ਸੰਗਰੂਰ, 12 ਅਕਤੂਬਰ (ਜਗਸੀਰ ਲੌਂਗੋਵਾਲ) – ਨਗਰ ਕੌਂਸਲ ਲੌਂਗੋਵਾਲ ਦੀ ਸਮੁੱਚੀ ਵਿਰੋਧੀ ਧਿਰ ਕੌਂਸਲਰ ਗੁਰਮੀਤ ਸਿੰਘ ਲੱਲੀ, ਕੌਂਸਲਰ ਸ੍ਰੀਮਤੀ ਪਰਮਿੰਦਰ
ਕੌਰ ਬਰਾੜ, ਕੌਂਸਲਰ ਰਣਜੀਤ ਸਿੰਘ ਕੁੱਕਾ, ਕੌਂਸਲਰ ਸ੍ਰੀਮਤੀ ਸੁਸ਼ਮਾ ਰਾਣੀ, ਕੌਂਸਲਰ ਬਲਵਿੰਦਰ ਸਿੰਘ ਕਾਲਾ, ਕੌਂਸਲਰ ਗੁਰਮੀਤ ਸਿੰਘ ਫੌਜੀ, ਸਮਾਜ ਸੇਵੀ ਕਰਮ ਸਿੰਘ ਬਰਾੜ ਅਤੇ ਇਲਾਕੇ ਦੇ ਪ੍ਰਸਿੱਧ ਸਮਾਜ ਸੇਵਕ ਸ਼ਿਸ਼ਨਪਾਲ ਗਰਗ ਨੇ ਲੌਂਗੋਵਾਲ ਵਿਖੇ ਮਾਤਾ ਕਾਲੀ ਦੇਵੀ ਮੰਦਰ ਤੋਂ ਪਟਵਾਰਖਾਨਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਤੋਂ ਮਿੱਠੂ ਕਵੀਸ਼ਰ ਦੀ ਗਲੀ, ਬਰਾੜ ਧਰਮਸ਼ਾਲਾ ਤੋਂ ਮੰਡੇਰਕਲਾਂ ਰੋਡ ਦੇ ਬੱਸ ਸਟੈਂਡ ਤੱਕ ਅਤੇ ਲੋਹਾਖੇੜਾ ਰੋਡ ਦੇ ਬੱਸ ਸਟੈਂਡ ਤੋਂ ਸੂਏ ਦੇ ਪੁੱਲ ਤੱਕ ਅੰਦਰੂਨੀ ਸੜਕਾਂ ਬਣਾਉਣ ਲਈ ਪੰਜਾਬ ਸਰਕਾਰ ਦੇ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਦਾ ਧੰਨਵਾਦ ਕੀਤਾ ਹੈ।
ਸਮੁੱਚੇ ਵਿਰੋਧੀ ਧਿਰ ਦੇ ਕੌਂਸਲਰਾਂ ਨੇ ਦੱਸਿਆ ਕਿ ਉਨਾਂ ਵਲੋਂ ਮਿਤੀ 23-07 2021 ਨੂੰ ਕੌਂਸਲਰ ਗੁਰਮੀਤ ਸਿੰਘ ਲੱਲੀ ਦੀ ਅਗਵਾਈ ਹੇਠ ਕੈਬਨਿਟ ਮੰਤਰੀ ਵਿਜੈਇੰਦਰ ਸਿੰਗਲਾ ਨਾਲ ਮੁਲਾਕਾਤ ਕਰਕੇ ਉਨ੍ਹਾਂ ਨੂੰ ਕਸਬੇ ਦੀਆਂ ਅੰਦਰੂਨੀ ਸੜਕਾਂ ਬਣਾਉਣ ਲਈ ਇੱਕ ਮੰਗ ਪੱਤਰ ਸੌਂਪਿਆ ਗਿਆ ਸੀ।ਜਿਸ ‘ਤੇ ਕਾਰਵਾਈ ਕਰਦੇ ਹੋਏ ਕੈਬਨਿਟ ਮੰਤਰੀ ਵਲੋਂ ਇਨ੍ਹਾਂ ਅੰਦਰੂਨੀ ਸੜਕਾਂ ਨੂੰ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ ਅਤੇ ਹੁਣ ਕਸਬੇ ‘ਚ ਇਨ੍ਹਾਂ ਸੜਕਾਂ ਦੇ ਬਣਾਉਣ ਦੀ ਸ਼ੁਰੂਆਤ ਵੀ ਹੋ ਚੁੱਕੀ ਹੈ।
ਜਦੋਂ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਮੈਡਮ ਰੀਤੂ ਰਾਣੀ ਦੇ ਪਤੀ ਅਤੇ ਸਿਟੀ ਕਾਂਗਰਸ ਪ੍ਰਧਾਨ ਵਿਜੈ ਕੁਮਾਰ ਗੋਇਲ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਨਗਰ ਕੌਂਸਲ ਲੌਂਗੋਵਾਲ ਦੇ ਪ੍ਰਧਾਨ ਵਲੋਂ ਇੱਕ ਪੱਤਰ ਕੈਬਨਿਟ ਮੰਤਰੀ ਵਿਜੇਇੰਦਰ ਸਿੰਗਲਾ ਦੇ ਨਾਮ ਲਿਖਿਆ ਗਿਆ ਸੀ ਜੋ ਉਹ ਅਤੇ ਕਸਬੇ ਦੇ ਨੌਜਵਾਨ ਕਾਂਗਰਸੀ ਆਗੂ ਬਬਲੂ ਸਿੰਗਲਾ ਕੈਬਨਿਟ ਮੰਤਰੀ ਸਿੰਗਲਾ ਨੂੰ ਖ਼ੁਦ ਸੌਂਪ ਕੇ ਆਏ ਸਨ।
ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਧਿਰ ਇਹ ਸਪੱਸ਼ਟ ਕਰੇ ਆਮ ਆਦਮੀ ਪਾਰਟੀ ਦੇ ਆਗੂ ਅਤੇ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਨੇ ਕਸਬੇ ਲਈ ਹੁਣ ਤੱਕ ਕੀ ਕੀਤਾ ਹੈ।ਹਲਕਾ ਸੁਨਾਮ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਕਿੰਨੀ ਗਰਾਂਟ ਲੌਂਗੋਵਾਲ ਲਈ ਦਿੱਤੀ ਹੈ ਅਤੇ ਕਿੰਨੇ ਵਿਕਾਸ ਕਾਰਜ਼ ਕਰਵਾਏ ਹਨ।
ਉਨ੍ਹਾਂ ਅੱਗੇ ਕਿਹਾ ਕਿ ਕਾਂਗਰਸ ਦੇ ਹਲਕਾ ਸੁਨਾਮ ਇੰਚਾਰਜ਼ ਮੈਡਮ ਦਾਮਨ ਥਿੰਦ ਬਾਜਵਾ ਦੀ ਅਗਵਾਈ ਹੇਠ ਉਹ ਕਸਬੇ ਦੇ ਸੰਪੂਰਨ ਵਿਕਾਸ ਲਈ ਵਚਨਬੱਧ ਹਨ ਅਤੇ ਲੌਂਗੋਵਾਲ ਨੂੰ ਇੱਕ ਸਮਾਰਟ ਨਗਰ ਬਣਾਉਣ ਲਈ ਦਿਨ ਰਾਤ ਮਿਹਨਤ ਕਰ ਰਹੇ ਹਾਂ ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media