5464 ਪ੍ਰਵਾਸੀ ਬੱਚਿਆਂ ਨੂੰ ‘ਪੋਲੀਓ ਰੋਕੂ ਬੂੰਦਾਂ’ ਪਿਲ਼ਾਉਣ ਦਾ ਮਿਥਿਆ ਟੀਚਾ – ਸਿਵਲ ਸਰਜਨ
ਨਵਾਂਸ਼ਹਿਰ, 24 ਸਤੰਬਰ (ਪੰਜਾਬ ਪੋਸਟ ਬਿਊਰੋ) – ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿਚ ਤਿੰਨ ਦਿਨਾ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਤਹਿਤ 26 ਸਤੰਬਰ
ਤੋਂ 28 ਸਤੰਬਰ 2021 ਤੱਕ 0 ਤੋਂ 5 ਸਾਲ ਤੱਕ ਦੇ ਤਕਰੀਬਨ 5464 ਪ੍ਰਵਾਸੀ ਬੱਚਿਆਂ ਨੂੰ ਪੋਲੀਓ ਰੋਕੂ ਬੂੰਦਾਂ ਪਿਲਾਉਣ ਦਾ ਟੀਚਾ ਮਿਥਿਆ ਗਿਆ ਹੈ।
ਡਿਪਟੀ ਕਮਿਸ਼ਨਰ ਡਾ. ਸ਼ੇਨਾ ਅਗਰਵਾਲ ਦੀ ਪ੍ਰਧਾਨਗੀ ਹੇਠ ਅੱਜ ਮਾਈਗ੍ਰੇਟਰੀ ਪਲਸ ਪੋਲੀਓ ਸਬੰਧੀ ਜ਼ਿਲ੍ਹਾ ਟਾਸਕ ਫੋਰਸ ਦੀ ਮੀਟਿੰਗ ਆਯੋਜਿਤ ਹੋਈ, ਜਿਸ ਵਿਚ ਸਿਹਤ ਵਿਭਾਗ, ਸਿੱਖਿਆ ਵਿਭਾਗ ਤੇ ਮਹਿਲਾ ਤੇ ਬਾਲ ਵਿਕਾਸ ਵਿਭਾਗ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ ਅਧਿਕਾਰੀਆਂ ਨੂੰ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ।
ਡਿਪਟੀ ਕਮਿਸ਼ਨਰ ਡਾ ਸ਼ੇਨਾ ਅਗਰਵਾਲ ਨੇ ਦੱਸਿਆ ਕਿ ਮਾਈਗ੍ਰੇਟਰੀ ਪਲਸ ਪੋਲਿਓ ਮੁਹਿੰਮ ਤਹਿਤ ਝੁੱਗੀਆਂ-ਝੌਂਪੜੀਆਂ, ਉਦਯੋਗਿਕ ਖੇਤਰਾਂ, ਇੱਟਾਂ ਦੇ ਭੱਠਿਆਂ, ਗੁੱਜਰਾਂ ਦੇ ਡੇਰਿਆਂ, ਨਿਰਮਾਣ ਅਧੀਨ ਇਮਾਰਤਾਂ ਤੇ ਦਾਣਾ ਮੰਡੀਆਂ ਆਦਿ ਸਲੱਮ ਖੇਤਰਾਂ ਵਿਚ 0 ਤੋਂ 5 ਸਾਲ ਤੱਕ ਦੇ 5464 ਪ੍ਰਵਾਸੀ ਬੱਚਿਆ ਨੂੰ ਘਰ-ਘਰ ਜਾ ਕੇ ਪੋਲਿਓ ਰੋਕੂ ਬੂੰਦਾਂ ਪਿਲਾਈਆਂ ਜਾਣੀਆਂ ਹਨ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਭਾਵੇਂ ਪਿਛਲੇ ਦਸ ਸਾਲਾਂ ਦੌਰਾਨ ਪੋਲਿਓ ਦਾ ਭਾਰਤ ਵਿੱਚ ਕੋਈ ਵੀ ਕੇਸ ਸਾਹਮਣੇ ਨਹੀਂ ਆਇਆ ਪਰ ਸਾਡੇ ਗੁਆਂਢੀ ਦੇਸ਼ ਪਾਕਿਸਤਾਨ ਅਤੇ ਅਫਗਾਨਿਸਤਾਨ ਵਿੱਚ ਪੋਲਿਓ ਦੇ ਵਾਇਰਸ ਦਾ ਸੰਚਾਰ ਅਜੇ ਵੀ ਜਾਰੀ ਹੈ ਜੋ ਭਾਰਤ ਵਿੱਚ ਵੀ ਪ੍ਰਵੇਸ਼ ਕਰ ਸਕਦਾ ਹੈ।ਉਨਾਂ ਨੇ ਇਹ ਵੀ ਹਦਾਇਤਾਂ ਜਾਰੀ ਕੀਤੀਆਂ ਕਿ ਪੋਲੀਓ ਦੀਆਂ ਬੂੰਦਾਂ ਕੋਰੋਨਾ ਮਹਾਂਮਾਰੀ ਦੇ ਪ੍ਰੋਟੋਕਾਲ ਨੂੰ ਧਿਆਨ ਵਿਚ ਰੱਖ ਕੇ ਪਿਲਾਈਆਂ ਜਾਣ।
ਸਿਵਲ ਸਰਜਨ ਡਾ. ਗੁਰਿੰਦਰਬੀਰ ਕੌਰ ਨੇ ਦੱਸਿਆ ਕਿ ਮਾਈਗ੍ਰੇਟਰੀ ਪਲਸ ਪੋਲੀਓ ਮੁਹਿੰਮ ਨੂੰ ਸਫਲ ਬਣਾਉਣ ਲਈ 53 ਟੀਮਾਂ ਤਾਇਨਾਤ ਕਰ ਦਿੱਤੀਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਸਲੱਮ ਤੇ ਮਾਈਗ੍ਰੇਟਰੀ ਵੱਸੋਂ ਵਾਲੇ ਇਲਾਕਿਆਂ ਵਿਚ ਪੋਲੀਓ ਬੂੰਦਾਂ ਪਿਲ਼ਾਉਣ ਲਈ 102 ਵੈਕਸੀਨੇਟਰ ਲਗਾ ਦਿੱਤੇ ਗਏ ਹਨ, ਜਿਨ੍ਹਾਂ ਦੀ ਨਿਗਰਾਨੀ 13 ਸੁਪਰਵਾਈਜਰ ਕਰਨਗੇ।
ਇਸ ਮੌਕੇ ਜ਼ਿਲ੍ਹਾ ਟੀਕਾਕਰਨ ਅਫਸਰ ਬਲਵਿੰਦਰ ਕੁਮਾਰ, ਜ਼ਿਲ੍ਹਾ ਐਪੀਡੀਮੋਲੋਜਿਸਟ ਡਾ. ਜਗਦੀਪ ਸਿੰਘ, ਸੀਨੀਅਰ ਮੈਡੀਕਲ ਅਫਸਰ ਡਾ. ਗੀਤਾਂਜਲੀ ਸਿੰਘ, ਡਾ. ਊਸ਼ਾ ਕਿਰਨ, ਡਾ. ਕਵਿਤਾ ਭਾਟੀਆ, ਡਾ. ਹਰਬੰਸ ਸਿੰਘ, ਡਾ. ਕੁਲਵਿੰਦਰ ਮਾਨ, ਜ਼ਿਲ੍ਹਾ ਸਮੂਹ ਸਿੱਖਿਆ ਅਤੇ ਸੂਚਨਾ ਅਫਸਰ ਜਗਤ ਰਾਮ, ਹੈਲਥ ਇੰਸਪੈਕਟਰ ਰਾਜੀਵ ਕੁਮਾਰ ਸ਼ਰਮਾ ਸਮੇਤ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।
Punjab Post Daily Online Newspaper & Print Media