Thursday, September 17, 2026

ਬੀ.ਐਸ.ਐਫ ਦੇ ਅਧਿਕਾਰ ਖੇਤਰ ਨੂੰ ਵਧਾਉਣਾ ਰਾਜਾਂ ਦੇ ਅਧਿਕਾਰਾਂ ਦਾ ਹਨਨ – ਗਿ. ਹਰਨਾਮ ਸਿੰਘ ਖ਼ਾਲਸਾ

ਕਿਹਾ, ਕੇਂਦਰ ਦੇ ਫ਼ੈਸਲੇ ਖਿਲਾਫ਼ ਸਮੂਹ ਰਾਜਨੀਤਿਕ ਪਾਰਟੀਆਂ ਤੇ ਜਥੇਬੰਦੀਆਂ ਇਕਜੁੱਟ ਹੋਣ

ਮਹਿਤਾ, 16 ਅਕਤੂਬਰ (ਪੰਜਾਬ ਪੋਸਟ ਬਿਊਰੋ) – ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਪ੍ਰਧਾਨ ਸੰਤ ਗਿਆਨੀ ਹਰਨਾਮ ਸਿੰਘ ਖ਼ਾਲਸਾ ਨੇ ਕੇਂਦਰ ਸਰਕਾਰ ਵੱਲੋਂ ਸਰਹੱਦਾਂ `ਤੇ ਤਾਇਨਾਤ ਬੀ.ਐਸ.ਐਫ (ਸਰਹੱਦੀ ਸੁਰੱਖਿਆ ਦਲ) ਦੇ ਅਧਿਕਾਰ ਖੇਤਰ ਨੂੰ ਵਧਾਉਣ ਦੇ ਫ਼ੈਸਲੇ ਦਾ ਸਖ਼ਤ ਵਿਰੋਧ ਜਤਾਇਆ ਹੈ ਅਤੇ ਇਸ ਨੂੰ ਰਾਜਾਂ ਦੇ ਅਧਿਕਾਰਾਂ ਦਾ ਹਨਨ ਦੱਸਦਿਆਂ ਇਸ ਫ਼ੈਸਲੇ `ਤੇ ਮੁੜ ਵਿਚਾਰ ਕਰਨ ਅਤੇ ਸਮੂਹ ਰਾਜਨੀਤਿਕ ਪਾਰਟੀਆਂ ਤੇ ਜਥੇਬੰਦੀਆਂ ਨੂੰ ਕੇਂਦਰੀ ਕਦਮ ਖਿਲਾਫ਼ ਇਕਜੁੱਟ ਹੋਣ ਦਾ ਸੱਦਾ ਦਿੱਤਾ ਹੈ।
               ਉਨ੍ਹਾਂ ਕਿਹਾ ਕਿ ਕੇਂਦਰ ਦਾ ਇਹ ਫ਼ੈਸਲਾ ਭਾਰਤੀ ਸੰਵਿਧਾਨ ਅਤੇ ਸੰਘੀ ਢਾਂਚੇ ਦੀ ਰੂਹ ਨਾਲ ਖਿਲਵਾੜ ਹੈ।ਉਨ੍ਹਾਂ ਕਿਹਾ ਕਿ ਸੰਵਿਧਾਨ ਰਾਜਾਂ ਨੂੰ ਪੁਲਿਸ ਦੁਆਰਾ ਆਪਣੇ ਖੇਤਰਾਂ ਵਿਚ ਅਮਨ-ਕਾਨੂੰਨ ਦੀ ਸਥਿਤੀ ਬਣਾਈ ਰੱਖਣ ਦਾ ਅਧਿਕਾਰ ਦਿੰਦਾ ਹੈ।ਸਰਹੱਦੀ ਸੁਰੱਖਿਆ ਬਲਾਂ ਦੀ ਜਿੰਮੇਵਾਰੀ ਅੰਤਰਰਾਸ਼ਟਰੀ ਸਰਹੱਦਾਂ ਦੀ ਰਾਖੀ ਅਤੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਲਾਈਨ ਨੂੰ ਕੱਟਣ ਦੀ ਹੋਵੇ।ਉਨ੍ਹਾਂ ਕਿਹਾ ਕਿ ਜੰਮੂ-ਕਸ਼ਮੀਰ ਅਤੇ ਪੰਜਾਬ ਦੀ ਸਥਿਤੀ ਬੜੀ ਨਾਜ਼ੁਕ ਹੈ ਕੇਂਦਰ ਨੂੰ ਇਨ੍ਹਾਂ ਸਰਹੱਦਾਂ `ਤੇ ਕਿਸੇ ਤਰਾਂ ਦਾ ਵੀ ਪ੍ਰਯੋਗ ਕਰਨ ਤੋਂ ਗੁਰੇਜ਼ ਕਰਨ ਦੀ ਲੋੜ ਹੈ।ਉਨ੍ਹਾਂ ਕਿਹਾ ਕਿ ਪੰਜਾਬ ਇਕ ਛੋਟਾ ਰਾਜ ਹੈ ਬੀ.ਐਸ.ਐਫ ਨੂੰ 50 ਕਿਲੋਮੀਟਰ ਅੰਦਰ ਤੱਕ ਅਧਿਕਾਰ ਦਿੱਤਾ ਜਾਂਦਾ ਹੈ ਤਾਂ ਇਸ ਪ੍ਰਤੀ ਪ੍ਰਦੇਸ਼ ਪੁਲਿਸ ਨਾਲ ਪੈਦਾ ਹੋਣ ਵਾਲੀ ਸਥਿਤੀ ਨਾਲ ਰਾਜ ਸਰਕਾਰ ਲਈ ਕਈ ਮੁਸ਼ਕਲਾਂ ਖੜੀਆਂ ਹੋਣਗੀਆਂ।ਉਨ੍ਹਾਂ ਕੇਂਦਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਦਖ਼ਲਅੰਦਾਜ਼ੀ ਨਾ ਕਰਨ ਅਤੇ ਰਾਜ ਸਰਕਾਰ ਦੀ ਸਲਾਹ ਲਏ ਬਿਨਾਂ ਕੋਈ ਵੀ ਇੱਕਤਰਫ਼ਾ ਫ਼ੈਸਲਾ ਨਾ ਲੈਣ ਦੀ ਸਲਾਹ ਦਿੱਤੀ।

Check Also

ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀਆਂ ਵਿਦਿਆਰਥਣਾਂ ਨੇ ਫੈਂਸਿੰਗ ਚੈਂਪੀਅਨਸ਼ਿਪ ’ਚ ਮੈਡਲ ਪ੍ਰਾਪਤ ਕੀਤੇ

ਅੰਮ੍ਰਿਤਸਰ, 16 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖਾਲਸਾ ਕਾਲਜ ਗਰਲਜ਼ …