ਕਿਹਾ, ਦਮਦਮੀ ਟਕਸਾਲ ਦੀ ਅਗਵਾਈ ‘ਚ ਨੌਜਵਾਨਾਂ ਤੇ ਪੰਥ ਦੀ ਚੜ਼੍ਹਦੀ ਕਲਾ ਲਈ ਉਲੀਕੇਗੀ ਵੱਡੇ ਪ੍ਰੋਗਰਾਮ
ਅੰਮ੍ਰਿਤਸਰ, 15 ਸਤੰਬਰ (ਪੰਜਾਬ ਪੋਸਟ ਬਿਊਰੋ) – ਸਿੱਖ ਸਟੂਡੈਂਟਸ ਫੈਡਰੇਸ਼ਨ (ਮਹਿਤਾ) ਦੀ ਜਨਰਲ ਬਾਡੀ ਦੀ ਵਿਸ਼ੇਸ਼ ਇਕੱਤਰਤਾ ਭਾਈ ਗੁਰਦਾਸ ਹਾਲ ਵਿਖੇ ਫੈਡਰੇਸ਼ਨ ਦੇ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਦੀ ਅਗਵਾਈ ਹੇਠ ਹੋਈ।ਜਿਸ ਵਿੱਚ ਫੈਡਰੇਸ਼ਨ ਦੇ ਸਰਪ੍ਰਸਤ ਭਾਈ ਰਾਜਿੰਦਰ ਸਿੰਘ ਮਹਿਤਾ ਅਤੇ ਭਾਈ ਅਮਰਜੀਤ ਸਿੰਘ ਚਾਵਲਾ ਨੇ ਆਪਣੇ ਸੰਬੋਧਨ ‘ਚ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਸਮੁੱਚੇ ਪੰਜਾਬ ਵਿੱਚ ਪੁੱਜੇ ਫੈਡਰੇਸ਼ਨ ਦੇ ਅਹੁੱਦੇਦਾਰਾਂ ਨੂੰ ਮੁਖ਼ਾਤਿਬ ਹੁੰਦਿਆਂ ਕਿਹਾ ਕਿ ਮਹਾਨ ਸ਼ਹੀਦਾਂ ਦੀ ਇਸ ਜਥੇਬੰਦੀ ਵਲੋਂ ਜੋ ਪਿਛਲੇ ਸਮੇਂ ਦੌਰਾਨ ਸਿੱਖ ਕੌਮ, ਪੰਥ ਦੀ ਚੜ੍ਹਦੀ ਕਲਾ ਅਤੇ ਨੌਜਵਾਨਾਂ ਦੀ ਰੂਹ ਵਿੱਚ ਪੰਥਕ ਜਜ਼ਬਾ ਕਾਇਮ ਕਰਨ ਵਾਸਤੇ ਮੁਸ਼ੱਕਤਾਂ ਘਾਲੀਆਂ ਗਈਆਂ ਸਨ।ਉਸ ਨੂੰ ਅੱਜ ਦੇ ਸਮੇਂ ‘ਚ ਕਾਇਮ ਰੱਖਣਾ ਅਤੇ ਬੁਲੰਦੀਆਂ ਤੱਕ ਲੈ ਕੇ ਜਾਣਾ ਜਥੇਬੰਦੀ ਦੀ ਵੱਡੀ ਜਿੰਮੇਵਾਰੀ ਬਣਦੀ ਹੈ।
ਭਾਈ ਮਹਿਤਾ ਅਤੇ ਭਾਈ ਚਾਵਲਾ ਨੇ ਅੱਗੇ ਕਿਹਾ ਕਿ ਜਿਥੇ ਵੀਹਵੀਂ ਸਦੀ ਦੇ ਮਹਾਨ ਜਰਨੈਲ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਅਤੇ ਭਾਈ ਅਮਰੀਕ ਸਿੰਘ ਦੀ ਅਗਵਾਈ ‘ਚ ਲੜੇ ਗਏ ਸਿੱਖ ਸੰਘਰਸ਼ ਦਾ ਜ਼ਿਕਰ ਕੀਤਾ, ਉਥੇ ਹੀ ਫੈਡਰੇਸ਼ਨ ਦੇ ਅਨਮੋਲ ਹੀਰੇ ਭਾਈ ਹਰਮਿੰਦਰ ਸਿੰਘ ਸੰਧੂ ਅਤੇ ਹੋਰ ਮਰਹੂਮ ਯੋਧਿਆਂ ਦੀ ਕੁਰਬਾਨੀ ਨੂੰ ਯਾਦ ਕੀਤਾ ਗਿਆ।ਫੈਡਰੇਸ਼ਨ ਪ੍ਰਧਾਨ ਭਾਈ ਅਮਰਬੀਰ ਸਿੰਘ ਢੋਟ ਨੇ ਕਿਹਾ ਕਿ ਫੈਡਰੇਸ਼ਨ ਦੇ ਪੁਰਾਤਨ ਰੁੱਤਬੇ ਅਤੇ ਮਾਣ ਸਨਮਾਨ ਨੂੰ ਕਾਇਮ ਰੱਖਣ ਲਈ ਨੌਜਵਾਨਾਂ ਨੂੰ ਗੁਰਮਤਿ ਨਾਲ ਜੋੜਨ ਅਤੇ ਪੰਥ ਦੀ ਚੜ੍ਹਦੀਕਲਾ ਵਾਸਤੇ ਫੈਡਰੇਸ਼ਨ ਦਮਦਮੀ ਟਕਸਾਲ ਦੀ ਅਗਵਾਈ ਹੇਠ ਵੱਡੇ ਤੇ ਅਹਿਮ ਪ੍ਰੋਗਰਾਮ ਉਲੀਕੇਗੀ।
ਫੈਡਰੇਸ਼ਨ ਦੇ ਸਕੱਤਰ ਜਨਰਲ ਭਾਈ ਲਖਬੀਰ ਸਿੰਘ ਸੇਖੋਂ ਨੇ ਫੈਡਰੇਸ਼ਨ ਦੇ ਪੁਰਾਤਨ ਇਤਿਹਾਸ ਅਤੇ ਪ੍ਰਾਪਤੀਆਂ ਦਾ ਵਿਸਥਾਰ ਸਹਿਤ ਜ਼ਿਕਰ ਕਰਦਿਆਂ ਕਿਹਾ ਕਿ ਭਾਈ ਅਮਰੀਕ ਸਿੰਘ ਵਲੋਂ ਜਿਹੜੀ ਪਛਾਣ ਫੈਡਰੇਸ਼ਨ ਨੂੰ ਮਿਲੀ ਹੈ, ਜੋ ਰੁਤਬਾ ਸਿੱਖ ਪੰਥ ਵਿੱਚ ਸਥਾਪਿਤ ਹੋਇਆ।ਉਸ ਨੂੰ ਕਾਇਮ ਰੱਖਣ ਲਈ ਫੈਡਰੇਸ਼ਨ ਮਹਿਤਾ ਦ੍ਰਿੜ੍ਹ ਸੰਕਲਪ ਕਰੇਗੀ।ਫੈਡਰੇਸ਼ਨ ਦੇ ਇਸ ਵਿਸ਼ੇਸ਼ ਤੇ ਭਰਵੇਂ ਇਕੱਠ ਵਿੱਚ ਅਹਿਮ ਮਤਿਆਂ ਨੂੰ ਪ੍ਰਵਾਨਗੀ ਵੀ ਦਿੱਤੀ ਗਈ।ਜਿਸ ਵਿੱਚ ਫੈਡਰੇਸ਼ਨ ਦੇ ਸੀਨੀਅਰ ਮੀਤ ਪ੍ਰਧਾਨ ਅਤੇ ਅਨੁਸ਼ਾਸਨੀ ਕਮੇਟੀ ਦੇ ਚੇਅਰਮੈਨ ਭਾਈ ਗਗਨਦੀਪ ਸਿੰਘ, ਲਖਬੀਰ ਸਿੰਘ ਸੇਖੋਂ ਅਤੇ ਹਰਸ਼ਦੀਪ ਸਿੰਘ ਰੰਧਾਵਾ ਵਲੋਂ ਤਿੰਨ ਮਤੇ ਪੜ੍ਹੇ ਗਏ।
ਪਹਿਲੇ ਮਤੇ ਵਿੱਚ ਭਾਈ ਅਮਰੀਕ ਸਿੰਘ ਅਤੇ ਸਿੱਖ ਸੰਘਰਸ਼ ਦੇ ਨੀਤੀਵੇਤਾ ਰੋਸ਼ਨ ਦਿਮਾਗ ਭਾਈ ਹਰਮਿੰਦਰ ਸਿੰਘ ਸੰਧੂ ਵਲੋਂ ਜੋ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀ ਰਹਿਨੁਮਾਈ ਹੇਠ ਸਿੱਖੀ ਦੀ ਆਨ ਤੇ ਸ਼ਾਨ ਲਈ ਲੜੇ ਗਏ ਸੰਘਰਸ਼ ਦੀਆਂ ਮੰਗਾਂ ਦੀ ਪੂਰਤੀ ਲਈ ਫੈਡਰੇਸ਼ਨ ਦੇ ਦ੍ਰਿੜ੍ਹ ਸੰਕਲਪ ਦਾ ਜ਼ਿਕਰ ਕੀਤਾ ਗਿਆ।ਦੂਜੇ ਮਤੇ ‘ਚ ਸ਼ਹੀਦ ਹਰਮਿੰਦਰ ਸਿੰਘ ਸੰਧੂ ਪ੍ਰਤੀ ਕੁੱਝ ਲੋਕਾਂ ਵਲੋਂ ਪੈਦਾ ਕੀਤੀਆਂ ਗਲਤ ਫਹਿਮੀਆਂ ਦੀ ਕਰੜੇ ਸ਼ਬਦਾਂ ਵਿੱਚ ਨਿੰਦਾ ਕਰਦਿਆਂ ਕਿਹਾ ਕਿ ਫੈਡਰੇਸ਼ਨ ਮਹਿਤਾ ਸਿੱਖ ਪੰਥ ਦੇ ਅਨਮੋਲ ਹੀਰੇ ਭਾਈ ਸੰਧੂ ਨੂੰ ਸ਼ਹੀਦ ਮੰਨਦੀ ਹੈ ਅਤੇ ਮੰਨਦੀ ਰਹੇਗੀ।ਤੀਸਰੇ ਮਤੇ ਵਿੱਚ ਉਨ੍ਹਾਂ ਕਿਸਾਨਾਂ ਦੀ ਹਮਾਇਤ ਕਰਦਿਆਂ ਉਨ੍ਹਾਂ ਖਿਲਾਫ਼ ਕੇਂਦਰ ਵਲੋਂ ਪਾਸ ਕੀਤੇ ਤਿੰਨੇ ਕਾਲੇ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਉਨ੍ਹਾਂ ਦੀਆਂ ਫਸਲਾਂ ਦੇ ਵਾਜ਼ਬ ਮੁੱਲ ਦੇਣ ਲਈ ਕਿਹਾ ਗਿਆ ।
ਪ੍ਰੋਗਰਾਮ ਦੇ ਅੰਤ ਵਿੱਚ ਭਾਈ ਰਜਿੰਦਰ ਸਿੰਘ ਮਹਿਤਾ ਭਾਈ ਅਮਰਜੀਤ ਸਿੰਘ ਚਾਵਲਾ ਅਤੇ ਪ੍ਰਧਾਨ ਅਮਰਬੀਰ ਸਿੰਘ ਢੋਟ ਵਲੋਂ ਆਏ ਹੋਏ ਸਾਰੇ ਅਹੁੱਦੇਦਾਰਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਸੰਤ ਬਾਬਾ ਬੁੱਧ ਸਿੰਘ ਨਿੱਕੇ ਘੁੰਮਣ, ਸ਼੍ਰੋਮਣੀ ਕਮੇਟੀ ਜਨਰਲ ਸਕੱਤਰ ਭਗਵੰਤ ਸਿੰਘ ਸਿਆਲਕਾ, ਸੀਨੀਅਰ ਮੀਤ ਪ੍ਰਧਾਨ ਜਸਪਾਲ ਸਿੰਘ, ਸੀਨੀਅਰ ਮੀਤ ਪ੍ਰਧਾਨ ਗਗਨਦੀਪ ਸਿੰਘ, ਮੁੱਖ ਬੁਲਾਰਾ ਗੁਰਮਿੰਦਰ ਸਿੰਘ ਚਾਵਲਾ, ਸੀਨੀਅਰ ਮੀਤ ਪ੍ਰਧਾਨ ਮਨਜੀਤ ਸਿੰਘ ਬਾਠ ਦਰਸ਼ਨ ਸਿੰਘ ਘੋਲੀਆ, ਗੁਰਦੀਪ ਸਿੰਘ ਸੁਰਸਿੰਘ, ਸ਼ੇਰਅਮੀਰ ਸਿੰਘ, ਹਰਸ਼ਦੀਪ ਸਿੰਘ ਰੰਧਾਵਾ, ਅਵਤਾਰ ਸਿੰਘ ਬੁੱਟਰ, ਲਵਪ੍ਰੀਤ ਸਿੰਘ ਕਾਕਾ, ਕੁਲਵਿੰਦਰ ਸਿੰਘ ਢੋਟ, ਅੰਮ੍ਰਿਤਪਾਲ ਸਿੰਘ ਪੰਨੂ, ਦਲਜਿੰਦਰ ਸਿੰਘ ਕੈਪਟਨ, ਜਗਜੀਤ ਸਿੰਘ ਖਾਲਸਾ, ਗਿਆਨੀ ਤੇਜਪਾਲ ਸਿੰਘ ਕੁਰਕਸ਼ੇਤਰ ਹਰਿਆਣਾ ਸਟੇਟ ਦੇ ਪ੍ਰਧਾਨ ਅਮਰਦੀਪ ਸਿੰਘ ਅਠਵਾਲ, ਕਰਨਦੀਪ ਸਿੰਘ ਮਾਹਲ, ਜਗਪ੍ਰੀਤ ਸਿੰਘ ਮਣੀ, ਬਲਵਿੰਦਰ ਸਿੰਘ ਰਾਜੋਕੇ, ਮਨਜੀਤ ਸਿੰਘ ਜੋੜਾ ਫਾਟਕ, ਯੁਵਰਾਜ ਸਿੰਘ ਚੌਹਾਨ, ਬਲਵਿੰਦਰ ਸਿੰਘ ਕੰਬੋਜ, ਸਹਿਜਬੀਰ ਸਿੰਘ ਢੋਟ, ਪ੍ਰੋਫੈਸਰ ਜਗਰੂਪ ਸਿੰਘ, ਕੁਲਦੀਪ ਸਿੰਘ ਪੰਡੋਰੀ ਵੀ ਹਾਜ਼ਰ ਸਨ।