ਨਵੀਂ ਦਿੱਲੀ, 25 ਸਤੰਬਰ (ਜਗਸੀਰ ਲੌਂਗੋਵਾਲ ) – ਦਿੱਲੀ ਦੇ ਟਿਕਰੀ ਬਾਰਡਰ `ਤੇ ਗ਼ਦਰੀ ਬੀਬੀ ਗੁਲਾਬ ਕੌਰ ਨਗਰ ਵਿਖੇ ਭਾਰਤੀ ਕਿਸਾਨ ਯੂਨੀਅਨ (ਏਕਤਾ
ਉਗਰਾਹਾਂ) ਦੀ ਸਟੇਜ਼ ਤੋਂ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਕੇਂਦਰ ਸਰਕਾਰ ਵਲੋਂ ਜੋ ਝੋਨੇ ਦੀ ਖਰੀਦ ਸਬੰਧੀ ਜਮਾਂਬੰਦੀਆਂ ਜਾਂ ਹੋਰ ਸਬੂਤ ਮੰਗਣ ਦਾ ਵਿਰੋਧ ਕੀਤਾ ਹੈ।ਉਨਾਂ ਕਿਹਾ ਕਿ ਕੋਈ ਵੀ ਸਬੂਤ ਦੇਣ ਦੀ ਲੋੜ ਨਹੀਂ ਹੈ ਅਤੇ ਫ਼ਸਲ ਕਿਸਾਨ ਏਕਤਾ ਦੇ ਜ਼ੋਰ ਨਾਲ ਹੀ ਵਿਕਵਾਵਾਂਗੇ।ਉਨ੍ਹਾਂ ਪਿਛਲੇ ਘੋਲਾਂ ਦੇ ਤਜ਼ਰਬੇ ਸਾਂਝੇ ਕਰਦਿਆਂ ਕਿਹਾ ਕਿ 2001 `ਚ ਜਦੋਂ ਕੇਂਦਰ `ਚ ਵਾਜਪਾਈ ਦੀ ਸਰਕਾਰ ਸੀ ਤਾਂ ਉਸ ਸਮੇਂ ਸਰਕਾਰ ਨੇ ਝੋਨੇ ਦੀ ਫਸਲ ਨੂੰ ਬਦਰੰਗ ਕਹਿ ਕੇ ਸਰਕਾਰੀ ਰੇਟ `ਚ ਕੱਟ ਲਾ ਕੇ ਝੋਨੇ ਦੀ ਖਰੀਦ ਤੋਂ ਭੱਜਣ ਦਾ ਬਹਾਨਾ ਘੜਿਆ ਸੀ।ਤਾਂ ਪੰਜਾਬ ਦੀਆਂ ਕਿਸਾਨ ਜਥੇਬੰਦੀਆਂ ਨੇ ਉਸ ਸਮੇਂ ਰੇਲਾਂ ਦਾ 72 ਘੰਟੇ ਚੱਕਾ ਜਾਮ ਕਰਦਿਆਂ ਐਫ.ਸੀ.ਆਈ ਦੇ ਚੇਅਰਮੈਨ ਭੂਰੇਲਾਲ ਨੂੰ ਬਠਿੰਡਾ ਵਿੱਚ ਘੇਰ ਕੇ ਝੋਨੇ ਦੀ ਫਸਲ ਦਾ ਦਾਣਾ ਦਾਣਾ ਸਰਕਾਰ ਵਲੋਂ ਮਿਥੇ ਘੱਟੋ ਘੱਟ ਸਰਕਾਰੀ ਮੁੱਲ `ਤੇ ਵਿਕਵਾਇਆ ਸੀ।
ਉਨ੍ਹਾਂ ਕਿਹਾ ਕਿ ਟਿਕਰੀ ਬਾਰਡਰ `ਤੇ ਚੱਲ ਰਹੇ ਮੋਰਚੇ ਨੂੰ ਬਹੁਤ ਸਾਰੀਆਂ ਸਮੱਸਿਆਵਾਂ ਆ ਰਹੀਆਂ ਹਨ। ਜਿਸ ਦੇ ਸੰਬੰਧ `ਚ ਬਹਾਦਰਗੜ੍ਹ ਦੇ ਐਸ.ਡੀ.ਐਮ ਨੂੰ ਘੱਟੋ ਘੱਟ ਪੰਜ ਵਾਰ ਮਿਲ ਕੇ ਲਿਖਤੀ ਰੂਪ `ਚ ਸਮੱਸਿਆ ਤੋਂ ਜਾਣੂ ਵੀ ਕਰਵਾਇਆ ਗਿਆ ਹੈ, ਪਰ ਉਸ ਦਾ ਕੋਈ ਹੱਲ ਨਹੀਂ ਹੋਇਆ।ਉਨਾਂ ਜਥੇਬੰਦੀ ਵਲੋਂ ਝੱਜਰ ਦੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਕਿ ਸਮੱਸਿਆਵਾਂ ਨੂੰ ਛੇਤੀ ਤੋਂ ਛੇਤੀ ਹੱਲ ਕੀਤਾ ਜਾਵੇ ਤਾਂ ਜੋ ਕੋਈ ਜਾਨੀ ਮਾਲੀ ਨੁਕਸਾਨ ਨਾ ਹੋਵੇ ।
ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਨੇ ਕਿਹਾ ਕਿ ਇਸ ਸੰਘਰਸ਼ ਦੀ ਗੂੰਜ਼ ਅਮਰੀਕਾ ਦੀ ਧਰਤੀ `ਤੇ ਪੈ ਰਹੀ ਹੈ।ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਉਥੇ ਪਹੁੰਚਣ `ਤੇ ਕਾਲੇ ਕਾਨੂੰਨਾਂ ਦੇ ਸੰਬੰਧ `ਚ ਭਾਰਤੀ ਲੋਕਾਂ ਵਲੋਂ ਕਿਸਾਨੀ ਝੰਡਿਆਂ ਨਾਲ ਸਖ਼ਤ ਵਿਰੋਧ ਕੀਤਾ ਜਾ ਰਿਹਾ ਹੈ।
ਮਾਸਟਰ ਪ੍ਰੀਤਮ ਸਿੰਘ ਅਹਿਮਦਗੜ੍ਹ ਨੇ ਸੰਬੋਧਨ ਕਰਦਿਆਂ ਕਿਹਾ ਕਿ ਪਿਛਲੇ ਹਜ਼ਾਰਾਂ ਸਾਲਾਂ ਤੋਂ ਉਨਾਂ ਨੂੰ ਧਰਮਾਂ, ਜਾਤਾਂ ਅਤੇ ਗੋਤਾਂ `ਚ ਵੰਡ ਕੇ ” ਪਾੜੋ ਅਤੇ ਰਾਜ ਕਰੋ ” ਦੀ ਗੰਦੀ ਸਿਆਸਤ ਰਾਹੀਂ ਰਾਜਨੀਤਕ ਲੋਕ ਰਾਜ ਸੱਤਾ `ਤੇ ਕਬਜ਼ਾ ਕਰਕੇ ਕਿਰਤੀ ਲੋਕਾਂ ਦੀ ਲੁੱਟ ਕਰ ਰਹੇ ਹਨ।ਪਰ ਖੇਤੀ ਕਾਨੂੰਨਾਂ ਨੂੰ ਲੈ ਕੇ ਇਸ ਲੰਮੇ ਸੰਘਰਸ਼ ਨੇ ਲੋਕਾਂ ਨੂੰ ਧਰਮਾਂ, ਜਾਤਾਂ ਅਤੇ ਗੋਤਾਂ ਚੋਂ ਕੱਢ ਕੇ ਇੱਕ ਪਲੇਟਫਾਰਮ `ਤੇ ਇਕੱਠੇ ਹੋ ਕੇ ਇਨ੍ਹਾਂ ਦੀਆਂ ਲੋਕ ਦੋਖੀ ਨੀਤੀਆਂ ਦੇ ਖਿਲਾਫ਼ ਲੜਨ ਦਾ ਰਾਹ ਦਿਖਾਇਆ ਹੈ। ਕਿਸਾਨ ਆਗੂ ਨੇ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਇੱਕ ਧਰਮ ਨਿਰਪੱਖ ਜਥੇਬੰਦੀ ਹੈ ਅਤੇ ਕਿਸੇ ਵੀ ਧਰਮ ਨੂੰ ਮੰਨਣਾ ਜਾਂ ਉਸ `ਚ ਸ਼ਰਧਾ ਰੱਖਣਾ ਕਿਸਾਨਾਂ ਅਤੇ ਹਰੇਕ ਵਿਅਕਤੀ ਦਾ ਆਪਣਾ ਨਿੱਜੀ ਮਾਮਲਾ ਹੈ।
ਸੰਗਰੂਰ ਜਿਲ੍ਹੇ ਦੇ ਆਗੂ ਬਹਾਲ ਸਿੰਘ ਢੀਂਡਸਾ ਨੇ ਅਗਲੇ ਪ੍ਰੋਗਰਾਮਾਂ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਜਿਵੇਂ ਪੰਜਾਬ `ਚ 28 ਸਤੰਬਰ ਨੂੰ ਭਗਤ ਸਿੰਘ ਦੇ ਜਨਮ ਦਿਨ `ਤੇ ਬਰਨਾਲਾ ਦੀ ਦਾਣਾ ਮੰਡੀ `ਚ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਵਲੋਂ `ਸਾਮਰਾਜ ਵਿਰੋਧੀ ਕਾਨਫ਼ਰੰਸ` `ਚ ਨੌਜਵਾਨਾਂ ਦਾ ਲਾਮਿਸਾਲ ਇਕੱਠ ਕੀਤਾ ਜਾ ਰਿਹਾ ਹੈ।ਇਸੇ ਤਰ੍ਹਾਂ ਟਿੱਕਰੀ ਬਾਰਡਰ `ਤੇ 27 ਸਤੰਬਰ ਨੂੰ ਦਿਨੇ ਮੁਜ਼ਾਹਰਾ ਕੀਤਾ ਜਾਵੇਗਾ ਅਤੇ ਰਾਤ ਨੂੰ ਉਘੇ ਨਾਟਕਕਾਰ ਗੁਰਸ਼ਰਨ ਭਾਅ ਜੀ ਨੂੰ ਸਮਰਪਿਤ ਰੰਗਮੰਚ ਦਿਹਾੜਾ ਮਨਾਇਆ ਜਾਵੇਗਾ।28 ਸਤੰਬਰ ਨੂੰ ਸ਼ਹੀਦ ਏ ਆਜ਼ਮ ਸਰਦਾਰ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਜਾਵੇਗਾ।
ਸਟੇਜ਼ ਦੀ ਕਾਰਵਾਈ ਜ਼ਿਲ੍ਹਾ ਪ੍ਰਧਾਨ ਮੋਗਾ ਅਮਰਜੀਤ ਸਿੰਘ ਸੈਦੋਕੇ ਨੇ ਬਾਖੂਬੀ ਨਿਭਾਈ ਅਤੇ ਮਾਸਟਰ ਮਲਕੀਤ ਸਿੰਘ ਗੱਗੜ, ਗਰਮੀਤ ਸਿੰਘ ਫਾਜ਼ਿਲਕਾ, ਸੁਖਚੈਨ ਸਿੰਘ ਚੱਠਾ, ਨਾਹਰ ਸਿੰਘ ਗੁੰਮਟੀ, ਗੁਰਬਾਜ਼ ਸਿੰਘ ਲੌਂਗੋਵਾਲ ਤੇ ਭੋਲਾ ਸਿੰਘ ਮਾਨਸਾ ਨੇ ਵੀ ਸਟੇਜ਼ ਤੋਂ ਸੰਬੋਧਨ ਕੀਤਾ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਲੋਂ ਡਾ. ਅੰਬੇਦਕਰ ਜਯੰਤੀ ਸੰਬੰਧੀ ਸਮਾਗਮ 15 ਅਪ੍ਰੈਲ ਨੂੰ
ਅੰਮ੍ਰਿਤਸਰ, 14 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਡਾ. ਬੀ.ਆਰ ਅੰਬੇਦਕਰ …
Punjab Post Daily Online Newspaper & Print Media