Monday, June 2, 2025
Breaking News

ਖ਼ਾਲਸਾ ਕਾਲਜ ਵਿਖੇ ਸ਼ਾਹ ਮੁਹੰਮਦ ਦੇ ਜੰਗਨਾਮਾ ‘ਜੰਗ ਹਿੰਦ ਪੰਜਾਬ ਦਾ’ ‘ਤੇ ਗੋਸ਼ਟੀ

ਸ਼ਾਹ ਮੁਹੰਮਦ ਵੇਲੇ ਦਾ ਪੰਜਾਬ ਦਾ ਦੁਖਾਂਤ ਅੱਜ ਵੀ ਸਾਰਥਕ – ਜਸਵੰਤ ਕੰਵਲ

PPN1311201411

ਅੰਮ੍ਰਿਤਸਰ, 12 ਨਵੰਬਰ (ਪ੍ਰੀਤਮ ਸਿੰਘ) – ਇਤਿਹਾਸਕ ਖ਼ਾਲਸਾ ਕਾਲਜ ਵਿਖੇ ਅੱਜ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ਾਹ ਮੁਹੰਮਦ ਦੇ ਜੰਗਨਾਮਾ ‘ਜੰਗ ਹਿੰਦ-ਪੰਜਾਬ ਦੀ ਵਿਲੱਖਣਤਾ’ ਵਿਸ਼ੇ ‘ਤੇ ਉੱਚ ਪੱਧਰੀ ਗੋਸ਼ਟੀ ਦੌਰਾਨ ਅਹਿਮ ਤਕਰੀਰਾਂ ਹੋਈਆਂ। ਜਿਸ ਦੌਰਾਨ ਪੰਜਾਬੀ ਨਾਵਲ ਦੇ ਬਾਬਾ ਬੋਹੜ ਸ: ਜਸਵੰਤ ਸਿੰਘ ਕੰਵਲ ਨੇ ਸ਼ਾਹ ਮੁਹੰਮਦ ਵੇਲੇ ਦੇ ਪੰਜਾਬ ਦੇ ਦੁਖਾਂਤ ਨੂੰ ਅਜੋਕੇ ਪੰਜਾਬ ‘ਚ ਵਿਸਰਦੀ ਵਿਰਾਸਤ ਅਤੇ ਸਮਾਜ ‘ਚ ਵੱਧਦੇ ਨਿਘਾਰ ਨਾਲ ਜੋੜ ਕੇ ਦੇਖਣ ‘ਤੇ ਜ਼ੋਰ ਦਿੱਤਾ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਇਤਿਹਾਸ ‘ਤੇ ਨਜ਼ਰ ਮਾਰੀਏ ਤਾਂ ਇੱਥੇ ਹਮੇਸ਼ਾਂ ਹੀ ਚੁਣੌਤੀਆਂ ਸਮਾਜ ਨੂੰ ਦਰਪੇਸ਼ ਰਹੀਆਂ ਹਨ, ਪਰ ਅੱਜ ਦੇ ਪੰਜਾਬ ਅਤੇ ਪੰਜਾਬੀਅਤ ਨੂੰ ਖ਼ਤਰਾ ਬਾਹਰੀ ਤਾਕਤਾਂ ਤੋਂ ਨਹੀਂ, ਸਗੋਂ ਅੰਦਰੂਨੀ ਹੈ। ਉਨ੍ਹਾਂ ਨੇ ਪੰਜਾਬ ਨਾਲ ਹੁੰਦੇ ਵਿਤਕਰੇ ਨੂੰ ਜ਼ੋਰਦਾਰ ਸ਼ਬਦਾਂ ‘ਚ ਪ੍ਰਤੱਖ ਕਰਦਿਆ ਪੰਜਾਬੀਆਂ ਦੀ ਅਣਖ ਜਗਾਉਣ ਲਈ ਸਾਹਿਤਕ ਇਕੱਤਰਤਾਵਾਂ ਅਤੇ ਬੁੱਧੀਜੀਵੀਆਂ ਨੂੰ ਅਗਾਂਹ ਆਉਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਪੰਜਾਬੀ ਸਮਾਜ ‘ਚ ਨਸ਼ਿਆਂ ਦਾ ਕਹਿਰ ਅਤੇ ਘੱਟਦੀਆਂ ਕਦਰਾਂ-ਕੀਮਤਾਂ ਚਿੰਤਾ ਦਾ ਵਿਸ਼ਾ ਹੈ ਅਤੇ ਪੰਜਾਬੀ ਨੌਜਵਾਨ ਲਈ ਬਾਹਰਲੇ ਮੁਲਕਾਂ ਨੂੰ ਹੋੜਾਂ ਘੱਤਣ ਤੋਂ ਇਲਾਵਾ ਕੁਝ ਨਹੀਂ ਬਚਿਆ।
ਸ਼ਾਹ ਮੁਹੰਮਦ ਮੈਮੋਰੀਅਲ ਟਰੱਸਟ ਅਤੇ ਖ਼ਾਲਸਾ ਕਾਲਜ ਦੇ ਪੰਜਾਬੀ ਅਧਿਐਨ ਵਿਭਾਗ ਦੁਆਰਾ ਆਯੋਜਿਤ ਇਸ ਸੈਮੀਨਾਰ ਦੌਰਾਨ ਉੱਘੇ ਪੰਜਾਬੀ ਵਿਦਵਾਨ ਡਾ. ਐੱਚ. ਐੱਸ. ਭਾਟੀਆ, ਗੁਰਭਜਨ ਗਿੱਲ, ਪੱਤਰਕਾਰ ਮੇਜ਼ਰ ਸਿੰਘ ਨੇ ਵੀ ਆਪਣੇ ਵਿਚਾਰਾਂ ਪੇਸ਼ ਕੀਤੇ। ਉਨ੍ਹਾਂ ਨੇ ਸ਼ਾਹ ਮੁਹੰਮਦ ਜਿਨ੍ਹਾਂ ਦਾ ਜਨਮ ਅੰਮ੍ਰਿਤਸਰ ਦੇ ਨੇੜੇ ਪਿੰਡ ਵਡਾਲਾ ‘ਚ ਹੋਇਆ, ਨੂੰ ਪੰਜਾਬੀਅਤ ਦਾ ਰਖਵਾਲਾ ਦੱਸਦਿਆ ਉਸ ਵੱਲੋਂ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਬਾਰੇ ਲੇਖਨ ‘ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਕਿ ਸ਼ਾਹ ਮੁਹੰਮਦ ਇਕ ਬੇਬਾਕ ਲੇਖਕ ਸੀ, ਜਿਸਨੂੰ ਮਹਾਰਾਜਾ ਰਣਜੀਤ ਸਿੰਘ ਦੇ ਸ਼ਾਸ਼ਨਕਾਲ ਨੂੰ ਉੱਤਮ ਕਾਲ ਦੱਸਦਿਆ ਉਸਦੀ ਇਤਿਹਾਸ ਪੱਖੋਂ ਸਹੀ ਚਿੱਤਰਨ ਕੀਤਾ। ਗੁਰਭਜਨ ਗਿੱਲ ਨੇ ਕਿਹਾ ਕਿ ਇਹ ਬੜੇ ਦੁੱਖ ਦਾ ਗੱਲ ਸੀ ਕਿ ਮਹਾਰਾਜਾ ਰਣਜੀਤ ਸਿੰਘ ਇਕ ਵੱਡੇ ਕਦਵਾਰ ਸ਼ਾਸ਼ਕ ਹੋਣ ਦੇ ਬਾਵਜੂਦ ਵੀ ਆਪਣਾ ਉੱਤਰਾਅਧਿਕਾਰੀ ਪੰਜਾਬ ਨੂੰ ਨਾ ਦੇ ਸਕੇ।
ਪੱਤਰਕਾਰ ਸ: ਮੇਜ਼ਰ ਸਿੰਘ ਨੇ ਕਿਹਾ ਕਿ ਭਾਰਤ ਹੀ ਨਹੀਂ ਪੂਰੇ ਦੱਖਣੀ ਏਸ਼ੀਆ ਦਾ ਇਤਿਹਾਸ ਅੱਜ ਹੋਰ ਹੁੰਦਾ ਜੇਕਰ ਮਹਾਰਾਜਾ ਰਣਜੀਤ ਸਿੰਘ ਦਾ ਰਾਜਪਾਟ ਅੰਗਰੇਜ ਨਾ ਹਥਿਆਉਂਦੇ ਅਤੇ ਸਿੱਖ ਰਾਜ ਦੀਆਂ ਜੜ੍ਹਾਂ ਮਜ਼ਬੂਤ ਰਹਿੰਦੀਆਂ।
ਸੈਮੀਨਾਰ ‘ਚ ਮੁੱਖ ਮਹਿਮਾਨ ਦੇ ਤੌਰ ‘ਤੇ ਪਹੁੰਚੇ ਪੰਜਾਬੀ ਟ੍ਰਿਬਿਊਨ ਦੇ ਸੰਪਾਦਕ ਵਰਿੰਦਰ ਸਿੰਘ ਵਾਲੀਆ ਨੇ ਸ: ਕੰਵਲ ਨੂੰ ਉਨ੍ਹਾਂ ਦੁਆਰਾ ਰਚਿਤ ਰਚਨਾਵਾਂ ‘ਚ ਪੰਜਾਬੀ ਅਣਖ ਨੂੰ ਵੰਗਾਰਨ ਲਈ ਉਨ੍ਹਾਂ ਦਾ ਧੰਨਵਾਦ ਕਰਦਿਆ ਕਿਹਾ ਕਿ ਪੰਜਾਬ ਬਹੁਤ ਸਾਰੀਆਂ ਮੁਸ਼ਕਿਲਾਂ ਤੇ ਚੁਣੌਤੀਆਂ ‘ਚੋਂ ਲੰਘ ਰਿਹਾ ਹੈ, ਜਿਸਦੀ ਸਹੀ ਹਾਲਤ ਲੱਭਣ ਦੀ ਜਰੂਰਤ ਹੈ। ਉਨ੍ਹਾਂ ਕਿਹਾ ਕਿ ਸ਼ਾਹ ਮੁਹੰਮਦ ਵਰਗੇ ਮਹਾਨ ਲੇਖਕਾਂ ਦੀਆਂ ਰਚਨਾਵਾਂ ਅੱਜ ਦੇ ਸਮਾਜ ਲਈ ਸੇਧ ਦਾ ਸਾਧਨ ਹਨ। ਉਨ੍ਹਾਂ ਕਿਹਾ ਕਿ ਚਾਹੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਬਾਰੇ ਕੁਝ ਤੁਰਟੀਆਂ ਵਿਦਵਾਨਾਂ ਦੁਆਰਾ ਇਸ ਸੈਮੀਨਾਰ ‘ਚ ਉਜਾਗਰ ਕੀਤੀਆਂ ਗਈਆਂ ਹਨ, ਪਰ ਸਾਨੂੰ ਉਸ ਵੇਲੇ ਦੇ ਪੰਜਾਬ ਦੇ ਹਾਲਾਤਾਂ ‘ਤੇ ਝਾਤ ਮਾਰਨ ‘ਤੇ ਪਤਾ ਲੱਗਦਾ ਹੈ ਕਿ ਰਣਜੀਤ ਸਿੰਘ ਨੇ ਪਹਿਲਾ ਸਿੱਖ ਰਾਜ ਸਥਾਪਿਤ ਕਰਨ ਅਤੇ ਇਸ ਰਾਜ ਨੂੰ ਸੁਚੱਜੇ ਢੰਗ ਨਾਲ ਧਰਮ-ਨਿਰਪੇਖ ਤਰੀਕੇ ਨਾਲ ਲੰਬਾ ਸਮਾਂ ਚਲਾਕੇ ਭਾਰਤੀ ਉਪ ਮਹਾਂਦੀਪ ਦੇ ਇਤਿਹਾਸ ‘ਚ ਖਾਸ ਸਥਾਨ ਹਾਸਲ ਕੀਤਾ।  ਖ਼ਾਲਸਾ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਸ਼ਾਹ ਮੁਹੰਮਦ ਨੂੰ ਪੰਜਾਬੀਅਤ ਦਾ ਰਾਖਾ ਦੱਸਦਿਆ ਉਸ ਵੱਲੋਂ ਸਾਂਝੇ ਪੰਜਾਬ ਦੇ ਸੱਭਿਆਚਾਰ ਨੂੰ ਦਿੱਤੀ ਅਨੋਖੀ ਪਛਾਣ ‘ਤੇ ਝਾਤ ਪਾਈ। ਉਨ੍ਹਾਂ ਨੇ ਮੁੱਖ ਮਹਿਮਾਨ ਤੇ ਬਾਕੀ ਆਏ ਮਹਿਮਾਨਾਂ ਦਾ ਕਾਲਜ ਦੀ ਤਸਵੀਰ ਤੇ ਸਿਰੋਪਾਓ ਭੇਟ ਕਰਕੇ ਸਵਾਗਤ ਕੀਤਾ। ਇਸ ਮੌਕੇ ਸ਼ਾਹ ਮੁਹੰਮਦ ਟਰੱਸਟ ਦੇ ਪ੍ਰਧਾਨ ਮਨਜੀਤ ਸਿੰਘ ਭੋਮਾ ਅਤੇ ਭੁਪਿੰਦਰ ਸਿੰਘ ਸੰਧੂ ਨੇ ਪ੍ਰਿੰ: ਡਾ. ਮਾਹਲ ਸਿੰਘ ਦਾ ਉਕਤ ਸੈਮੀਨਾਰ ਨੂੰ ਆਯੋਜਿਤ ਕਰਨ ਲਈ ਪਾਏ ਸਹਿਯੋਗ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ। ਪੰਜਾਬੀ ਅਧਿਐਨ ਦੇ ਮੁੱਖੀ ਸ: ਸੁਖਬੀਰ ਸਿੰਘ ਨੇ ਕਿਹਾ ਕਿ ਸੈਮੀਨਾਰ ਆਯੋਜਿਤ ਕਰਨ ਦਾ ਮਨੋਰਥ ਵਿਦਿਆਰਥੀਆਂ ‘ਚ ਪੰਜਾਬੀ ਦੇ ਉੱਘੇ ਲੇਖਕਾਂ ਬਾਰੇ ਵਿਚਾਰ-ਵਟਾਂਦਰਾ ਕਰਨਾ ਅਤੇ ਪੰਜਾਬ ਮਹਾਨ ਇਤਿਹਾਸ ਬਾਰੇ ਜਾਣੂ ਕਰਵਾਉਣਾ ਸੀ।  ਇਸ ਮੌਕੇ ਪੰਜਾਬ ਅਤੇ ਪੰਜਾਬੀਅਤ ਦੇ ਅਲੰਬਰਦਾਰ ਜਸਵੰਤ ਸਿੰਘ ਕੰਵਲ ਨੂੰ ਸ਼ਾਹ ਮੁਹੰਮਦ ਐਵਾਰਡ ਨਾਲ ਸਨਮਾਨਿਤ ਕਰਨ ਤੋਂ ਇਲਾਵਾ ਪ੍ਰਸਿੱਧ ਪੱਤਰਕਾਰ ਵਰਿੰਦਰ ਸਿੰਘ ਵਾਲੀਆ ਦੀ ਨਵੀਂ ਪੁਸਤਕ ‘ਦੈਵੀ ਹਰਫ਼ਾਂ ਦੀ ਲੋਅ ‘ਚ ਅਜੋਕੇ ਸਿੱਖ ਸਰੋਕਾਰ’ ਦੀ ਘੁੰਡ ਚੁਕਾਈ ਵੀ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਾ. ਦਵਿੰਦਰ ਕੌਰ, ਡਾ. ਪਰਮਿੰਦਰ ਸਿੰਘ, ਡਾ. ਕੁਲਦੀਪ ਸਿੰਘ ਢਿੱਲੋਂ, ਅਮਰਜੀਤ ਕੌਰ ਵਾਲੀਆ, ਸਰਬਜੀਤ ਸੋਹਲ, ਡਾ. ਸੁਖਦੇਵ ਸਿੰਘ, ਡਾ. ਜਸਬੀਰ ਸਿੰਘ, ਪ੍ਰੋ: ਬਲਜਿੰਦਰ ਸਿੰਘ, ਆਤਮਜੀਤ ਸਿੰਘ ਰੰਧਾਵਾ ਆਦਿ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ।

Check Also

ਵਾਤਾਵਰਨ ਦਿਵਸ ‘ਤੇ ਮਾਪਿਆਂ ਅਤੇ ਬੱਚਿਆਂ ਨੂੰ ਵੰਡੇ ਕੱਪੜੇ ਦੇ ਬੈਗ

ਸੰਗਰੂਰ, 2 ਜੂਨ (ਜਗਸੀਰ ਲੌਂਗੋਵਾਲ) – ਜਿਲ੍ਹਾ ਸਿੱਖਿਆ ਅਫਸਰ ਸ੍ਰੀਮਤੀ ਤਰਵਿੰਦਰ ਕੌਰ ਅਤੇ ਬੀ.ਐਨ.ਓ ਵਿਪਨ …

Leave a Reply