Thursday, March 5, 2026

ਜੋਸ਼ੀ ਆਪਣੇ ਮਹਿਕਮੇ ਦੀ ਨਲਾਇਕੀ ਤੇ ਪੜਦਾ ਪਾ ਰਹੇ ਨੇ – ਬੁਲਾਰੀਆ

ਪ੍ਰਸ਼ਾਸ਼ਨ ਨੇ ਜਬਰਦਸਤੀ ਕੂੜਾ ਸੁੱਟਿਆ ਤਾਂ ਇਸ ਨੂੰ ਰੋਕਾਂਗੇ
ਜੋਸ਼ੀ ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਫੈਸਲੇ ਨੂੰ ਜਰੂਰ ਪੜ੍ਹਣ

PPN1111201414
ਅੰਮ੍ਰਿਤਸਰ, 11 ਨਵੰਬਰ (ਸੁਖਬੀਰ ਸਿੰਘ) – ਵਿਧਾਨ ਸਭਾ ਹਲਕਾ ਦੱਖਣੀ ਅਕਾਲੀ ਵਿਧਾਇਕ ਤੇ ਪੰਜਾਬ ਦੇ ਮੁੱਖ ਸੰਸਦੀ ਸਕੱਤਰ ਇੰਦਰਬੀਰ ਸਿੰਘ ਬੁਲਾਰੀਆ ਨੇ ਦੱਖਣੀ ਹਲਕੇ ਵਿੱਚ ਕੂੜੇ ਦੇ ਡੰਪ ਨੂੰ ਲੈ ਕੇ ਪੰਜਾਬ ਦੇ ਸਥਾਨਕ ਸਰਕਾਰਾਂ ਦੇ ਮੰਤਰੀ ਸ੍ਰੀ ਅਨਿਲ ਜੋਸ਼ੀ ਤੇ ਪਲਟਵਾਰ ਕਰਦਿਆਂ ਕਿਹਾ ਕਿ ਜੋਸ਼ੀ ਆਪਣੀ ਮਹਿਕਮੇ ਦੀ ਨਲਾਇਕੀ ਤੇ ਪੜ੍ਹਦਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਨੇ ਹਲਕੇ ਦੇ ਲੋਕਾਂ ਵੱਲੋਂ ਵਿੱਢੇ ਸੰਘਰਸ਼ ਦੀ ਇੱਕ ਵਾਰ ਫਿਰ ਪੁਰਜੋਰ ਹਮਾਇਤ ਕਰਦਿਆਂ ਇਸ ਸਾਰੇ ਮਸਲੇ ਲਈ ਸਥਾਨਕ ਸਰਕਾਰਾਂ ਵਿਭਾਗ ਤੇ ਨਗਰ ਨਿਗਮ ਅੰਮ੍ਰਿਤਸਰ ਨੂੰ ਜਿੰਮੇਵਾਰ ਠਹਿਰਾਇਆ ਹੈ। ਇੱਥੇ ਪ੍ਰੈਸ ਦੇ ਨਾਮ ਜਾਰੀ ਬਿਆਨ ਵਿੱਚ ਬੁਲਾਰੀਆ ਨੇ ਜੋਸ਼ੀ ਵੱਲੋਂ ਅਖਬਾਰਾਂ ਵਿੱਚ ਛਪੀ ਟਿੱਪਣੀ ਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਉਹ ਕਿਸੇ ਵੀ ਕੀਮਤ ਤੇ ਭਗਤਾਂ ਵਾਲਾ ਡੰਪ ਵਿੱਚ ਹੋਰ ਕੂੜਾ ਸੁੱਟਣ ਨਹੀਂ ਦੇਣਗੇ ਤੇ ਜੇਕਰ ਪ੍ਰਸ਼ਾਸ਼ਨ ਵੱਲੋਂ ਜਬਰਦਸਤੀ ਕੂੜਾ ਸੁੱਟਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਅੱਗੇ ਹੋ ਕੇ ਹਲਕੇ ਦੇ ਲੋਕਾਂ ਦੀ ਅਗਵਾਈ ਕਰਦੇ ਹੋਏ ਆਪਣੇ ਹਜ਼ਾਰਾਂ ਸਮਰਥਕਾਂ ਨੂੰ ਨਾਲ ਲੈ ਕੇ ਇਸ ਦਾ ਡਟ ਕੇ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਉਹ ਹਲਕੇ ਦੇ ਲੋਕਾਂ ਦੀ ਸਿਹਤ ਨਾਲ ਹੋਰ ਖਿਲਵਾੜ ਨਹੀਂ ਹੋਣ ਦੇਣਗੇ।
ਬੁਲਾਰੀਆ ਨੇ ਕਿਹਾ ਕਿ ਉਨ੍ਹਾਂ ਦੇ ਸਵਰਗੀ ਪਿਤਾ ਸz: ਰਮਿੰਦਰ ਸਿੰਘ ਜੀ ਬੁਲਾਰੀਆ ਹਮੇਸ਼ਾਂ ਲੋਕਾਂ ਦੇ ਨਾਲ ਉਨ੍ਹਾਂ ਦੇ ਦੁੱਖ-ਸੁੱਖ ਵਿੱਚ ਸ਼ਰੀਕ ਹੋ ਕੇ ਨਿਸਵਾਰਥ ਸੇਵਾ ਕਰਦੇ ਰਹੇ ਹਨ ਤੇ ਉਹ ਵੀ ਆਪਣੇ ਪਿਤਾ ਦੇ ਪਦ ਚਿੰਨ੍ਹਾਂ ਤੇ ਚਲਦੇ ਹੋਏ ਲੋਕਾਂ ਦੀ ਸੇਵਾ ਕਰਨ ਵਿੱਚ ਕੋਈ ਕਸਰ ਨਹੀਂ ਛੱਡਣਗੇ ਅਤੇ ਲੋਕਾਂ ਲਈ ਉਹ ਹਰ ਤਰ੍ਹਾਂ ਦੀ ਕੁਰਬਾਨੀ ਦੇਣ ਨੂੰ ਤਿਆਰ ਹਨ। ਬੁਲਾਰੀਆ ਨੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਜੋਸ਼ੀ ਤੇ ਪਲਟਵਾਰ ਕਰਦਿਆਂ ਕਿਹਾ ਕਿ ਉਹ ਮੇਰੀ ਜਾਣਕਾਰੀ ਸਬੰਧੀ ਕੋਈ ਨੁਕਤਾਚੀਨੀ ਕਰਨ ਦੀ ਬਿਜਾਏ ਮਾਨਯੋਗ ਪੰਜਾਬ ਤੇ ਹਰਿਆਣਾ ਹਾਈ ਕੋਰਟ ਵੱਲੋਂ ਨਗਰ ਨਿਗਮ ਅੰਮ੍ਰਿਤਸਰ ਖਿਲਾਫ ਦਾਇਰ ਰਿੱਟ ਪਟੀਸ਼ਨ ਦਾ ਉਹ ਫੈਸਲਾ ਪੜ੍ਹ ਲੈਣ ਜਿਸ ਵਿੱਚ ਉਨ੍ਹਾਂ ਦੇ ਮਹਿਕਮੇ ਵੱਲੋਂ ਸਾਲਿਡ ਵੇਸਟ ਮੈਨੇਜਮੈਂਟ ਪਲਾਂਟ ਦਾ ਠੇਕਾ ਦੇਣ ਸਮੇਂ ਕੀਤੀਆਂ ਗਈਆਂ ਅਣਗਿਣਤੀ ਬੇਨਿਯਮੀਆਂ ਬਾਰੇ ਸਖਤ ਟਿੱਪਣੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਕਿਹਾ ਕਿ ਇੱਕ ਪਾਸੇ ਪੂਰੇ ਭਾਰਤ ਨੂੰ ਸਾਫ ਸੁਥਰਾ ਕਰਨ ਦੀਆਂ ਮੁਹਿਮਾਂ ਚਲਾਈਆਂ ਜਾ ਰਹੀਆਂ ਹਨ ਅਤੇ ਦੂਜੇ ਪਾਸੇ ਉਨ੍ਹਾਂ ਦੇ ਹਲਕੇ ਵਿੱਚ ਸਾਰੇ ਸ਼ਹਿਰ ਦਾ ਕੂੜਾ ਕਰਕਟ ਮਰੇ, ਹੋਏ ਜਾਨਵਰਾਂ ਦੇ ਪਿੰਜਰ ਸੁੱਟ ਕੇ ਲੋਕਾਂ ਦੀ ਸਿਹਤ ਨਾਲ ਖਿਲਵਾੜ ਕੀਤਾ ਜਾ ਰਿਹਾ ਹੈ। ਕੀ ਹਲਕਾ ਦੱਖਣੀ ਦੇ ਲੋਕ ਭਾਰਤ ਦੇ ਨਿਵਾਸੀ ਨਹੀਂ, ਜਿਸ ਭਾਰਤ ਵਿੱਚ ਸਫਾਈ ਮੁਹਿੰਮ ਚੱਲ ਰਹੀ ਹੈ।
ਬੁਲਾਰੀਆ ਨੇ ਆਪਣੇ ਬਿਆਨ ਵਿੱਚ ਧਰਨੇ ਤੇ ਬੈਠੇ ਹਲਕਾ ਦੱਖਣੀ ਦੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਉਹ ਕਿਸੇ ਵੀ ਕੀਮਤ ਤੇ ਭਗਤਾਂ ਵਾਲਾ ਡੰਪ ਤੇ ਕੂੜਾ ਨਹੀਂ ਸੁੱਟਣ ਦੇਣਗੇ ਅਤੇ ਪ੍ਰਸਾਵੱਲੋਂ ਜਬਰੀ ਕੂੜਾ ਸੁੱਟਣ ਦੀ ਕੀਤੀ ਜਾਣ ਵਾਲੀ ਕੋਸ਼ਿਸ਼ ਦਾ ਹਰ ਤਰੀਕੇ ਨਾਲ ਵਿਰੋਧ ਕਰਨਗੇ। ਉਨ੍ਹਾਂ ਕਿਹਾ ਕਿ ਉਹ ਡੰਪ ਨੂੰ ਜਾਣ ਵਾਲੇ ਹਰ ਰਸਤੇ ਅਤੇ ਹਲਕਾ ਦੱਖਣੀ ਦੇ ਲੋਕਾਂ ਅਤੇ ਆਪਣੇ ਸਮਰਥਕਾਂ ਦੀ ਮਦਦ ਨਾਲ ਪ੍ਰਸ਼ਾਸ਼ਨ ਦੀ ਅਜਿਹੀ ਕੀਤੀ ਜਾਣ ਵਾਲੀ ਕਾਰਵਾਈ ਦਾ ਡਟਵਾਂ ਵਿਰੋਧ ਕਰਨਗੇ। ਬੁਲਾਰੀਆ ਨੇ ਕਿਹਾ ਕਿ ਆਪਣੇ ਹਲਕੇ ਦੇ ਲੋਕਾਂ ਦਾ ਪੱਖ ਅਤੇ ਸਥਾਨਕ ਸਰਕਾਰਾਂ ਮਹਿਕਮੇ ਦੀ ਨਲਾਇਕੀ ਸਬੰਧੀ ਉਹ ਮੁੱਖ ਮੰਤਰੀ ਸz: ਪ੍ਰਕਾਸ਼ ਸਿੰਘ ਬਾਦਲ ਤੇ ਉਪ ਮੁੱਖ ਮੰਤਰੀ ਸz: ਸੁਖਬੀਰ ਸਿੰਘ ਬਾਦਲ ਕੋਲ ਇੱਕ ਚੰਗੇ ਵਕੀਲ ਦੀ ਤਰ੍ਹਾਂ ਕੇਸ ਪੇਸ਼ ਕਰਕੇ ਭਗਤਾਂ ਵਾਲਾ ਡੰਪ ਨੂੰ ਸ਼ਹਿਰ ਤੋਂ ਦੂਰ ਲਿਜਾਣ ਲਈ ਹਰ ਸੰਭਵ ਉਪਰਾਲਾ ਕਰਨਗੇ।
ਉਨ੍ਹਾਂ ਜੋਸ਼ੀ ਵੱਲੋਂ ਮੁੱਖ ਮੰਤਰੀ ਤੇ ਉਪ ਮੁੱਖ ਮੰਤਰੀ ਦੇ ਮਹਿਕਮੇ ਸਬੰਧੀ ਕੀਤੀ ਬਿਆਨਬਾਜੀ ਦਾ ਵੀ ਸਖਤ ਨੋਟਿਸ ਲਿਆ ਤੇ ਕਿਹਾ ਕਿ ਅੰਮ੍ਰਿਤਸਰ ਸ਼ਹਿਰ ਦਾ ਮੰਤਰੀ ਹੋਣ ਦੇ ਬਾਵਜੂਦ ਵੀ ਜੋਸ਼ੀ ਇੱਕ ਵਾਰ ਵੀ ਡੰਪ ਦੀ ਜਗ੍ਹਾ ਦਾ ਮੁਆਇਨਾ ਕਰਨ ਜਾਂ ਲੋਕਾਂ ਦਾ ਹਾਲ ਪੁੱਛਣ ਨਹੀਂ ਗਏ, ਜਿਸ ਤੋਂ ਜੋਸ਼ੀ ਦੀ ਹਲਕਾ ਦੱਖਣੀ ਦੇ ਲੋਕਾਂ ਨਾਲ ਹਮਦਰਦੀ ਦਾ ਸਹਿਜੇ ਹੀ ਅੰਦਾਜਾ ਲਾਇਆ ਜਾ ਸਕਦਾ ਹੈ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ

ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …

Leave a Reply