Sunday, August 2, 2026

‘ਲੇਖਕਾਂ ਸੰਗ ਸੰਵਾਦ’ ਸਮਾਗਮ ਵਿੱਚ ਕਥਾਕਾਰ ਤਲਵਿੰਦਰ ਸਿੰਘ ਨੂੰ ਕੀਤਾ ਯਾਦ

ਰਸਾਲੇ `ਸ਼ਬਦ` ਦਾ “ਤਲਵਿੰਦਰ ਸਿੰਘ ਵਿਸ਼ੇਸ਼ ਅੰਕ” ਵੀ ਕੀਤਾ ਜਾਰੀ

ਅੰਮ੍ਰਿਤਸਰ, 17 ਸਤੰਬਰ (ਦੀਪ ਦਵਿੰਦਰ ਸਿੰਘ) – ਜਨਵਾਦੀ ਲੇਖਕ ਸੰਘ ਵਲੋਂ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ ਅਰੰਭੀ “ਲੇਖਕਾਂ ਸੰਗ ਸੰਵਾਦ” ਸਮਾਗਮਾਂ ਦੀ ਲੜੀ ਤਹਿਤ ਅੱਜ ਇਥੋਂ ਦੇ ਆਤਮ ਪਬਲਿਕ ਸਕੂਲ ਇਸਲਾਮਾਬਾਦ ਵਿਖੇ ਮਰਹੂਮ ਕਥਾਕਾਰ ਤਲਵਿੰਦਰ ਸਿੰਘ ਨੂੰ ਯਾਦ ਕਰਦਿਆਂ ਕਹਾਣੀਕਾਰ ਜਿੰਦਰ ਦੀ ਸੰਪਾਦਨਾ ਹੇਠ ਛਪਦੇ ਪ੍ਰਮੁੱਖ ਰਸਾਲੇ `ਸ਼ਬਦ` ਦਾ “ਤਲਵਿੰਦਰ ਸਿੰਘ ਵਿਸ਼ੇਸ਼ ਅੰਕ” ਜਾਰੀ ਕੀਤਾ ਗਿਆ।
               ਕਥਾਕਾਰ ਦੀਪ ਦੇਵਿੰਦਰ ਸਿੰਘ ਨੇ `ਸ਼ਬਦ` ਦੇ ਤਾਜ਼ਾ ਅੰਕ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਜਿੰਦਰ ਵਲੋਂ ਮਿਹਨਤ ਨਾਲ ਤਿਆਰ ਕੀਤੇ ਇਸ ਅੰਕ ਵਿੱਚ ਤਲਵਿੰਦਰ ਸਿੰਘ ਦੀਆਂ `ਵਾਰਿਸ, ਰਾਤ ਚਾਨਣੀ, ਨਾਇਕ ਦੀ ਮੌਤ, ਮਾਇਆ ਜਾਲ, ਵਿਚਲੀ ਔਰਤ, ਪੈਂਡਾ ਅਤੇ ਤਾੜੀ ਕਹਾਣੀਆਂ ਦੇ ਨਾਲ ਵਿਦਵਾਨ ਲੇਖਕਾਂ ਦੇ ਉਹਦੀ ਕਹਾਣੀ ਕਲਾ ਬਾਰੇ ਮਹੱਤਵਪੂਰਨ ਲੇਖ ਵੀ ਸ਼ਾਮਲ ਹਨ।
               ਸ਼ਾਇਰ ਦੇਵ ਦਰਦ ਨੇ ਆਪਣੀ ਗਜ਼ਲ ਦੇ ਭਾਵਪੂਰਤ ਸ਼ਿਅਰ ਕਿ “ਜੋਬਨ ਰੁੱਤੇ ਯਾਰ ਤੁਰੇ ਤਾਂ ਰੋਵਾਂ ਨਾ” ਨਾਲ ਤਲਵਿੰਦਰ ਨੂੰ ਚੇਤੇ ਕਰਦਿਆਂ ਕਿਹਾ ਕਿ ਉਹ ਆਪਣੀ ਕਹਾਣੀ ਕਲਾ ਰਾਹੀਂ ਮਨੱਖੀ ਜ਼ਿੰਦਗੀ ਦੇ ਜੁਗਰਾਫੀਏ ਨੂੰ ਵਧੀਆ ਢੰਗ ਨਾਲ਼ ਪੇਸ਼ ਕਰਦਾ ਸੀ।ਡਾ. ਜਗਦੀਸ਼ ਸਚਦੇਵਾ ਅਤੇ ਅਦਾਕਾਰ ਵਿਜੇ ਸ਼ਰਮਾ ਨੇ ਕਿਹਾ ਕਿ ਇਹ ਤਲਵਿੰਦਰ ਦੀ ਸਖਸ਼ੀਅਤ ਦਾ ਗੈਬੀ ਗੁਣ ਹੈ ਕਿ ਉਹ ਲੋਕ ਚੇਤਿਆਂ ਵਿਚੋਂ ਕਦੀ ਵੀ ਮਨਫੀ ਨਹੀਂ ਹੋਵੇਗਾ।ਹਰਜੀਤ ਸੰਧੂ ਅਤੇ ਡਾ. ਕਸ਼ਮੀਰ ਸਿੰਘ ਨੇ ਅਦਾਰਾ ਸ਼ਬਦ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਤਲਵਿੰਦਰ ਦੀਆਂ ਦੋਸਤੀਆਂ ਦਾ ਹਾਸਿਲ ਹੈ।ਸਤਿੰਦਰ ਓਠੀ, ਰਾਜ ਕੁਮਾਰ ਰਾਜ ਅਤੇ ਸੁਮੀਤ ਸਿੰਘ ਨੇ ਤਲਵਿੰਦਰ ਦੇ ਜਥੇਬੰਦਕ ਕਾਰਜ਼ਾਂ ਦੀ ਚਰਚਾ ਛੇੜੀ।ਆਏ ਸਾਹਿਤਕਾਰਾਂ ਦਾ ਧੰਨਵਾਦ ਮੈਡਮ ਪਰਮਜੀਤ ਬਾਵਾ ਨੇ ਕੀਤਾ।
                ਇਸ ਸਮੇਂ ਅੰਕਿਤਾ ਸਹਿਦੇਵ, ਮੋਹਿਤ, ਪ੍ਰਤੀਕ, ਪੂਨਮ ਸ਼ਰਮਾ, ਮੀਨਾਕਸ਼ੀ, ਤ੍ਰਿਪਤਾ, ਸ਼ੰਮੀ ਮਹਾਜਨ, ਪ੍ਰਿਅੰਕਾ ਚੋਪੜਾ, ਪੂਨਮ ਅਨੀਤਾ ਅਤੇ ਗੀਤਾ ਮੈਡਮ ਹਾਜ਼ਰ ਸਨ।

Check Also

ਸ਼ਰਧਾ ਤੇ ਉਤਸ਼ਾਹ ਨਾਲ ਮਨਾਈ ਜਾਵੇਗੀ ਭਗਤ ਪੂਰਨ ਸਿੰਘ ਜੀ ਦੀ 34ਵੀਂ ਬਰਸੀ

ਅੰਮ੍ਰਿਤਸਰ,  1 ਅਗਸਤ  (ਜਗਦੀਪ ਸਿੰਘ)  – ਵੀਹਵੀਂ ਸਦੀ ਦੇ ਮਹਾਨ ਦਰਵੇਸ਼ ਤੇ ਸਮਾਜ ਸੇਵੀ, ਵਾਤਾਵਰਣ …