ਅੰਮ੍ਰਿਤਸਰ, 24 ਅਕਤੂਬਰ (ਖੁਰਮਣੀਆਂ) – ਖ਼ਾਲਸਾ ਕਾਲਜ ਗਵਰਨਿੰਗ ਕੌਂਸਲ ਅਧੀਨ ਖ਼ਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਨੇ 128ਵਾਂ ਸਥਾਪਨਾ
ਦਿਵਸ ਮਨਾਇਆ ਗਿਆ।ਸਵੇਰ ਦੀ ਪ੍ਰਾਰਥਨਾ ਸਭਾ ਉਪਰੰਤ ਗੁਰਬਾਣੀ ਦਾ ਜਾਪ ਅਤੇ ਅਰਦਾਸ ਕਰਨ ਉਪਰੰਤ ਸਕੂਲ ਪ੍ਰਿੰਸੀਪਲ ਡਾ. ਇੰਦਰਜੀਤ ਸਿੰਘ ਗੋਗੋਆਣੀ ਵਲੋਂ ਅਧਿਆਪਕਾਂ ਅਤੇ ਵਿਦਿਆਰਥੀਆਂ ਨੂੰ ਕੌਂਸਲ ਵਲੋਂ ਵਧਾਈ ਦੇਂਦਿਆਂ ਕਿਹਾ ਕਿ ਇਹ ਸੰਸਥਾ 23 ਅਕਤੂਬਰ 1893 ਨੂੰ ਖ਼ਾਲਸਾ ਕਾਲਜ ਮਿਡਲ ਸਕੂਲ ਵਜੋਂ ਹੋਂਦ ’ਚ ਆਈ ਤੇ ਇਹ ਹੋਰ ਮਾਣ ਵਾਲੀ ਗੱਲ ਹੈ ਕਿ ਇਹ ਸੰਸਥਾ ਕੌਂਸਲ ਦੀ ਉਸ ਸਮੇਂ ਦੀ ਪਲੇਠੀ ਸੰਸਥਾ ਸੀ।
ਕੌਂਸਲ ਦੇ ਪ੍ਰਧਾਨ ਸਤਿਆਜੀਤ ਸਿੰਘ ਮਜੀਠੀਆ ਅਤੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਵਲੋਂ ਜਾਰੀ ਆਪਣੇ ਸੰਦੇਸ਼ ’ਚ ਅਧਿਆਪਕਾਂ ਅਤੇ ਬੱਚਿਆਂ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਉਹਨਾਂ ਦੀ ਕਾਬਲੀਅਤ ਅਤੇ ਦ੍ਰਿੜਤਾ ਸਦਕਾ ਹੀ ਇਹ ਸੰਸਥਾ ਵਿੱਦਿਅਕ, ਖੇਡਾਂ, ਧਾਰਮਿਕ ਅਤੇ ਸੱਭਿਆਚਾਰ ਪਖੋਂ ਬੁਲੰਦੀਆਂ ਛੂਹ ਰਹੀ ਹੈ।
ਡਾ. ਗੋਗੋਆਣੀ ਨੇ ਕਿਹਾ ਕਿ ਇਸ ਸਮੇਂ ਸਕੂਲ ’ਚ ਲਗਪਗ 3000 ਦੇ ਕਰੀਬ ਵਿਦਿਆਰਥੀ ਵਿੱਦਿਆ ਹਾਸਲ ਕਰ ਰਹੇ ਹਨ।ਵਿੱਦਿਆ ਦੀ ਮਹਾਨਤਾ ਸਬੰਧੀ ਰੈਡ ਆਰਟਸ ਪੰਜਾਬ ਥੀਏਟਰ ਗਰੁੱਪ ਵਲੋਂ ‘ਵਹਿੰਗੀ’ ਨਾਟਕ ਦਾ ਮੰਚਨ ਕੀਤਾ ਗਿਆ।ਫਿਲਮੀ ਕਲਾਕਾਰ ਤੇ ਰੰਗ ਮੰਚ ਅਦਾਕਾਰ ਧਰਮਿੰਦਰ ਗਿੱਲ, ਮਲਕੀਤ ਮਹਿਰਾ ਅਤੇ ਹਰਿੰਦਰ ਰਿਬਲ ਵਲੋਂ ਬੜੇ ਪ੍ਰਭਾਵਸ਼ਾਲੀ ਅਤੇ ਵਿਅੰਗਮਈ ਢੰਗ ਨਾਲ ਨਾਟਕ ਦਾ ਮੰਚਨ ਕਰਦਿਆਂ ਵਿਦਿਆਰਥੀਆਂ ਨੂੰ ਪੜ੍ਹਾਈ ਪ੍ਰਤੀ ਜਾਗਰੂਕ ਕੀਤਾ ਗਿਆ।
ਉਨ੍ਹਾਂ ਨਾਟਕ ’ਚ ਬੜੇ ਪ੍ਰਭਾਵਸ਼ਾਲੀ ਢੰਗ ਨਾਲ ਸੰਦੇਸ਼ ਦਿੰਦਿਆਂ ਕਿਹਾ ਕਿ ਜਿਸ ਮਕਾਨ ਦੀ ਨੀਂਹ ਮਜ਼ਬੂਤ ਹੁੰਦੀ ਹੈ ਉਹ ਹੀ ਮਕਾਨ ਬਹੁਮੰਜ਼ਲੀ ਬਣਦਾ ਹੈ।ਸਕੂਲ ਨੀਂਹਾਂ ਮਜ਼ਬੂਤ ਕਰਦਾ ਹੈ ਤਾਂ ਜੋ ਅੱਗੇ ਕਾਲਜ ਅਤੇ ਯੂਨੀਵਰਸਿਟੀ ’ਚ ਜਾ ਕੇ ਵਿਦਿਆਰਥੀ ਉਚ ਵਿੱਦਿਆ ਹਾਸਲ ਕਰਦਾ ਹੈ। ਉਨ੍ਹਾਂ ਕਿਹਾ ਕਿ ਹਰ ਕੰਮ ਸਿੱਖਣ ਲਈ ਜ਼ਿੰਦਗੀ ’ਚ ਗੁਰੂ ਧਾਰਨ ਕਰਨਾ ਪੈਂਦਾ ਹੈ, ਵਿਦਿਆਰਥੀਆਂ ਅਤੇ ਮਾਪਿਆਂ ਨੂੰ ਅਧਿਆਪਕਾਂ ਦਾ ਸਤਿਕਾਰ ਕਰਨਾ ਚਾਹੀਦਾ ਹੈ, ਕਿਉਕਿ ਮਾਪੇ ਬੱਚੇ ਨੂੰ ਜਨਮ ਦਿੰਦੇ ਹਨ ਜਦ ਕਿ ਅਧਿਆਪਕ ਬੱਚੇ ਦੀ ਜ਼ਿੰਦਗੀ ਬਣਾਉਦੇ ਹਨ।ਅਸਲ ਜੀਵਨ ’ਚ ਬੱਚੇ ਹੀ ਮਾਪਿਆਂ ਦਾ ਬੁਢਾਪੇ ’ਚ ਸਹਾਰਾ ਬਣਦੇ ਹਨ।
ਉਨ੍ਹਾਂ ਕਿਹਾ ਕਿ ਅਧਿਆਪਕ ਤੁਹਾਨੂੰ ਪੜਾਉਣ ਦੇ ਨਾਲ-ਨਾਲ ਤੁਹਾਡੇ ਅੰਦਰਲਾ ਇਨਸਾਨ ਜਗਾ ਕੇ ਤੁਹਾਡੀ ਜ਼ਿੰਦਗੀ ’ਚ ਚਾਨਣ ਬਿਖੇਰਦੇ ਹਨ। ਆਖ਼ਰ ’ਚ ਉਨ੍ਹਾਂ ਨੇ ਨਾਟਕ ’ਚ ਵਿਅੰਗ ਕੱਸਦਿਆਂ ਕਿਹਾ ਕਿ ਸਰਕਾਰ ਨੂੰ ਵੀ ਪੜ੍ਹਿਆ ਲਿਖਿਆ ਨੂੰ ਨੌਕਰੀਆਂ ਦੇ ਕੇ ਰੁਜ਼ਗਾਰ ਦੇਣਾ ਚਾਹੀਦਾ ਹੈ।
ਡਾ. ਗੋਗੋਆਣੀ ਵਲੋਂ ਨਾਟਕ ਦਾ ਮੰਚਨ ਕਰਨ ਆਏ ਕਲਾਕਾਰਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ।
Check Also
ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ
ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …
Punjab Post Daily Online Newspaper & Print Media