ਪੇਸ਼ੇਵਰ ਅਭਿਆਸ, ਨਤੀਜਿਆਂ, ਆਊਟਰੀਚ ਅਤੇ ਸ਼ਮੂਲੀਅਤ ਅਤੇ ਵਿਦਿਆਰਥੀਆਂ ਦੀ ਮਿਹਨਤ ਬਦੋਲਤ ਸੰਭਵ ਹੋਇਆ ਹੈ।ਉਨ੍ਹਾਂ ਕਿਹਾ ਕਿ ਹੋਰ ਵਿਸ਼ਿਆਂ ਦੇ ਨਾਲ ਇੰਜੀਨੀਅਰਿੰਗ ਦੇ ਵਿਸ਼ਿਆਂ ਜੋ ਉਚਾਈਆਂ ਛੂਹੀਆਂ ਗਈਆਂ ਹਨ ਉਹ ਆਉਣ ਵਾਲੇ ਸਮਿਆਂ ਲਈ ਪੈੜਾਂ ਦਾ ਕੰਮ ਕਰਨਗੇ।ਮੌਜ਼ੂਦਾ ਬੁਨਿਆਦੀ ਢਾਂਚੇ ਨੂੰ ਹੋਰ ਲੋੜ ਅਨੁਸਾਰ ਵਧਾਉਣ, ਉਚ ਗੁਣਵੱਤਾ ਦੀ ਸਿੱਖਿਆ ਅਤੇ ਖੋਜ ਨੂੰ ਉਤਸ਼ਾਹਿਤ ਕਰਨ ਲਈ ਆਪਣੀ ਵਚਨਬੱਧਤਾ ਮੁੜ ਦੁਹਰਾਉਦਿਆਂ ਡਾ ਸੰਧੂ ਨੇ ਕਿਹਾ ਕਿ ਵਿਦਿਆਰਥੀਆਂ, ਖੋਜ਼ਾਰਥੀਆਂ ਅਤੇ ਫੈਕਲਟੀ ਦੀ ਸਹੂਲਤ ਲਈ ਉੱਨਤ ਤਕਨਾਲੋਜੀਆਂ ਨੂੰ ਵਰਤੋਂ ਵਿੱਚ ਲਿਆਉਣ ਤੇ ਉਨ੍ਹਾਂ ਵੱਲੋਂ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ। ਪ੍ਰੋ. (ਡਾ.) ਜਸਪਾਲ ਸਿੰਘ ਨੇ ਯੂਨੀਵਰਸਿਟੀ ਦੇ ਇੰਜੀਨੀਅਰਿੰਗ ਵਿਭਾਗਾਂ ਨੂੰ ਵਧਾਈ ਦਿੰਦਿਆਂ  ਇੰਜੀਨੀਅਰਿੰਗ ਵਿੱਚ ਮਿਆਰੀ ਸਿੱਖਿਆ ਅਤੇ ਖੋਜ਼ ਪ੍ਰਦਾਨ ਕਰਨ ਵਾਲੀ ਫੈਕਲਟੀ ਅਤੇ ਸਟਾਫ ਦੇ ਅਣਥੱਕ ਯਤਨਾਂ ਦੀ ਸ਼ਲਾਘਾ ਕੀਤੀ।ਉਨ੍ਹਾਂ ਨੇ ਆਸ ਪ੍ਰਗਟਾਈ ਕਿ ਆਉਣ ਵਾਲੇ ਸਾਲਾਂ ਵਿੱਚ ਵੀ ਵੱਖ-ਵੱਖ ਅਕਾਦਮਿਕ ਵਿਸ਼ਿਆਂ ਵਿੱਚ ਅਕਾਦਮਿਕਤਾ ਅਤੇ ਖੋਜ਼ ਦੀ ਗੁਣਵੱਤਾ ਨੂੰ ਹੋਰ ਵਧੀਆ ਬਣਾਉਣ ਲਈ ਸਾਰਿਆਂ ਵਲੋਂ ਇੰਜ ਹੀ ਸਹਿਯੋਗ ਅਤੇ ਯਤਨ ਰਹੇਗਾ।

Check Also

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਸਵਰਗੀ ਐਡਵੋਕੇਟ ਰਮੇਸ਼ ਰਾਜ ਭੰਡਾਰੀ ਨੂੰ ਦਿੱਤੀ ਨਿੱਘੀ ਸਰਧਾਂਜਲੀ

ਅੰਮ੍ਰਿਤਸਰ, 31 ਮਾਰਚ (ਸੁਖਬੀਰ ਸਿੰਘ) – ਅੰਮ੍ਰਿਤਸਰ ਸ਼ਹਿਰ ਦੇ ਨਿਵਾਸੀ ਰਹੇ ਐਡਵੋਕੇਟ ਰਮੇਸ਼ ਰਾਜ ਭੰਡਾਰੀ …