ਅੰਮ੍ਰਿਤਸਰ, 17 ਸਤੰਬਰ (ਪੰਜਾਬ ਪੋਸਟ ਬਿਊਰੋ) – ਸੰਗਤ ਲਾਂਘਾ ਕਰਤਾਰਪੁਰ ਜਥੇਬੰਦੀ ਨੇ ਲਾਂਘਾ ਖੁੱਲਵਾਉਣ ਵਾਸਤੇ ਕਰਤਾਰਪੁਰ ਸਾਹਿਬ ਦੇ ਸਾਹਮਣੇ ਭਾਰਤ
ਪਾਕ ਸਰਹੱਦ ‘ਤੇ ਸੰਗਰਾਂਦ ਦੇ ਦਿਹਾੜੇ ਆਪਣੀ ਮਹੀਨਾਵਾਰ ਅਰਦਾਸ ਕੀਤੀ।ਜਥੇਬੰਦੀ ਮੁੱਖੀ ਭਬੀਸ਼ਨ ਸਿੰਘ ਗੁਰਾਇਆ ਨੇ ਪ੍ਰੈਸ ਨੋਟ ਜਾਰੀ ਕਰਦਿਆਂ ਦੁੱਖ ਜ਼ਾਹਿਰ ਕੀਤਾ ਹੈ ਕਿ ਸਰਕਾਰ ਦੇ ਲਾਂਘਾ ਖੋਲਣ ਦੇ ਐਲਾਨ ਦੇ ਬਾਵਜ਼ੂਦ ਅਜੇ ਤੱਕ ਕੋਈ ਹਿਲਜੁੱਲ ਨਜਰ ਨਹੀ ਆ ਰਹੀ ਅਤੇ ਨਾ ਹੀ ਦਰਖਾਸਤਾਂ ਲੈਣੀਆਂ ਸ਼ੁਰੂ ਕੀਤੀਆਂ ਹਨ।
ਯਾਦ ਰਹੇ ਪਿੱਛੇ 28 ਜੁਲਾਈ ਨੂੰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਪ੍ਰਧਾਨ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਸੀ ਕਿ ਹੁਣ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਦਿੱਤਾ ਜਾਵੇ।ਉਪਰੰਤ ਮੀਡੀਏ ਵਿੱਚ ਸਰਕਾਰ ਤਰਫੋਂ ਖਬਰ ਆਈ ਸੀ ਕਿ ਗੁਰੂ ਨਾਨਕ ਸਾਹਿਬ ਦੇ ਜੋਤੀ ਜੋਤ ਦਿਹਾੜੇ ਨੂੰ ਲਾਂਘਾ ਖੋਲ ਦਿੱਤਾ ਜਾਵੇਗਾ।ਪਰ ਕਲ੍ਹ ਜਦੋਂ ਸੰਗਤਾਂ ਸਰਹੱਦ ‘ਤੇ ਗਈਆਂ ਤਾਂ ਕੇਂਦਰ ਸਰਕਾਰ ਦਾ ਲਾਂਘਾ ਦਫਤਰ ਸੁੰਨਾ ਪਿਆ ਹੋਇਆ ਸੀ।(ਧਿਆਨ ਰਹੇ ਪਾਕਿਸਤਾਨ ਸਰਕਾਰ ਜੋਤੀ ਜੋਤ ਦਿਨ 22 ਸਤੰਬਰ ਨੂੰ ਮਨਾਉਦੀ ਹੈ) ਸਰਹੱਦ ‘ਤੇ ਮੌਜ਼ੂਦ ਬੀ.ਐਸ.ਐਫ ਅਫਸਰਾਂ ਨੇ ਵੀ ਦੱਸਿਆ ਕਿ ਉਹਨਾਂ ਨੂੰ ਕੋਈ ਜਾਣਕਾਰੀ ਨਹੀ ਕਿ ਲਾਂਘਾ ਦੁਬਾਰਾ ਖੁੱਲ ਰਿਹਾ ਹੈ।
ਓਧਰ ਕੇਂਦਰ ਸਰਕਾਰ ਦੀ ਵਜ਼ਾਰਤ ਇ ਦਾਖਲਾ ਦੀ ਵੈਬਸਾਈਟ ਜਿਥੇ ਆਨਲਾਈਨ ਦਰਖਾਸਤ ਦਿੱਤੀ ਜਾਂਦੀ ਸੀ, ਦਾ ਦਰਖਾਸਤ ਲਿੰਕ ਬੰਦ ਹੈ।ਸ਼੍ਰੋਮਣੀ ਕਮੇਟੀ ਨੇ ਵੀ ਕਰਤਾਰਪੁਰ ਸਾਹਿਬ ਵਿਖੇ ਜੋਤੀ ਜੋਤ ਦਿਹਾੜਾ ਮਨਾਉਣ ਬਾਬਤ ਕੋਈ ਬਿਆਨ ਨਹੀ ਦਿੱਤਾ।
ਸੰਗਤ ਲਾਂਘਾ ਕਰਤਾਰਪੁਰ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਬੇਨਤੀ ਕੀਤੀ ਹੈ ਕਿ ਕਰਤਾਰਪੁਰ ਲਾਂਘਾ ਬਿਨਾਂ ਦੇਰੀ ਤੋਂ ਖੋਲਿਆ ਜਾਵੇ।ਯਾਤਰਾ ਵੇਲੇ ਪਾਸਪੋਰਟ ਦੀ ਸ਼ਰਤ ਹਟਾਈ ਜਾਵੇ ਅਤੇ ਅਧਾਰ ਕਾਰਡ ‘ਤੇ ਯਾਤਰਾ ਕਰਵਾਈ ਜਾਵੇ।
ਅਰਦਾਸ ਮੌਕੇ ਗੁਰਾਇਆ ਤੋਂ ਇਲਾਵਾ ਰਾਜ ਸਿੰਘ, ਵੈਦ ਲਖਵਿੰਦਰ ਸਿੰਘ, ਅਰਵਿੰਦ ਅਰੋੜਾ, ਪ੍ਰਿੰਸੀਪਲ (ਰੀਟਾਇਡ) ਸੁਰਿੰਦਰ ਸਿੰਘ ਆਹੂਜਾ ਅਤੇ ਕਈ ਹੋਰ ਗੁਰਸਿੱਖ ਮੌਜ਼ੂਦ ਸਨ।ਯਾਦ ਰਹੇ ਕਰੋਨਾ ਲਾਕਡਾਉਨ ਕਰਕੇ ਕਰਤਾਰਪੁਰ ਲਾਂਘਾ 16 ਮਾਰਚ 2020 ਤੋਂ ਲਗਾਤਾਰ ਬੰਦ ਚਲਿਆ ਆ ਰਿਹਾ ਹੈ।
Check Also
ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ
ਅੰਮ੍ਰਿਤਸਰ, 1 ਅਗਸਤ (ਜਗਦੀਪ ਸਿੰਘ) – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …
Punjab Post Daily Online Newspaper & Print Media