Thursday, April 16, 2026

ਰਜਿੰਦਰ ਮੋਹਨ ਸਿੰਘ ਛੀਨਾ ਸਰਵਸੰਮਤੀ ਨਾਲ ਚੁਣੇ ਗਏ ‘ਕਾਲਜ਼ਿਜ਼ ਮੈਨੇਜ਼ਮੈਂਟ ਫ਼ੈਡਰੇਸ਼ਨ’ ਦੇ ਪ੍ਰਧਾਨ

ਲੁਧਿਆਣਾ, 6 ਅਕਤੂਬਰ (ਖੁਰਮਣੀਆਂ) – ਇਤਿਹਾਸਕ ਖਾਲਸਾ ਕਾਲਜ ਗਵਰਨਿੰਗ ਕੌਂਸਲ ਦੇ ਆਨਰੇਰੀ ਸਕੱਤਰ ਅਤੇ ਵਿਦਿਅਕ ਮੈਨੇਜ਼ਮੈਂਟ ਮਾਹਿਰ ਰਜਿੰਦਰ ਮੋਹਨ ਸਿੰਘ ਛੀਨਾ ਨੂੰ ਇਥੇ ਗੁਰੂ ਨਾਨਕ ਖਾਲਸਾ ਕਾਲਜ ਫ਼ਾਰ ਵੂਮੈਨ ਵਿਖੇ ਹੋਈ ਆਮ ਜਨਰਲ ਇਜਲਾਸ ਮੀਟਿੰਗ ਦੌਰਾਨ ਸਰਵਸੰਮਤੀ ਨਾਲ ਗੈਰ-ਸਰਕਾਰੀ ਕਾਲਜ਼ਿਜ਼ ਮੈਨੇਜ਼ਮੈਂਟ ਫੈਡਰੇਸ਼ਨ ਪੰਜਾਬ ਅਤੇ ਚੰਡੀਗੜ੍ਹ ਦਾ ਪ੍ਰਧਾਨ ਚੁਣਿਆ ਗਿਆ।ਮੌਜੂਦਾ ਪ੍ਰਧਾਨ ਐਸ.ਸੀ ਸੁਨਵਾਲਿਕਾ ਨੂੰ ਮੀਟਿੰਗ ਦੌਰਾਨ ਨਿੱਘੀ ਵਿਦਾਇਗੀ ਦਿੰਦਿਆਂ ਫੈਡਰੇਸ਼ਨ ਨੇ ਉਨ੍ਹਾਂ ਦੀਆਂ ਨਿਭਾਈਆਂ ਸ਼ਾਨਦਾਰ ਸੇਵਾਵਾਂ ਨੂੰ ਯਾਦ ਕੀਤਾ।
                ਰਮੇਸ਼ ਕੌੜਾ ਨੂੰ ਸੀਨੀਅਰ ਮੀਤ ਪ੍ਰਧਾਨ ਅਤੇ ਐਸ.ਐਮ ਸ਼ਰਮਾ ਨੂੰ ਪੰਜਾਬ ਅਤੇ ਚੰਡੀਗੜ੍ਹ ਦੇ 142 ਸਹਾਇਤਾ ਪ੍ਰਾਪਤ ਕਾਲਜਾਂ ਦੀ ਨੁਮਾਇੰਦਗੀ ਕਰਨ ਵਾਲੀ ਸੰਸਥਾ ਦਾ ਜਨਰਲ ਸਕੱਤਰ ਚੁਣਿਆ ਗਿਆ।ਛੀਨਾ ਨੇ ਆਪਣੇ ਪ੍ਰਧਾਨਗੀ ਭਾਸ਼ਣ ’ਚ ਉਨ੍ਹਾਂ ਕਾਲਜਾਂ ਦੇ ਹਿੱਤਾਂ ਲਈ ਲੜਨ ਦਾ ਪ੍ਰਣ ਲਿਆ ਜਿਨ੍ਹਾਂ ਨੂੰ ਸੂਬੇ ਦੇ ਉਚ ਸਿੱਖਿਆ ਵਿਭਾਗ, ਡੀ.ਪੀ.ਆਈ ਅਤੇ ਪੰਜਾਬ ਸਰਕਾਰ ਦੀਆਂ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
            ਮੈਂਬਰਾਂ ਦੀ ਮਜ਼ਬੂਤ ਏਕਤਾ ਦੀ ਵਕਾਲਤ ਕਰਦਿਆਂ ਛੀਨਾ ਨੇ ਕਿਹਾ ਕਿ ਰਾਜ ਸਰਕਾਰ ਨੇ ਬੀਤੇ ਦਿਨੀਂ ਮੈਨੇਜਮੈਂਟ ਕਮੇਟੀਆਂ ’ਚ ਪ੍ਰਤੀਨਿਧ ਭੇਜਣ, ਗਰਾਂਟਾਂ ਦਾ ਭੁਗਤਾਨ ਨਾ ਕਰਨ, ਸਾਂਝਾ ਦਾਖਲਾ ਪੋਰਟਲ, ਐਸ.ਸੀ ਸਕਾਲਰਸ਼ਿਪ ਅਤੇ ਆਡਿਟ ਕਰਨ ਸਬੰਧੀ ਕਈ ਹੁਕਮ ਜਾਰੀ ਕੀਤੇ ਹਨ, ਜੋ ਕਿ ਕਾਲਜਾਂ ਦੀ ਖੁਦਮੁਖਤਿਆਰੀ ’ਤੇ ਸਿੱਧਾ ਹਮਲਾ ਹੈ।ਸਿੱਖਿਆ ਵਿਭਾਗ ਅਤੇ ਡੀ.ਪੀ.ਆਈ ਵਲੋਂ ਕਾਲਜਾਂ ਦੇ ਕੰਮਕਾਜ਼ ’ਚ ਵੱਡੇ ਪੱਧਰ ’ਤੇ ਦਖਲਅੰਦਾਜ਼ੀ ਦੀ ਆਲੋਚਨਾ ਕਰਦਿਆਂ ਕਿਹਾ ਕਿ ਮੰਤਰੀ ਪ੍ਰਗਟ ਸਿੰਘ ਨੂੰ ਫੈਡਰੇਸ਼ਨ ਵਲੋਂ ਇਕ ਡੈਪੂਟੇਸ਼ਨ ਲੈ ਕੇ ਮਿਲਿਆ ਜਾਵੇਗਾ।
             ਫ਼ੈਡਰੇਸ਼ਨ ਵਲੋਂ ਸੂਬਾ ਸਰਕਾਰ ਦੇ ਕਾਲਜ ਮੈਨੇਜ਼ਮੈਂਟ ਵਿਰੋਧੀ ਫੈਸਲਿਆਂ ਨੂੰ ਲਾਗੂ ਕਰਨ ਸਬੰਧੀ ਵੀ ਨਿਖੇਧੀ ਕੀਤੀ ਗਈ। ਜਿਸ ਵਿੱਚ ਪੰਜਾਬ ਦੀਆਂ 3 ਯੂਨੀਵਰਸਿਟੀਆਂ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮਿ੍ਰਤਸਰ ਅਧੀਨ ਆਉਦੇ ਕਾਲਜਾਂ ਦੀ ਖੁਦਮੁਖਤਿਆਰੀ ਨੂੰ ਢਾਹ ਲਗਾਈ ਜਾ ਰਹੀ ਹੈ।ਸਾਰਿਆਂ ਨੇ ਇਕਜੁੱਟ ਹੋ ਕੇ ਕਿਹਾ ਕਿ ਸਰਕਾਰ ਨੂੰ ਇਹ ਫੈਸਲੇ ਵਾਪਸ ਲੈਣੇ ਚਾਹੀਦੇ ਹਨ ਕਿਉਕਿ ਕੋਵਿਡ-19 ਕਾਰਨ ਸਿੱਖਿਆ ਪ੍ਰਣਾਲੀ ਪਹਿਲਾਂ ਹੀ ਨਾਜ਼ੁਕ ਦੌਰ ’ਚੋਂ ਲੰਘ ਰਹੀ ਹੈ।ਅਜਿਹੇ ਕਦਮ ਵਿਦਿਆਰਥੀਆਂ ਦੇ ਭਵਿੱਖ ਲਈ ਖਤਰਨਾਕ ਸਾਬਤ ਹੋਣਗੇ।
ਇਸੇ ਦੌਰਾਨ ਰਾਕੇਸ਼ ਧੀਰ ਨੂੰ ਵਿੱਤ ਸਕੱਤਰ ਚੁਣਿਆ ਗਿਆ ਅਤੇ ਨਵਨਿਯੁੱਕਤ ਪ੍ਰਧਾਨ ਛੀਨਾ ਨੂੰ ਆਉਣ ਵਾਲੇ ਦਿਨਾਂ ’ਚ ਹੋਰਨਾਂ ਅਹੁੱਦੇਦਾਰਾਂ ਅਤੇ ਕਾਰਜ਼ਕਾਰੀ ਸੰਸਥਾ ਦੀ ਚੋਣ ਕਰਨ ਦੇ ਅਧਿਕਾਰ ਦਿੱਤੇ ਗਏ।

Check Also

ਕਮਿਸ਼ਨਰ ਸ਼ੇਰਗਿੱਲ ਨੇ ਭਗਤਾਂਵਾਲਾ ਡੰਪ ਸਾਈਟ ਦੀ ਪ੍ਰਗਤੀ ਦਾ ਲਿਆ ਜਾਇਜ਼ਾ

ਅੰਮ੍ਰਿਤਸਰ, 15 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ ਭਗਤਾਵਾਲਾ …