ਇਤਿਹਾਸਕ ਗੁਰਦੁਆਰਿਆਂ ਹੋਣਗੇ ਅੰਮ੍ਰਿਤ ਸੰਚਾਰ ਸਮਾਗਮ – ਬੀਬੀ ਜਗੀਰ ਕੌਰ
ਅੰਮ੍ਰਿਤਸਰ, 25 ਅਕਤੂਬਰ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸੌ ਸਾਲਾ ਸ਼ਤਾਬਦੀ ਵਰ੍ਹੇ ਨੂੰ ਸਮਰਪਿਤ ਗੁਰਦੁਆਰਾ ਸੁਧਾਰ ਲਹਿਰ ਦੇ
ਸ਼ਹੀਦਾਂ ਦੀ ਯਾਦ ਵਿਚ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸਿੱਖ ਮਿਸ਼ਨਰੀ ਕਾਲਜਾਂ ਦਾ ਇਕ ਵਿਸ਼ਾਲ ਗੁਰਮਤਿ ਸਮਾਗਮ ਕਰਵਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਿੱਖ ਕੌਮ ਦੀ ਧਾਰਮਿਕ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ ਦੀ ਸਥਾਪਨਾ ਨੂੰ ਸੌ ਸਾਲ ਪੂਰਾ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਇਹ ਪੂਰਾ ਸਾਲ ਸ਼੍ਰੋਮਣੀ ਕਮੇਟੀ ਦੇ ਸਥਾਪਨਾ ਵਰ੍ਹੇ ਨੂੰ ਸਮਰਪਿਤ ਸੀ, ਜਿਸ ਤਹਿਤ ਵੱਖ-ਵੱਖ ਗੁਰਮਤਿ ਸਮਾਗਮ ਕਰਵਾਏ ਗਏ।ਬੀਬੀ ਜਗੀਰ ਕੌਰ ਨੇ ਦੱਸਿਆ ਕਿ ਇਸੇ ਲੜੀ ਤਹਿਤ ਗੁਰਦੁਆਰਾ ਸੁਧਾਰ ਲਹਿਰ ਦੇ ਸਮੂਹ ਸ਼ਹੀਦਾਂ ਦੀ ਯਾਦ ਵਿਚ ਸਿੱਖ ਮਿਸ਼ਨਰੀ ਕਾਲਜਾਂ ਦੇ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਵਿਸ਼ਾਲ ਗੁਰਮਤਿ ਸਮਾਗਮ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ 26 ਅਕਤੂਬਰ ਨੂੰ ਹੋਵੇਗਾ, ਜਿਸ ਵਿਚ 56 ਦੇ ਕਰੀਬ ਸਿੱਖ ਮਿਸ਼ਨਰੀ ਕਾਲਜ ਹਿੱਸਾ ਲੈਣਗੇ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਧਰਮ ਪ੍ਰਚਾਰ ਕਮੇਟੀ ਵੱਲੋਂ ਆਰੰਭੀ ਗਈ ‘ਘਰਿ ਘਰਿ ਅੰਦਰ ਧਰਮਸਾਲ’ ਲਹਿਰ ਤਹਿਤ ਧਰਮ ਪ੍ਰਚਾਰ ਕਮੇਟੀ ਦਾ ਲਗਭਗ 150 ਪ੍ਰਚਾਰਕ ਜਥਾ ਲਗਾਤਾਰ ਕਾਰਜਸ਼ੀਲ ਹੈ, ਜਿਸ ਨੂੰ ਸੰਗਤਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਸੰਗਤਾਂ ਵੱਲੋਂ ਪੁੱਜਦੀ ਮੰਗ ਨੂੰ ਮੁੱਖ ਰੱਖਦਿਆਂ ਸਿੱਖ ਮਿਸ਼ਨਰੀ ਕਾਲਜਾਂ ਨੂੰ ਵੀ ਇਸ ਲਹਿਰ ਵਿਚ ਸਹਿਯੋਗੀ ਬਣਾਇਆ ਜਾਵੇਗਾ, ਤਾਂ ਜੋ ਹੋਰ ਵਧੇਰੇ ਜਥੇ ਸੰਗਤਾਂ ਵਿਚ ਸਿੱਖੀ ਦਾ ਪ੍ਰਚਾਰ ਕਰ ਸਕਣ।ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਦੱਸਿਆ ਕਿ ਇਸ ਲਹਿਰ ਤਹਿਤ ਜਿਥੇ ਸੰਗਤਾਂ ਨੂੰ ਗੁਰਬਾਣੀ ਸੰਥਿਆ ਕਰਵਾਈ ਜਾ ਰਹੀ ਹੈ, ਉਥੇ ਘਰ ਘਰ ਤੱਕ ਪਹੁੰਚ ਕਰਕੇ ਨੌਜੁਆਨਾਂ ਨੂੰ ਕੇਸ ਰੱਖਣ ਅਤੇ ਅੰਮ੍ਰਿਤ ਛਕਣ ਲਈ ਵੀ ਪ੍ਰੇਰਿਆ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ 50 ਹਜ਼ਾਰ ਦੇ ਕਰੀਬ ਪ੍ਰਾਣੀ ਅੰਮ੍ਰਿਤ ਦੀ ਦਾਤ ਪ੍ਰਾਪਤ ਕਰ ਚੁੱਕੇ ਹਨ।
ਬੀਬੀ ਜਗੀਰ ਕੌਰ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਸ੍ਰੀ ਗੁਰੂ ਰਾਮਦਾਸ ਹਸਪਤਾਲ ਦੇ ਮੁਲਾਜ਼ਮ ਜਿਨ੍ਹਾਂ ਨੇ ਕੋਰੋਨਾ ਮਹਾਂਮਾਰੀ ਸਮੇਂ ਕੋਰੋਨਾ ਵਾਰਡਾਂ ਵਿਚ ਸੇਵਾਵਾਂ ਨਿਭਾਈਆਂ ਸਨ, ਉਨ੍ਹਾਂ ਨੂੰ ਇਕ ਸਪੈਸ਼ਲ ਤਰੱਕੀ ਦੇਣ ਦਾ ਫੈਸਲਾ ਵੀ ਕੀਤਾ ਸੀ।ਉਨ੍ਹਾਂ ਦੱਸਿਆ ਕਿ ਇਸ ਵਿਚ ਵਾਧਾ ਕਰਦਿਆਂ ਹਸਪਤਾਲ ਪ੍ਰਸ਼ਾਸਨ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਸਾਰੇ ਮੁਲਾਜ਼ਮਾਂ ਦੀਆਂ ਲਿਸਟਾਂ ਤਿਆਰ ਕਰਕੇ ਸਬੰਧਤ ਵਿਭਾਗ ਦੇ ਮੁਖੀਆਂ ਤੋਂ ਤਸਦੀਕ ਕਰਵਾ ਕੇ ਭੇਜੀਆ ਜਾਣ, ਜਿਨ੍ਹਾਂ ਨੇ ਕਿਸੇ ਵੀ ਰੂਪ ਵਿਚ ਕੋਰੋਨਾ ਕਾਲ ਸਮੇਂ ਸੇਵਾਵਾਂ ਨਿਭਾਈਆਂ ਹਨ।ਉਨ੍ਹਾਂ ਸਾਰੇ ਮੁਲਾਜ਼ਮਾਂ ਨੂੰ ਵੀ ਇਕ-ਇਕ ਸਪੈਸ਼ਲ ਤਰੱਕੀ ਦਿੱਤੀ ਜਾਵੇਗੀ।
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਭਾਈ ਮਨਜੀਤ ਸਿੰਘ ਭੂਰਾਕੋਹਨਾ, ਮੀਤ ਸਕੱਤਰ ਮੀਡੀਆ ਕੁਲਵਿੰਦਰ ਸਿੰਘ ਰਮਦਾਸ, ਓ.ਐਸ.ਡੀ ਡਾ. ਸੁਖਬੀਰ ਸਿੰਘ, ਮਲਕੀਤ ਸਿੰਘ ਬਹਿੜਵਾਲ ਮੌਜ਼ੂਦ ਸਨ।
Punjab Post Daily Online Newspaper & Print Media