Tuesday, March 10, 2026

ਪੀ.ਏ.ਯੂ ਵਲੋਂ ਪਰਾਲੀ ਦੀ ਸੰਭਾਲ ਸਬੰਧੀ ਜਿਲ੍ਹਾ ਪੱਧਰੀ ਕੈਂਪ ਦਾ ਆਯੋਜਨ

ਸੰਗਰੂਰ, 13 ਅਕਤੂਬਰ (ਜਗਸੀਰ ਲੌਂਗੋਵਾਲ) – ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵਲੋਂ ਆਪਸੀ ਸਹਿਯੋਗ ਨਾਲ ਝੋਨੇ ਦੀ ਪਰਾਲੀ ਦੀ ਸੰਭਾਲ ਅਤੇ ਹਾੜ੍ਹੀ ਦੀਆਂ ਫਸਲਾਂ ਦੇ ਸੁਚੱਜੇ ਪ੍ਰਬੰਧਨ ਅਤੇ ਬੀਜ਼ਾਂ ਬਾਰੇ ਜਾਣਕਾਰੀ ਦੇਣ ਲਈ ਪਿੰਡ ਸੁਲਤਾਨਪੁਰ ਵਿਖੇ ਜਿਲ੍ਹਾ ਪੱਧਰੀ ਕੈਂਪ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਵੱਖ-ਵੱਖ ਪਿੰਡਾਂ ਦੇ ਕਰੀਬ 175 ਕਿਸਾਨਾਂ ਨੇ ਭਾਗ ਲਿਆ।
                  ਕੈਂਪ ਨੂੰ ਸੰਬੋਧਨ ਕਰਦਿਆਂ ਡਾ. ਬੂਟਾ ਸਿੰਘ ਰੋਮਾਣਾ ਮੁਖੀ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਨੇ ਕਿਸਾਨਾਂ ਨੂੰ ਝੋਨੇ ਦੀ ਪਰਾਲੀ ਨੂੰ ਅੱਗ ਨਾ ਲਗਾ ਕੇ ਇਸ ਨੂੰ ਵੱਖ-ਵੱਖ ਢੰਗਾਂ ਨਾਲ ਖੇਤ ਵਿੱਚ ਹੀ ਸਾਂਭਣ ਦੀ ਜਾਣਕਾਰੀ ਦਿੱਤੀ।ਉਹਨਾਂ ਕਿਸਾਨਾਂ ਨੂੰ ਕਣਕ ਦੀਆਂ ਨਵੀਆਂ ਅਤੇ ਉੱਨਤ ਕਿਸਮਾਂ, ਪਰਾਲੀ ਵਿੱਚ ਬੀਜ਼ੀ ਜਾਣ ਵਾਲੀ ਕਣਕ ਵਿੱਚ ਨਦੀਨਾਂ ਦੀ ਰੋਕਥਾਮ ਬਾਰੇ ਵੀ ਦੱਸਿਆ।ਖੇਤੀ ਵੰਨ-ਸੁਵੰਨਤਾ ਲਈ ਉਨ੍ਹਾਂ ਨੇ ਗੋਭੀ ਸਰੋਂ, ਛੋਲੇ, ਸਬਜ਼ੀ ਬਗੀਚੀ ਅਤੇ ਘਰ ਦੀਆਂ ਲੋੜਾਂ ਮੁਤਾਬਿਕ ਗੰਨੇ ਦੀ ਕਾਸ਼ਤ ਕਰਨ ਬਾਰੇ ਵੀ ਦੱਸਿਆ।ਡਾ. ਮਨਦੀਪ ਸਿੰਘ ਸਹਿਯੋਗੀ ਨਿਰਦੇਸ਼ਕ (ਸਿਖਲਾਈ) ਨੇ ਦੱਸਿਆ ਕਿ ਇਸ ਵਾਰ ਕ੍ਰਿਸ਼ੀ ਵਿਗਿਆਨ ਕੇਂਦਰ ਖੇੜੀ ਅਤੇ ਫਾਰਮ ਸਲਾਹਕਾਰ ਸੇਵਾ ਕੇਂਦਰ ਸੰਗਰੂਰ ਵਲੋਂ ਸੀ.ਆਰ.ਐਮ ਸਕੀਮ ਅਧੀਨ ਝੋਨੇ ਦੀ ਪਰਾਲੀ ਦੇ ਸੁਚੱੱਜੇ ਪ੍ਰਬੰਧਨ ਲਈ ਪਿੰਡ ਸੁਲਤਾਨਪੁਰ ਦੀ ਚੋਣ ਕੀਤੀ ਗਈ ਹੈ।ਉਨਾਂ ਕਿਹਾ ਕਿ 10 ਕੁਇੰਟਲ ਪਰਾਲੀ ਨੂੰ ਸਾੜਣ ਨਾਲ 400 ਕਿੱਲੋ ਜੈਵਿਕ ਕਾਰਬਨ, 5 ਕਿਲੋ ਨਾਈਟ੍ਰੋਜਨ, 3.2 ਕਿਲੋ ਫ਼ਾਸਫੋਰਸ, 25 ਕਿਲੋ ਪੋਟਾਸ਼ ਅਤੇ 1.2 ਕਿਲੋ ਸਲਫ਼ਰ ਤੱਤਾਂ ਦਾ ਨੁਕਸਾਨ ਹੁੰਦਾ ਹੈ ਅਤੇ ਮਿੱਟੀ ਵਿੱਚਲੇ ਸੂਖਮ ਜੀਵ ਵੀ ਨਸ਼ਟ ਹੋ ਜਾਂਦੇ ਹਨ।ਡਾ. ਸੁਨੀਲ ਕੁਮਾਰ ਸਹਾਇਕ ਪ੍ਰੋਫੈਸਰ (ਖੇਤੀਬਾੜੀ ਇੰਜੀ.) ਨੇ ਕਿਸਾਨਾਂ ਨੂੰ ਪਰਾਲੀ ਦੀ ਸਾਂਭ-ਸੰਭਾਲ ਲਈ ਉਪਲਬਧ ਖੇਤੀ ਮਸ਼ੀਨਰੀ ਜਿਵੇਂ ਕਿ ਸਮਾਰਟ ਸੀਡਰ, ਸੁਪਰ ਸੀਡਰ, ਹੈਪੀ ਸੀਡਰ, ਮਲਚਰ, ਚੌਪਰ, ਪਲਟਾਊ ਹਲ ਆਦਿ ਬਾਰੇ ਜਾਣਕਾਰੀ ਦਿੱਤੀ।ਡਾ. ਅਸ਼ੋਕ ਕੁਮਾਰ ਸਹਾਇਕ ਪ੍ਰੋਫੈਸਰ (ਭੂਮੀ ਵਿਗਿਆਨ) ਨੇ ਕਿਸਾਨਾਂ ਨੂੰ ਪਰਾਲੀ ਵਿੱਚ ਬੀਜ਼ੀ ਕਣਕ ਵਿੱਚ ਖਾਦਾਂ ਦੀ ਵਰਤੋਂ ਅਤੇ ਕਣਕ ਵਿੱਚ ਜੈਵਿਕ ਤੇ ਰਸਾਇਣਿਕ ਖਾਦਾਂ ਦੀ ਵਰਤੋਂ ਬਾਰੇ ਜਾਣਕਾਰੀ ਦਿੱਤੀ।ਗਮਦੂਰ ਸਿੰਘ ਬਲਾਕ ਟੈਕਨੋਲੋਜੀ ਮੈਨੇਜਰ ਖੇਤੀਬਾੜੀ ਵਿਭਾਗ ਧੂਰੀ ਨੇ ਕਣਕ ਦੇ ਬੀਜ਼ ਅਤੇ ਖੇਤੀ ਮਸ਼ੀਨਾਂ ‘ਤੇ ਮਿਲਦੀ ਸਬਸਿਡੀ ਬਾਰੇ ਜਾਣਕਾਰੀ ਦਿੱਤੀ।ਸਰਪੰਚ ਗੁਰਦੀਪ ਸਿੰਘ ਨੇ ਵੀ ਆਪਣੇ ਵਿਚਾਰ ਰੱਖੇ।ਜਰਨੈਲ ਸਿੰਘ ਬਲਾਕ ਯੂਨੀਅਨ ਪ੍ਰਧਾਨ ਨੇ ਸਭਨਾਂ ਦਾ ਧੰਨਵਾਦ ਕੀਤਾ।ਅਗਾਂਹਵਧ ਕਿਸਾਨ ਹਰਜੀਤ ਸਿੰਘ ਜੱਗਾ, ਹਰਜੀਤ ਸਿੰਘ ਬੱਬੀ ਤੇ ਸੁਖਪਾਲ ਸਿੰਘ ਧੰਦੀਵਾਲ ਵੀ ਪ੍ਰੋਗਰਾਮ ਵਿੱਚ ਮੌਜ਼ੂਦ ਰਹੇ।
                    ਇਸ ਮੌਕੇ ਖੇਤੀ ਪ੍ਰਦਰਸ਼ਨੀ ਵੀ ਲਗਾਈ ਗਈ ਅਤੇ ਕਿਸਾਨਾਂ ਨੂੰ ਸਰੋਂ, ਛੋਲੇ, ਜਵੀ ਬੀਜ਼ਾਂ ਦੇ ਨਾਲ-ਨਾਲ ਕਣਕ ਲਈ ਜੈਵਿਕ ਖਾਦ ਦੇ ਪੈਕੇਟ, ਹਾੜ੍ਹੀ 2021-22 ਦੀਆਂ ਕਿਤਾਬਾਂ ਅਤੇ ਪਰਾਲੀ ਦੀ ਸੰਭਾਲ ਲਈ ਜਾਣਕਾਰੀ ਭਰਪੂਰ ਸਾਹਿਤ ਵੀ ਵੰਡਿਆ ਗਿਆ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …