ਭਗਤ ਸਿੰਘ ਦਾ ਮਨਾਇਆ ਜਨਮ ਦਿਹਾੜਾ, ਕੱਲ ਚੰਡੀਗੜ੍ਹ ਵਿਖੇ ਪੰਜਾਬ ਸਰਕਾਰ ਨਾਲ ਹੋਵੇਗੀ ਮੀਟਿੰਗ
ਅੰਮ੍ਰਿਤਸਰ, 28 ਸਤੰਬਰ (ਸੁਖਬੀਰ ਸਿੰਘ) – ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ, ਸੂਬਾ ਦਫ਼ਤਰ ਸਕੱਤਰ
ਗੁਰਬਚਨ ਸਿੰਘ ਚੱਬਾ ਤੇ ਰਣਜੀਤ ਸਿੰਘ ਕਲੇਰਬਾਲਾ ਦੀ ਅਗਵਾਈ ਹੇਠ ਅੱਜ ਡੀ.ਸੀ ਦਫ਼ਤਰ ਅੰਮ੍ਰਿਤਸਰ ਵਿਖੇ ਹਜ਼ਾਰਾਂ ਬੀਬੀਆਂ, ਕਿਸਾਨਾਂ, ਮਜ਼ਦੂਰਾਂ ਦਾ ਵਿਸ਼ਾਲ ਇਕੱਠ ਕਰਕੇ ਪੱਕਾ ਮੋਰਚਾ ਸ਼ੁਰੂ ਕੀਤਾ ਗਿਆ।ਮੋਰਚੇ ਵਿੱਚ ਹਜ਼ਾਰਾਂ ਕਿਸਾਨਾਂ ਮਜਦੂਰਾਂ, ਨੌਜਵਾਨਾਂ ਵਲੋਂ ਸ਼ਹੀਦ ਏ ਆਜ਼ਮ ਭਗਤ ਸਿੰਘ ਦਾ ਜਨਮ ਦਿਹਾੜਾ ਮਨਾਇਆ ਗਿਆ ਤੇ ਉਨ੍ਹਾਂ ਦੇ ਸੁਪਨਿਆਂ ਨੂੰ ਪੂਰਾ ਕਰਨ ਲਈ ਸਾਮਰਾਜ ਖਿਲਾਫ ਇਸ ਘੋਲ ਨੂੰ ਹੋਰ ਤੇਜ਼ ਕਰਨ ਦਾ ਅਹਿਦ ਲਿਆ।
ਪੰਜਾਬ ਸਰਕਾਰ ਵਲੋਂ ਜਾਰੀ ਚਿੱਠੀ ਅਨੁਸਾਰ ਕੱਲ 2 ਵਜੇ ਉਪ ਮੁੱਖ ਮੰਤਰੀ ਵਲੋਂ ਜਥੇਬੰਦੀ ਦੇ ਆਗੂਆਂ ਨਾਲ ਚੰਡੀਗੜ੍ਹ ਵਿਖੇ ਮੀਟਿੰਗ ਹੋਵੇਗੀ।ਜਿਲ੍ਹਾ ਪ੍ਰਧਾਨ ਲਖਵਿੰਦਰ ਸਿੰਘ ਵਰਿਆਮ, ਜਰਮਨਜੀਤ ਸਿੰਘ ਬੰਡਾਲਾ, ਰੁਪਿੰਦਰ ਕੌਰ ਅਬਦਾਲ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੋਰਚਾ ਏ.ਪੀ.ਐਮ.ਸੀ ਐਕਟ ਵਿੱਚ ਕੀਤੀਆਂ ਸੋਧਾਂ ਵਾਪਸ ਕਰਾਉਣ, ਕਿਸਾਨਾਂ ਮਜਦੂਰਾਂ ਦਾ ਸਮੁੱਚਾ ਕਰਜ਼ਾ ਖਤਮ ਕਰਨ,ਗੰਨੇ ਦਾ ਬਕਾਇਆ ਤੁਰੰਤ ਜਾਰੀ ਕਰਨ,ਝੋਨੇ ਦੀ ਖਰੀਦ ‘ਤੇ ਲਾਈਆਂ ਸ਼ਰਤਾਂ ਖਤਮ ਕਰਨ, ਮਜ਼ਦੂਰਾਂ ਦੇ ਬਿੱਲ ਬਕਾਏ ਖਤਮ ਕਰਨ, ਬਿਜਲੀ ਸਮਝੌਤੇ ਰੱਦ ਕਰਕੇ ਘਰੇਲੂ ਖੱਪਤਕਾਰਾਂ ਨੂੰ ਸਸਤੀ ਬਿਜਲੀ ਦੇਣ, ਤਾਰ ਪਾਰਲੀਆਂ ਜ਼ਮੀਨਾਂ ਦਾ ਪਿੱਛਲਾ 4 ਸਾਲ ਦਾ ਮੁਆਵਜ਼ਾ ਤੁਰੰਤ ਜਾਰੀ ਕਰਨ, ਪਰਾਲੀ ਨੂੰ ਜ਼ਮੀਨ ਹੇਠ ਗਾਲਣ ਲਈ ਠੋਸ ਹੱਲ ਕਰਨ ਜਾਂ ਪ੍ਰਤੀ ਏਕੜ 7 ਹਜ਼ਾਰ ਮੁਆਵਜ਼ਾ ਦੇਣ ਆਦਿ ਮੁੱਖ ਮੰਗਾਂ ਨੂੰ ਲੈ ਕੇ ਲਗਾਇਆ ਗਿਆ ਹੈ, ਜੋ ਮੰਗਾਂ ਦੇ ਹੱਲ ਤਕ ਜਾਰੀ ਰਹੇਗਾ।ਅੱਜ ਦੀ ਸਟੇਜ਼ ਬੀਬੀਆਂ ਵਲੋਂ ਚਲਾਈ ਗਈ।ਮੋਰਚੇ ਵਿਚ ਸਰਬਸੰਮਤੀ ਨਾਲ ਮਤਾ ਪਾਸ ਕਰਕੇ ਮੰਗ ਕੀਤੀ ਗਈ ਕਿ ਮਾਲਵੇ ਦੇ ਕਿਸਾਨਾਂ ਨੂੰ ਕਪਾਹ ਨਰਮੇ ’ਤੇ ਸੁੰਡੀ ਦੇ ਹੋਏ ਹਮਲੇ ਨਾਲ ਤਬਾਹ ਹੋਈ ਫਸਲ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਤੇ ਝੋਨੇ ਦੀ ਫ਼ਸਲ ਦਾ ਵੀ ਮੁਆਵਜਾ ਦਿੱਤਾ ਜਾਵੇ।ਇਤਿਹਾਸਕ ਜਲਿਆਂਵਾਲੇ ਬਾਗ ਦੇ ਪੁਰਾਤਨ ਸਰੂਪ ਨੂੰ ਬਹਾਲ ਕੀਤਾ ਜਾਵੇ।
ਇਸ ਮੌਕੇ ਸਕੱਤਰ ਸਿੰਘ ਕੋਟਲਾ, ਬਾਜ਼ ਸਿੰਘ ਸਾਰੰਗੜਾ, ਗੁਰਲਾਲ ਸਿੰਘ ਮਾਨ, ਡਾ: ਕੰਵਰ ਦਲੀਪ ਸਿੰਘ, ਗੁਰਮੀਤ ਕੌਰ ਬੱਗਾ, ਹਰਭਜਨ ਕੌਰ ਤਰਸਿੱਕਾ, ਅਮਨਦੀਪ ਕੌਰ ਛੇਹਰਟਾ, ਰਣਜੀਤ ਕੌਰ ਭੀਲੋਵਾਲ, ਸਰਬਜੀਤ ਕੌਰ ਭੰਗਾਲੀ, ਰੁਪਿੰਦਰ ਕੌਰ ਰਸੂਲਪੁਰ, ਰਾਜਵਿੰਦਰ ਕੌਰ ਨੇ ਵੀ ਸੰਬੋਧਨ ਕੀਤਾ।
Punjab Post Daily Online Newspaper & Print Media