Friday, March 27, 2026

ਲੌਂਗੋਵਾਲ ਵਿਖੇ ਇੱਕੋ ਪਰਿਵਾਰ ਦੇ 3 ਮੈਂਬਰਾਂ ਦੀ ਡੇਂਗੂ ਨਾਲ ਹੋਈ ਮੌਤ

ਸੰਗਰੂਰ, 23 ਅਕਤੂਬਰ (ਜਗਸੀਰ ਲੌਂਗੋਵਾਲ) – ਕਸਬੇ ਦੇ ਲੋਕਾਂ ਅੰਦਰ ਡੇੰਗੂ ਕਾਰਨ ਭਾਰੀ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ ਕਿਉਂਕਿ ਡੇਂਗੂ ਦੇ ਕਹਿਰ ਕਾਰਨ ਇਥੇ ਇਕੋ ਪਰਿਵਾਰ ਦੇ ਤਿੰਨ ਮੈਬਰਾਂ ਦੀਆਂ ਮੌਤਾਂ ਹੋ ਗਈਆਂ ਹਨ।ਸਥਾਨਕ ਪੱਤੀ ਦੁੱਲਟ ਦੇ ਵਸਨੀਕ ਬਜ਼ੁਰਗ ਪ੍ਰੇਮ ਸਿੰਘ ਦੀ 15 ਅਕਤੂਬਰ ਨੂੰ ਡੇਂਗੂ ਕਾਰਨ ਮੌਤ ਹੋ ਗਈ ਇਸ ਬਜ਼ੁਰਗ ਦਾ ਅਜੇ ਸਿਵਾ ਵੀ ਠੰਡਾ ਨਹੀਂ ਹੋਇਆ ਸੀ ਕਿ ਅਗਲੇ ਦਿਨ ਉਸ ਦਾ 26 ਸਾਲਾ ਪੋਤਰਾ ਗੁਰਵਿੰਦਰ ਸਿੰਘ ਡੇਂਗੂ ਕਾਰਨ ਚੱਲ ਵਸਿਆ।ਪ੍ਰੇਮ ਸਿੰਘ ਦੇ ਭੋਗ ਤੋਂ ਪਹਿਲਾਂ ਅੱਜ 22 ਅਕਤੂਬਰ ਨੂੰ ਉਸ ਦੇ ਪੁੱਤਰ ਦੀਦਾਰ ਸਿੰਘ ਦਾਰੀ ਦੀ ਵੀ ਮੌਤ ਹੋ ਗਈ ਹੈ।ਇਸ ਪਰਿਵਾਰ ਦੇ ਬਾਕੀ ਮੈਂਬਰਾਂ ਸਮੇਤ ਦੁੱਲਟ ਪੱਤੀ ਇਲਾਕੇ ਦੇ ਦਰਜ਼ਨਾਂ ਮਰੀਜ਼ ਹੋਰ ਵੀ ਡੇਂਗੂ ਤੋਂ ਪੀੜਤ ਦੱਸੇ ਜਾ ਰਹੇ ਹਨ।ਪੱਤਰਕਾਰਾਂ ਦੀ ਟੀਮ ਵਲੋਂ ਅੱਜ ਕਸਬੇ ਦਾ ਦੌਰਾ ਕਰਨ ‘ਤੇ ਪਤਾ ਲੱਗਾ ਕਿ ਦੁੱਲਟ ਪੱਤੀ, ਜੈਦ ਪੱਤੀ, ਵੱਡਾ ਵਿਹੜਾ ਤੇ ਰੰਧਾਵਾ ਪੱਤੀ ਸਮੇਤ ਲੌਂਗੋਵਾਲ ਦਾ ਜ਼ਿਆਦਾਤਰ ਇਲਾਕਾ ਡੇਂਗੂ ਦੇ ਪ੍ਰਭਾਵ ਹੇਠ ਹੈ।

ਐਸ.ਡੀ.ਐਮ ਅਤੇ ਐਸ.ਐਮ.ਓ ਨੇ ਲਿਆ ਜਾਇਜ਼ਾ
ਐਸ.ਡੀ.ਐਮ ਸੰਗਰੂਰ ਅਮਰਿੰਦਰ ਸਿੰਘ ਟਿਵਾਣਾ ਅਤੇ ਐਸ.ਐਮ.ਓ ਲੌਂਗੋਵਾਲ ਡਾ. ਅੰਜ਼ੂ ਸਿੰਗਲਾ ਨੇ ਪ੍ਰਭਾਵਿਤ ਪਰਿਵਾਰ ਨੂੰ ਮਿਲ ਕੇ ਸਥਿਤੀ ਦਾ ਜਾਇਜ਼ਾ ਲਿਆ।ਜਦੋਂ ਐਸ.ਐਮ.ਓ ਲੌਂਗੋਵਾਲ ਡਾ. ਅੰਜ਼ੂ ਸਿੰਗਲਾ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਕਤ ਮਰੀਜ਼ਾਂ ਵਿਚੋਂ ਕੋਈ ਵੀ ਜਾਂਚ ਕਰਵਾਉਣ ਲਈ ਭਾਵੇ ਸਰਕਾਰੀ ਹਸਪਤਾਲ ਵਿੱਚ ਨਹੀਂ ਆਇਆ।ਪਰ ਉਹ ਇਸ ਮਾਮਲੇ ਨੂੰ ਪੂਰੀ ਗੰਭੀਰਤਾ ਨਾਲ ਲੈ ਰਹੇ ਹਨ ਅਤੇ ਇਸ ਸੰਬੰਧੀ ਟੀਮਾਂ ਦਾ ਗਠਨ ਕਰ ਦਿੱਤਾ ਗਿਆ ਹੈ ਅਤੇ ਅੱਜ 26 ਸੈੰਂਪਲ ਲੈ ਗਏ ਹਨ ਅਤੇ ਕੱਲ ਪ੍ਰਭਾਵਿਤ ਖੇਤਰਾਂ ਵਿਚੋਂ ਡੇਂਗੂ ਦੇ ਹੋਰ ਮਰੀਜ਼ਾਂ ਦੇ ਸੈਂਪਲ ਵੀ ਲਏ ਜਾਣਗੇ।ਉਨ੍ਹਾਂ ਕਿਹਾ ਕਿ ਪਿਛਲੇ ਦਿਨੀਂ ਸਲਾਈਟ ਵਿਚੋਂ ਕੁੱਝ ਮਾਮਲੇ ਸਾਹਮਣੇ ਆਏ ਸਨ ਜੋ ਕਿ ਪੂਰੀ ਤਰ੍ਹਾਂ ਰਿਕਵਰ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਤੋਂ ਬਚਾਅ ਲਈ ਗਮਲਿਆਂ, ਕੂਲਰਾਂ ਅਤੇ ਹੋਰਨਾਂ ਥਾਵਾਂ ਤੇ ਪਾਣੀ ਜਮ੍ਹਾਂ ਨਾ ਹੋਣ ਦੇਣ। ਡੇਂਗੂ ਦੇ ਲੱਛਣ ਸਾਹਮਣੇ ਆਉਣ ਤੇ ਤੁਰੰਤ ਹਸਪਤਾਲ ਵਿਚ ਜਾਂਚ ਕਰਵਾਉਣ।ਐਸ.ਐਮ.ਓ ਨੇ ਕਿਹਾ ਕਿ ਤੇਜ਼ ਬੁਖਾਰ ਅਸਹਿਣਯੋਗ ਦਰਦ, ਸਰੀਰ ‘ਤੇ ਧੱਫੜ ਅਤੇ ਉਲਟੀਆਂ ਆਦਿ ਲੱਗਣ ‘ਤੇ ਤੁਰੰਤ ਜਾਂਚ ਦੀ ਜ਼ਰੂਰਤ ਹੈ।
             ਇਸ ਸਬੰਧੀ ਨਗਰ ਕੌਂਸਲ ਪ੍ਰਧਾਨ ਰੀਤੂ ਗੋਇਲ ਅਤੇ ਉਨ੍ਹਾਂ ਦੇ ਪਤੀ ਵਿਜੇ ਕੁਮਾਰ ਗੋਇਲ ਨੇ ਕਿਹਾ ਕਿ ਕਿਹਾ ਕੇ ਕਸਬੇ ਵਿੱਚ ਸਫ਼ਾਈ ਦੇ ਪ੍ਰਬੰਧ ਪਹਿਲਾਂ ਹੀ ਪੁਖ਼ਤਾ ਕੀਤੇ ਜਾ ਰਹੇ ਹਨ ਅਤੇ ਫੌਗਿੰਗ ਵੀ ਕਈ ਇਲਾਕਿਆਂ ਵਿਚ ਕੀਤੀ ਗਈ ਹੈ ਅਤੇ ਪ੍ਰਭਾਵਿਤ ਖੇਤਰਾਂ ਵਿੱਚ ਹੋਰ ਫੌਗਿੰਗ ਕਰਵਾਈ ਜਾ ਰਹੀ ਹੈ।

Check Also

ਸ਼ਹਿਰ ਦੇ ਸਾਰੇ ਪਾਰਕਾਂ ਨੂੰ ਆਧੁਨਿਕ ਤਕਨੀਕਾਂ ਨਾਲ ਵਿਕਸਿਤ ਕੀਤਾ ਜਾ ਰਿਹਾ ਹੈ- ਮੇਅਰ

ਅੰਮ੍ਰਿਤਸਰ, 26 ਮਾਰਚ (ਜਗਦੀਪ ਸਿੰਘ) – ਮੇਅਰ ਜਤਿੰਦਰ ਸਿੰਘ ਭਾਟੀਆ ਅਤੇ ਪੰਜਾਬ ਲਘੂ ਉਦਯੋਗ ਅਤੇ …