Tuesday, March 17, 2026

ਵਿਦਿਆਰਥੀਆਂ ਦੇ ਬਿਹਤਰ ਭਵਿੱਖ ਲਈ ਵਿਦੇਸ਼ਾਂ ਦੀਆਂ ਵਿਦਿਅਕ ਸੰਸਥਾਵਾਂ ਨਾਲ ਕਰਾਂਗੇ ਰਾਬਤਾ – ਬੀਬੀ ਜਗੀਰ ਕੌਰ

ਸ਼੍ਰੋਮਣੀ ਕਮੇਟੀ ਦੀ ਐਜੂਕੇਸ਼ਨ ਕਮੇਟੀ ਨੇ ਬੈਠਕ ਦੌਰਾਨ ਲਏ ਅਹਿਮ ਫੈਸਲੇ

ਅੰਮ੍ਰਿਤਸਰ, 30 ਸਤੰਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਏ ਜਾ ਰਹੇ ਵਿਦਿਅਕ ਅਦਾਰਿਆਂ ਦੇ ਪ੍ਰਬੰਧਕੀ ਅਤੇ ਅਕਾਦਮਿਕ ਕਾਰਜ਼ਾਂ ਨੂੰ ਵਿਚਾਰਨ ਲਈ ਅੱਜ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਦੀ ਪ੍ਰਧਾਨਗੀ ਹੇਠ ਐਜੂਕੇਸ਼ਨ ਕਮੇਟੀ ਦੀ ਬੈਠਕ ਹੋਈ।ਜਿਸ ਵਿਚ ਫੈਸਲਾ ਕੀਤਾ ਗਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਾਲੇ ਸਾਰੇ ਸਕੂਲਾਂ ਕਾਲਜ਼ਾਂ ਵਿਚ ਲਾਇਬ੍ਰੇਰੀਆਂ ਨੂੰ ਸਮੇਂ ਦਾ ਹਾਣੀ ਬਣਾਉਣ ਦੇ ਨਾਲ-ਨਾਲ ਵਿਦਿਆਰਥੀਆਂ ਦੇ ਰੁਜ਼ਗਾਰ ਲਈ ਵੱਖ-ਵੱਖ ਕੰਪਨੀਆਂ ਨਾਲ ਗੱਲਬਾਤ ਕੀਤੀ ਜਾਵੇਗੀ। ਮੀਟਿੰਗ ਉਪਰੰਤ ਬੀਬੀ ਜਗੀਰ ਕੌਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਸਿੱਖੀ ਪ੍ਰਚਾਰ ਦੇ ਨਾਲ-ਨਾਲ ਵਿਦਿਆ ਦੇ ਪ੍ਰਸਾਰ ਵਿੱਚ ਵੀ ਲੰਮੇ ਅਰਸੇ ਤੋਂ ਵੱਡੀ ਭੂਮਿਕਾ ਨਿਭਾਅ ਰਹੀ ਹੈ। ਸ਼੍ਰੋਮਣੀ ਕਮੇਟੀ ਦੇ ਸਕੂਲਾਂ ਕਾਲਜ਼ਾਂ ਨੇ ਹਮੇਸ਼ਾਂ ਵੱਡੀਆਂ ਪ੍ਰਾਪਤੀਆਂ ਕੀਤੀਆਂ ਹਨ ਅਤੇ ਵਿਦਿਆਰਥੀਆਂ ਦੇ ਬਿਹਤਰ ਭਵਿੱਖ ਦੀ ਘਾੜਤ ਲਈ ਕਾਰਜ ਕੀਤੇ ਹਨ।ਉਨ੍ਹਾਂ ਕਿਹਾ ਕਿ ਮੌਜ਼ੂਦਾ ਸਮੇਂ ਵਿਦੇਸ਼ਾਂ ਵਿੱਚ ਪੜ੍ਹਨ ਦੇ ਰੁਝਾਨ ਨੂੰ ਵੇਖਦਿਆਂ ਵਿਦੇਸ਼ਾਂ ਦੇ ਕਾਲਜਾਂ ਤੇ ਯੂਨੀਵਰਸਿਟੀਆਂ ਨਾਲ ਰਾਬਤਾ ਕਰਕੇ ਉਚ ਵਿਦਿਆ ਲਈ ਵਿਦਿਆਰਥੀਆਂ ਨੂੰ ਵਿਦੇਸ਼ ਪੜ੍ਹਨ ਦੇ ਮੌਕੇ ਮੁਹੱਈਆ ਕਰਵਾਏ ਜਾਣਗੇ।ਇਸ ਦੇ ਨਾਲ ਹੀ ਬਾਹਰ ਦੇ ਵਿਦਿਆਰਥੀ ਵੀ ਸ਼੍ਰੋਮਣੀ ਕਮੇਟੀ ਦੇ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਸਿੱਖਿਆ ਪ੍ਰਾਪਤ ਕਰਨ ਲਈ ਆ ਸਕਣਗੇ।ਇਸ ਦਾ ਮੰਤਵ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਨਾਲ ਜੋੜਨਾ ਹੈ ਅਤੇ ਆਪਣੇ ਖੇਤਰ ਵਿਚ ਮਾਹਿਰ ਬਣਾ ਕੇ ਰੋਜ਼ਗਾਰ ਦੇ ਯੋਗ ਬਣਾਉਣਾ ਹੈ।ਵਿਦਿਆਰਥੀਆਂ ਦੇ ਰੁਜ਼ਗਾਰ ਲਈ ਸ਼੍ਰੋਮਣੀ ਕਮੇਟੀ ਵੱਖ-ਵੱਖ ਖੇਤਰਾਂ ਵਿੱਚ ਕੰਮ ਕਰਦੀਆਂ ਕੰਪਨੀਆਂ ਨਾਲ ਰਾਬਤਾ ਕਾਇਮ ਕਰੇਗੀ।ਉਨ੍ਹਾਂ ਕਿਹਾ ਕਿ ਹਰ ਵਿਦਿਅਕ ਅਦਾਰੇ ਨੂੰ ਆਦੇਸ਼ ਦਿੱਤੇ ਗਏ ਹਨ ਕਿ ਰੋਜ਼ਾਨਾ ਧਾਰਮਿਕ ਕਲਾਸ ਦੇ ਨਾਲ-ਨਾਲ ਹਫ਼ਤਾਵਾਰੀ ਅਤੇ ਮਹੀਨਾਵਾਰੀ ਸਮਾਗਮਾਂ ਦਾ ਆਯੋਜਨ ਕੀਤਾ ਜਾਵੇ, ਤਾਂ ਜੋ ਧਾਰਮਿਕ ਪੇਸ਼ਕਾਰੀਆਂ ਦੁਆਰਾ ਵਿਦਿਆਰਥੀ ਸਿੱਖੀ ਨਾਲ ਜੁੜ ਸਕਣ।ਐਜੂਕੇਸ਼ਨ ਕਮੇਟੀ ਦੀ ਬੈਠਕ ਦੌਰਾਨ ਵਿਦਿਅਕ ਅਦਾਰਿਆਂ ਦੇ ਮਸਲਿਆਂ ਦਾ ਸਰਲੀਕਰਣ ਵੀ ਕੀਤਾ ਗਿਆ ਅਤੇ ਹੋਣ ਵਾਲੇ ਕਾਰਜਾਂ ਨੂੰ ਪ੍ਰਵਾਨਗੀ ਦਿੱਤੀ ਗਈ।
                 ਬੈਠਕ ਦੌਰਾਨ ਸ਼੍ਰੋਮਣੀ ਕਮੇਟੀ ਦੇ ਸੀਨੀਅਰ ਮੀਤ ਪ੍ਰਧਾਨ ਸੁਰਜੀਤ ਸਿੰਘ ਭਿੱਟੇਵੱਡ, ਵਧੀਕ ਸਕੱਤਰ ਸੁਖਮਿੰਦਰ ਸਿੰਘ, ਮੀਤ ਸਕੱਤਰ ਬਲਵਿੰਦਰ ਸਿੰਘ ਕਾਹਲਵਾਂ, ਮੁੱਖ ਸਕੱਤਰ ਦੇ ਓ.ਐਸ.ਡੀ ਸਤਬੀਰ ਸਿੰਘ ਧਾਮੀ, ਸਹਾਇਕ ਡਾਇਰੈਕਟਰ ਵਿਦਿਆ ਪ੍ਰਿੰਸੀਪਲ ਸਤਵੰਤ ਕੌਰ, ਮਲਕੀਤ ਸਿੰਘ ਬਹਿੜਵਾਲ, ਇੰਚਾਰਜ ਵਿਦਿਆ ਕਾਰਜ਼ ਸਿੰਘ ਆਦਿ ਮੌਜੂਦ ਸਨ।

Check Also

ਖ਼ਾਲਸਾ ਕਾਲਜ ਵਿਖੇ ‘ਪੰਜਾਬ ਅਰਥਵਿਵਸਥਾ ਦਾ ਵਾਤਾਵਰਣ ਪੁਨਰ-ਸਥਿਤੀ’ ਵਿਸ਼ੇ ’ਤੇ ਵਿਸ਼ੇਸ਼ ਭਾਸ਼ਣ

ਅੰਮ੍ਰਿਤਸਰ, 17 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਦੇ ਅਰਥ ਸ਼ਾਸਤਰ ਅਤੇ ਖੇਤੀਬਾੜੀ ਵਿਭਾਗ …